ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟੇ ਅਨਾਜਾਂ (ਸ਼੍ਰੀਅੰਨ) ਨੂੰ ਹੁਲਾਰਾ ਦੇਣ ਦੀ ਮੁਹਿੰਮ ਨੂੰ ਦੇਸ਼ ਦੇ ਲਗਪਗ ਢਾਈ ਕਰੋੜ ਸਰਹੱਦੀ ਕਿਸਾਨਾਂ ਲਈ ਵਰਦਾਨ ਦੱਸਿਆ। ਉਨ੍ਹਾਂ ਕਿਹਾ ਕਿ ਸੁਤੰਤਰਤਾ ਤੋਂ ਬਾਅਦ ਦੇਸ਼ ’ਚ ਪਹਿਲੀ ਵਾਰ ਸ਼੍ਰੀਅੰਨ ਦੇ ਕਿਸਾਨਾਂ ਦੀਆਂ ਲੋੜਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ਼ਨਿਚਰਵਾਰ ਨੂੰ ਪੂਸਾ ਸਥਿਤ ਭਾਰਤੀ ਕ੍ਰਿਸ਼ੀ ਖੋਜ ਕੇਂਦਰ ਸੰਸਥਾਨ ’ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਇਥੀਓਪੀਆ ਦੇ ਰਾਸ਼ਟਰਪਤੀ ਸਾਹਲੇ-ਵਰਕ ਜੇਵਡੇ ਤੇ ਗੁਆਨਾ ਦੇ ਰਾਸ਼ਟਰਪਤੀ ਡਾ. ਮੁਹੰਮਦ ਇਰਫਾਨ ਅਲੀ ਨੇ ਵੀ ਸੰਬੋਧਨ ਕੀਤਾ। ਖੁਰਾਕੀ ਸੁਰੱਖਿਆ ਤੇ ਪੋਸ਼ਣ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਕਰਵਾਏ ਇਸ ਪ੍ਰੋਗਰਾਮ ’ਚ ਛੇ ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਸਮੇਤ ਸੌ ਤੋਂ ਵੱਧ ਦੇਸ਼ਾਂ ਦੇ ਖੇਤੀਬਾੜੀ ਵਿਗਿਆਨੀਆਂ ਨੇ ਹਿੱਸਾ ਲਿਆ। ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਦੀ ਪਹਿਲ ’ਤੇ 2023 ਨੂੰ ਮਿਲੇਟ ਸਾਲ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀਅੰਨ ਦੇਸ਼ ਦੇ ਬਰਾਬਰ ਵਿਕਾਸ ਦਾ ਮਾਧਿਅਮ ਬਣ ਰਿਹਾ ਹੈ। ਇਸ ਵਿਚ ਪਿੰਡ ਤੇ ਗਰੀਬ ਦੋਵੇਂ ਜੁੜੇ ਹਨ। ਇਹ ਕਰੋੜਾਂ ਲੋਕਾਂ ਦੇ ਪੋਸ਼ਣ ਦਾ ਆਧਾਰ ਹੈ। ਵਾਤਾਵਰਨ ਤਬਦੀਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਮਾਧਿਅਮਾਂ ਨੂੰ ਇਸ ਨਾਲ ਜੋੜਦੇ ਹੋਏ ਪ੍ਰਧਾਨ ਮੰਤਰੀ ਨੇ ਵਿਦੇਸ਼ੀ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਸ਼੍ਰੀਅੰਨ ਸਿਰਫ ਖਾਣੇ ਜਾਂ ਖੇਤੀ ਤਕ ਹੀ ਸੀਮਤ ਨਹੀਂ ਹੈ। ਭਾਰਤੀ ਪਰੰਪਰਾ ’ਚ ਇਹ ਪਿੰਡ-ਗਰੀਬਾਂ ਨਾਲ ਵੀ ਜੁੜਿਆ ਹੈ। ਛੋਟੇ ਕਿਸਾਨਾਂ ਲਈ ਖੁਸ਼ਹਾਲੀ ਦਾ ਦੁਆਰ, ਕਰੋੜਾਂ ਲੋਕਾਂ ਦੇ ਪੋਸ਼ਣ ਦਾ ਆਧਾਰ ਤੇ ਆਦੀਵਾਸੀਆਂ ਦਾ ਸਨਮਾਨ ਹੈ। ਇਨ੍ਹਾਂ ਨੂੰ ਆਮ ਜ਼ਮੀਨ ਤੇ ਘੱਟ ਪਾਣੀ ’ਚ ਵੀ ਉਗਾਇਆ ਜਾ ਸਕਦਾ ਹੈ। ਇਹ ਰਸਾਇਣ ਮੁਕਤ ਹਨ। ਉਪਜਾਊ ਸ਼ਕਤੀ ਨੂੰ ਵੀ ਵਧਾਉਂਦੇ ਹਨ। ਖੇਤੀ ਲਈ ਖਾਦ ਦੀ ਲੋੜ ਨਹੀਂ ਪੈਂਦੀ। ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਮਦਦਗਾਰ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤ ਤੋਂ ਬਾਜ਼ਾਰ ਤਕ ਸ਼੍ਰੀਅੰਨ ਦੀ ਨਵੀਂ ਸਪਲਾਈ ਲੜੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਹੁਣ ਤਕ ਇਸ ਨਾਲ ਜੁੜੇ ਪੰਜ ਸੌ ਤੋਂ ਵੱਧ ਸਟਾਰਟਅਪਸ ਆ ਚੁੱਕੇ ਹਨ। ਵੱਡੀ ਗਿਣਤੀ ’ਚ ਐੱਫਪੀਓ ਵੀ ਆ ਰਹੇ ਹਨ। ਮਹਿਲਾਵਾਂ ਵੀ ਉਤਪਾਦ ਬਣਾ ਰਹੀਆਂ ਹਨ, ਜੋ ਮਾਲ ਤੇ ਸੁਪਰਮਾਰਕੀਟਾਂ ’ਚ ਜਾ ਰਹੇ ਹਨ। ਖੇਤੀ ਤੇ ਕਾਰੋਬਾਰ ਦਾ ਘੇਰਾ ਵਧੇਗਾ ਤਾਂ ਕਿਸਾਨਾਂ ਦੀ ਆਮਦਨ ਤੇ ਪੇਂਡੂ ਅਰਥਵਿਵਸਥਾ ਨੂੰ ਸੁਪੋਰਟ ਮਿਲੇਗੀ। ਇਸ ਨਾਲ ਸਬੰਧਤ ਉਤਪਾਦਾਂ ਦੀ ਵਿਕਰੀ ’ਚ 30 ਫੀਸਦੀ ਦਾ ਵਾਧਾ ਹੋਇਆ ਹੈ। ਇਕ ਜ਼ਿਲ੍ਹਾ-ਇਕ ਉਤਪਾਦ ਦੇ ਤਹਿਤ 19 ਜ਼ਿਲ੍ਹਿਆਂ ਨੂੰ ਸ਼੍ਰੀਅੰਨ ਲਈ ਚੁਣਿਆ ਗਿਆ ਹੈ।