ਜਾਗਰਣ ਬਿਊਰੋ, ਨਵੀਂ ਦਿੱਲੀ : ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਦੋ ਦਹਾਕੇ ਪਹਿਲਾਂ ਰੋਡ ਸੈਕਟਰ ਨੂੰ ਸੁਧਾਰਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਹੁਣ ਨਰਿੰਦਰ ਮੋਦੀ ਸਰਕਾਰ ਨੇ ਰੇਲ ਸੈਕਟਰ ਨੂੰ ਲੀਹ ’ਤੇ ਲਿਆਉਣ ਦਾ ਬੀੜਾ ਚੁੱਕਿਆ ਹੈ। ਬਜਟ ’ਚ ਰੇਲਵੇ ਨੂੰ ਵੱਡੀ ਰਾਸ਼ੀ ਮਿਲੀ ਹੈ ਤਾਂ ਕੰਮ ਵੀ ਵੱਡੇ-ਵੱਡੇ ਹੋਣੇ ਹਨ। ਇਹ ਦੁਨੀਆ ਦਾ ਪਹਿਲਾ ਰੇਲਵੇ ਹੋਵੇਗਾ, ਜਿਸਦਾ ਟਿਕਟ ਬੁਕਿੰਗ ਤੇ ਕੰਟਰੋਲਿੰਗ ਸਿਸਟਮ 5ਜੀ ਤਕਨੀਕ ’ਤੇ ਆਧਾਰਤ ਹੋਵੇਗਾ। ਆਨਲਾਈਨ ਟਿਕਟ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਸਦੀ ਸਮਰੱਥਾ ’ਚ ਦਸ ਗੁਣਾ ਵਾਧਾ ਕੀਤਾ ਜਾਣਾ ਹੈ। ਹਾਲੇ ਪ੍ਰਤੀ ਮਿੰਟ 25 ਹਜ਼ਾਰ ਟਿਕਟਾਂ ਬਣਦੀਆਂ ਹਨ, ਜਿਸਨੂੰ ਵਧਾ ਕੇ 2.25 ਲੱਖ ਕਰਨਾ ਹੈ। ਪੁੱਛਗਿੱਛ ਦੀ ਸਮਰੱਥਾ ਨੂੰ ਪ੍ਰਤੀ ਮਿੰਟ ਚਾਰ ਲੱਖ ਤੋਂ ਵਧਾ ਕੇ 40 ਲੱਖ ਕਰਨ ਦੀ ਤਿਆਰੀ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਬਜਟ ਦੀਆਂ ਮਦਾਂ ਤੇ ਰੇਲਵੇ ਦੇ ਆਧੁਨਿਕੀਕਰਨ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਰੇਲਵੇ ਦੀ ਯੋਜਨਾ ਯਾਤਰੀ ਰਾਖਵਾਂਕਰਨ ਮੈਨੇਜਮੈਂਟ ਨੂੰ ਬਿਹਤਰ ਕਰਨ ਦੀ ਹੈ। ਟਿਕਟ ਬੁਕਿੰਗ ’ਤੇ ਵੱਡੀ ਖੋਜ ਹੋਈ ਹੈ, ਜਿਸਦੇ ਬਾਅਦ ਟਿਕਟਾਂ ਲੈਣਾ ਆਸਾਨ ਹੋ ਜਾਵੇਗਾ। ਸਾਡਾ ਜ਼ੋਰ ਰੇਲਵੇ ਦੇ ਕਾਇਆਕਲਪ ’ਤੇ ਹੈ। ਅਗਲੇ 30 ਸਾਲਾਂ ਦੇ ਟ੍ਰੈਫਿਕ ਨੂੰ ਧਿਆਨ ’ਚ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ। ਯਾਤਰੀ ਸਹੂਲਤ ਨੂੰ ਧਿਆਨ ’ਚ ਰੱਖ ਕੇ ਤਿੰਨ ਸਾਲਾਂ ਦੇ ਅੰਦਰ ਸਾਰੀਆਂ ਪੁਰਾਣੀਆਂ ਟ੍ਰੇਨਾਂ ਦੇ ਕੋਚ ਬਦਲੇ ਜਾਣਗੇ। ਹਾਲੇ ਢਾਈ ਸੌ ਟ੍ਰੇਨਾਂ ਦੇ ਕੋਚ ਬਦਲ ਦਿੱਤੇ ਗਏ ਹਨ। ਅਗਲੀਆਂ 325 ਟ੍ਰੇਨਾਂ ਦੇ ਕੋਚਾਂ ਨੂੰ ਰਾਜਧਾਨੀ ਵਰਗੇ ਕੋਚ ਲਗਾਏ ਜਾਣਗੇ। ਦਸੰਬਰ 2024 ਤੱਕ ਕਵਚ ਦਾ 5ਜੀ ਵਰਜ਼ਨ ਵੀ ਆ ਜਾਵੇਗਾ।