ਨਵੀਂ ਦਿੱਲੀ, ਏਐੱਨਆਈ ; ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਇਤਰਾਜ਼ਯੋਗ ਪੋਸਟਰ ਚਿਪਕਾਉਣ ਦੇ ਦੋਸ਼ ’ਚ 6 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ’ਚ 100 ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਇਸ ਮਾਮਲੇ ’ਚ ਖੁਦ ਨੂੰ ਘਿਰਦਿਆਂ ਦੇਖ ਕੇ ਆਮ ਆਦਮੀ ਪਾਰਟੀ ਨੇ ਮੋਦੀ ਸਰਕਾਰ ’ਤੇ ਤਾਨਾਸ਼ਾਹੀ ਦਾ ਦੋਸ਼ ਲਾਉਂਦਿਆਂ ਹਮਲਾ ਬੋਲਿਆ ਹੈ।
‘ਆਪ’ ਦਫਤਰ ਤੋਂ ਨਿਕਲੀ ਗੱਡੀ ’ਚੋਂ ਮਿਲੇ ਪੋਸਟਰ
ਸਪੈਸ਼ਲ ਸੀਪੀ ਦੀਪੇਂਦਰ ਪਾਠਕ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦਿੱਤੀ ਜਾਣਕਾਰੀ ਅਨੁਸਾਰ ਪੋਸਟਰਾਂ ਵਿਚ ਪਿ੍ਰੰਟਿੰਗ ਪ੍ਰੈਸ ਦਾ ਵੇਰਵਾ ਨਹੀਂ ਸੀ। ਇਸ ਮਾਮਲੇ ਵਿਚ ਪਿ੍ਰੰਟਿੰਗ ਪ੍ਰੈਸ ਐਕਟ ਤੇ ਜਾਇਦਾਦ ਦੀ ਦੁਰਵਰਤੋਂ ਐਕਟ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਦਫਤਰ ਤੋਂ ਬਾਹਰ ਆ ਰਹੀ ਇਕ ਵੈਨ ਨੂੰ ਵੀ ਰੋਕਿਆ ਗਿਆ। ਇਸ ’ਚੋਂ ਕੁਝ ਪੋਸਟਰ ਜ਼ਬਤ ਕੀਤੇ ਗਏ ਅਤੇ ਗਿ੍ਰਫਤਾਰੀਆਂ ਕੀਤੀਆਂ ਗਈਆਂ।
ਇਕ ਪੋਸਟਰ ਤੋਂ ਇੰਨਾ ਡਰ ਕਿਉਂ - ਆਪ
ਪੁਲਿਸ ਦੀ ਕਾਰਵਾਈ ’ਤੇ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਰਾਏ ਦਿੱਤੀ ਹੈ। ਆਪ ਨੇ ਕਿਹਾ, ‘ਮੋਦੀ ਸਰਕਾਰ ਦੀ ਤਾਨਾਸ਼ਾਹੀ ਸਿਖਰ ’ਤੇ ਹੈ! ਇਸ ਪੋਸਟਰ ’ਚ ਇੰਨਾ ਇਤਰਾਜ਼ਯੋਗ ਕੀ ਹੈ ਕਿ ਮੋਦੀ ਜੀ ਨੇ ਇਸ ਨੂੰ ਲਗਾਉਣ ਲਈ 100 ਲੋਕਾਂ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ? ਪ੍ਰਧਾਨ ਮੰਤਰੀ ਮੋਦੀ ਤੁਸੀਂ ਸ਼ਾਇਦ ਨਹੀਂ ਜਾਣਦੇ ਪਰ ਭਾਰਤ ਇਕ ਲੋਕਤੰਤਰੀ ਦੇਸ਼ ਹੈ। ਇਕ ਪੋਸਟਰ ਤੋਂ ਇੰਨਾ ਡਰਿਆ! ਕਿਉਂ?’
ਰੋਜ਼ ਦੀ ਲੜਾਈ ਬੰਦ ਕਰੋ - ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ‘ਦਿੱਲੀ ਦੇ ਹਰ ਕੰਮ ਨੂੰ ਰੋਕਣਾ ਠੀਕ ਨਹੀਂ ਹੈ। ਹੁਣ ਲੋਕ ਸਮਝਣ ਲੱਗ ਪਏ ਹਨ ਅਤੇ ਆਪਣੀ ਆਵਾਜ਼ ਉਠਾਉਣ ਲੱਗ ਪਏ ਹਨ। ਪਲੀਜ਼ ਰੋਜ਼ ਦੀ ਲੜਾਈ ਬੰਦ ਕਰੋ। ਆਓ ਮਿਲ ਕੇ ਦਿੱਲੀ ਦਾ ਵਿਕਾਸ ਕਰੀਏ, ਲੋਕਾਂ ਦੀ ਸੇਵਾ ਕਰੀਏ।’