ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਬਦਕਿਸਮਤੀ ਨਾਲ ਜੱਜਾਂ ਖ਼ਿਲਾਫ਼ ਦੋਸ਼ ਲਗਾਉਣਾ ਹੁਣ ਨਵਾਂ ਫੈਸ਼ਨ ਬਣਦਾ ਜਾ ਰਿਹਾ ਹੈ ਤੇ ਜੱਜ ਜਿੰਨਾ ਤਾਕਤਵਾਰ ਹੁੰਦਾ ਹੈ, ਉਸ ਖ਼ਿਲਾਫ਼ ਦੋਸ਼ ਓਨੇ ਹੀ ਵੱਡੇ ਹੁੰਦੇ ਹਨ।
ਜਸਟਿਸ ਡੀਵਾਈ ਚੰਦਰਚੂਡ਼ ਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦਾ ਬੈਂਚ ਇਕ ਵਕੀਲ ਦੀ ਅਪੀਲ ’ਤੇ ਸੁਣਵਾਈ ਕਰ ਰਿਹਾ ਸੀ ਜਿਨ੍ਹਾਂ ਨੂੰ ਮਦਰਾਸ ਹਾਈ ਕੋਰਟ ਨੇ ਹੁਕਮ ਅਦੂਲੀ ਦਾ ਦੋਸ਼ੀ ਠਹਿਰਾਇਆ ਹੈ ਤੇ ਦੋ ਹਫ਼ਤਿਆਂ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਜੱਜਾਂ ਦੇ ਖ਼ਿਲਾਫ਼ ਦੋਸ਼ ਲਗਾਇਆ ਜਾਣਾ ਆਮ ਹੈ ਤੇ ਹੁਣ ਇਹ ਬਾਂਬੇ (ਮੁੰਬਈ) ਤੇ ਮਦਰਾਸ (ਚੇਨਈ) ’ਚ ਵੀ ਹੋ ਰਿਹਾ ਹੈ। ਬੈਂਚ ਨੇ ਕਿਹਾ ਕਿ ਅਪੀਲ ਕਰਤਾ ਦਾ ਆਚਰਣ ਪੂਰੀ ਤਰ੍ਹਾਂ ਹੁਕਮ ਅਦੂਲੀ ਵਾਲਾ ਸੀ। ਅਪੀਲ ਕਰਤਾ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਵਾਲੇ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਜੱਜ ਦੇ ਖਿਲਾਫ਼ ਮਨਮਾਨੇ ਦੋਸ਼ ਲਗਾਉਣ ਦੇ ਇਲਾਵਾ ਬਾਅਦ ਦੀ ਕਾਰਵਾਈ ਦੀ ਸੁਣਵਾਈ ਕਰ ਰਹੇ ਜੱਜਾਂ ’ਚੋਂ ਇਕ ਨੂੰ ਬੈਂਚ ਤੋਂ ਹਟਾਉਣ ਦੀ ਮੰਗ ਵੀ ਪੂਰੀ ਤਰ੍ਹਾਂ ਗ਼ਲਤ ਆਧਾਰ ’ਤੇ ਕੀਤੀ ਗਈ ਸੀ। ਬੈਂਚ ਨੇ ਅੱਗੇ ਕਿਹਾ ਕਿ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ। ਦੇਸ਼ ਭਰ ’ਚ ਜੱਜਾਂ ’ਤੇ ਹਮਲੇ ਹੁੰਦੇ ਹਨ ਤੇ ਜ਼ਿਲ੍ਹਾ ਨਿਆਪਾਲਿਕਾ ’ਚ ਕਦੇ-ਕਦੇ ਉਨ੍ਹਾਂ ਦੀ ਸੁਰੱਖਿਆ ਲਈ ਲਾਠੀ ਵਾਲਾ ਪੁਲਿਸ ਮੁਲਾਜ਼ਮ ਵੀ ਨਹੀਂ ਹੁੰਦਾ। ਮਦਰਾਸ ਹਾਈ ਕੋਰਟ ਨੇ ਅਪੀਲ ਕਰਤਾ ਵਕੀਲ ਨੂੰ ਇਕ ਸਾਲ ਤਕ ਪ੍ਰੈਕਟਿਸ ਨਹੀਂ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ।