ਨਵੀਂ ਦਿੱਲੀ, ਏਐੱਨਆਈ : ਦੇਸ਼ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਇਕ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਕੋਵਿਡ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਕੋਵਿਡ-19 ਲਈ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਸ਼ਾਮ ਸੂਬੇ ਦੇ ਸਿਹਤ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਨਗੇ।
10-11 ਅਪ੍ਰੈਲ ਨੂੰ ਮੌਕ ਡਰਿੱਲ ਦੀ ਯੋਜਨਾ
ਇਸ ਮੀਟਿੰਗ ਵਿਚ ਮੌਕ ਡਰਿੱਲ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਕਿਉਂਕਿ 10-11 ਅਪ੍ਰੈਲ ਨੂੰ ਦੇਸ਼ ਵਿਆਪੀ ਮੌਕ ਡਰਿੱਲ ਕਰਵਾਈ ਜਾ ਰਹੀ ਹੈ, ਜਿਸ ਵਿਚ ਸਾਰੇ ਜ਼ਿਲ੍ਹਿਆਂ ਦੇ ਸਿਹਤ ਕੇਂਦਰਾਂ ਵੱਲੋਂ ਭਾਗ ਲੈਣ ਦੀ ਸੰਭਾਵਨਾ ਹੈ। ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਮੀਟਿੰਗ ਬਹੁਤ ਮਹੱਤਵਪੂਰਨ ਹੈ।
ਕੋਰੋਨਾ ਦੇ 1805 ਨਵੇਂ ਮਾਮਲੇ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੋਰੋਨਾ ਦੇ 1,805 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 134 ਦਿਨਾਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ 10,000 ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੋਮਵਾਰ ਨੂੰ ਅਪਡੇਟ ਕੀਤੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਲਗਾਤਾਰ ਛੇਵੇਂ ਦਿਨ ਕੋਰੋਨਾ ਦੇ ਇਕ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਰੋਜ਼ਾਨਾ ਪਾਜ਼ੇਟੀਵਿਟੀ ਦਰ 3.19 ਫੀਸਦੀ
ਰੋਜ਼ਾਨਾ ਪਾਜ਼ੇਟੀਵਿਟੀ ਦਰ 3.19 ਪ੍ਰਤੀਸ਼ਤ ਹੈ, ਜਦੋਂਕਿ ਹਫ਼ਤਾਵਾਰੀ ਪਾਜ਼ੇਟੀਵਿਟੀ ਦਰ 1.39 ਫੀਸਦੀ ਹੈ। ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ’ਚ ਕਿਹਾ ਗਿਆ ਹੈ ਕਿ ਐਕਟਿਵ ਕੇਸ 10,300 ਹੋ ਗਏ ਹਨ। ਐਤਵਾਰ ਨੂੰ ਸਿਹਤ ਮੰਤਰਾਲੇ ਨੇ ਸਰਗਰਮ ਮਾਮਲਿਆਂ ਦੀ ਗਿਣਤੀ 9,433 ਸੀ।
ਕੋਵਿਡ ਰਿਕਵਰੀ ਦਰ 98.79 ਫੀਸਦੀ
ਅੰਕੜੇ ਦੱਸਦੇ ਹਨ ਕਿ ਕੋਵਿਡ ਕੇਸਾਂ ਦੀ ਕੁੱਲ ਗਿਣਤੀ 4.47 ਕਰੋੜ (4,47,05,952) ਹੈ। ਸਿਹਤ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ ਸਰਗਰਮ ਕੇਸਾਂ ਵਿਚ ਹੁਣ ਕੁੱਲ ਲਾਗਾਂ ਦਾ 0.02 ਫ਼ੀਸਦੀ ਸ਼ਾਮਿਲ ਹੈ, ਜਦੋਂਕਿ ਰਾਸ਼ਟਰੀ ਕੋਵਿਡ ਰਿਕਵਰੀ ਦਰ 98.79 ਪ੍ਰਤੀਸ਼ਤ ਦਰਜ ਕੀਤੀ ਗਈ ਹੈ।