ਜਾਗਰਣ ਬਿਊਰੋ, ਨਵੀਂ ਦਿੱਲੀ : ਸਰਕਾਰੀ ਮਹਾਰਤਨ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ 61,077 ਕਰੋੜ ਰੁਪਏ ਦੀ ਲਾਗਤ ਨਾਲ ਪਾਰਾਦੀਪ (ਓਡੀਸ਼ਾ) ’ਚ ਪੈਟਰੋ ਰਸਾਇਣ ਕੰਪਲੈਕਸ ਲਗਾਏਗੀ। ਇਸ ਬਾਰੇ ਪਹਿਲੇ ਪੜਾਅ ਦੀ ਤਜਵੀਜ਼ ਨੂੰ ਕੰਪਨੀ ਦੇ ਬੋਰਡ ਨੇ ਮਨਜ਼ੂਰੀ ਦੇ ਦਿੱਤੀ। ਇਹ ਕਿਸੇ ਵੀ ਸਰਕਾਰੀ ਕੰਪਨੀ ਵੱਲੋਂ ਕਿਸੇ ਇਕ ਪ੍ਰਾਜੈਕਟ ’ਚ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਨਿਵੇਸ਼ ਹੋਵੇਗਾ। ਇਸ ਜ਼ਰੀਏ ਆਈਓਸੀ ਭਵਿੱਖ ’ਚ ਊਰਜਾ ਖੇਤਰ ’ਚ ਹੋ ਰਹੇ ਬਦਲਾਅ ਦੇ ਮੱਦੇਨਜ਼ਰ ਖ਼ੁਦ ਨੂੰ ਤਿਆਰ ਕਰ ਰਹੀ ਹੈ। ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਪੈਟਰੋ ਰਸਾਇਣ ਕੰਪਲੈਕਸ ’ਚ ਇਕ ਭਰੋਸੇਯੋਗ ਕ੍ਰੈਕਰ ਯੂਨਿਟ ਹੋਵੇਗੀ ਤੇ ਨਾਲ ਹੀ ਪਾਲੀ ਪ੍ਰੋਪੀਲੀਨ, ਹਾਈ ਡੈਂਸਿਟੀ ਪੋਲੀਥੀਲੀਨ, ਲੀਨੀਅਰ ਲੋਅ-ਡੈਂਸਿਟੀ ਪੋਲੀਥੀਲਾਈਨ ਵਰਗੇ ਪੈਟਰੋ ਰਸਾਇਣ ਦਾ ਨਿਰਮਾਣ ਕੀਤਾ ਜਾਵੇਗਾ।
ਆਈਓਸੀ ਦਾ ਇਹ ਪ੍ਰਾਜੈਕਟ ਆਲਮੀ ਪੈਟਰੋ ਰਸਾਇਣ ਬਾਜ਼ਾਰ ’ਚ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਬਣਾਏਗਾ। ਇਸ ਨਾਲ ਦੇਸ਼ ਦੇ ਪਰਸਨਲ ਕੇਅਰ, ਪੇਂਟ, ਫਾਰਮਾ, ਪਲਾਸਟਿਕ, ਖੇਤੀ ਰਸਾਇਣ ਵਰਗੇ ਉਦਯੋਗਾਂ ਨੂੰ ਘਰੇਲੂ ਪੱਧਰ ’ਤੇ ਵੀ ਕੱਚੇ ਮਾਲ ਮੁਹੱਈਆ ਹੋ ਸਕਣਗੇ। ਆਈਓਸੀ ਨੇ ਇਹ ਯੋਜਨਾ ਉਦੋਂ ਬਣਾਈ ਹੈ ਜਦੋਂ ਹਾਲ ਦੇ ਦਿਨਾਂ ’ਚ ਹੋਏ ਕਈ ਅਧਿਐਨਾਂ ’ਚ ਇਹ ਦੱਸਿਆ ਗਿਆ ਹੈ ਕਿ ਪੈਟਰੋ ਰਸਾਇਣ ਦੀ ਮੰਗ ਆਉਣ ਵਾਲੇ ਦਿਨਾਂ ’ਚ ਕਾਫ਼ੀ ਤੇਜ਼ੀ ਨਾਲ ਵਧੇਗੀ। ਸਾਲ 2035 ਤੱਕ ਆਲਮੀ ਪੈਟਰੋ ਰਸਾਇਣ ਬਾਜ਼ਾਰ 861 ਅਰਬ ਡਾਲਰ ਦਾ ਹੋਵੇਗਾ ਤੇ ਭਾਰਤ ਉਦੋਂ ਤੱਕ ਇਸ ਸੈਕਟਰ ਦੇ ਇਕ ਵੱਡੇ ਕੇਂਦਰ ਵਜੋਂ ਸਥਾਪਿਤ ਹੋ ਜਾਵੇਗਾ।
----------------
ਕੰਪਨੀ ਨੇ ਪੀਐੱਮ ਨਰਿੰਦਰ ਮੋਦੀ ਦੇ ਵਿਜ਼ਨ ਪੂਰਬ ਉਦੈ ਦੇ ਮੰਤਰ ਦੇ ਹਿਸਾਬ ਨਾਲ ਹੀ ਇੰਨਾ ਵੱਡਾ ਪ੍ਰਾਜੈਕਟ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਪੂਰਬੀ ਭਾਰਤ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ। ਇਸ ਨਾਲ ਆਤਮ-ਨਿਰਭਰ ਭਾਰਤ ਯੋਜਨਾ ਤਹਿਤ ਕਈ ਸੈਕਟਰਾਂ ਨੂੰ ਵੀ ਉਤਸ਼ਾਹ ਮਿਲੇਗਾ।
- ਐੱਸਐੱਸ ਵੈਦਯ, ਚੇਅਰਮੈਨ, ਆਈਓਸੀ।