ਪ੍ਰਦੀਪ ਭਨੋਟ, ਨਵਾਂਸ਼ਹਿਰ : ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਦੀ ਫ਼ਿਜ਼ਾ ’ਚ ਅੱਜ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਨਕਲਾਬੀ ਊਰਜਾ ਦੀ ਭਾਵਨਾ ਤੈਰਦੀ ਮਹਿਸੂਸ ਹੁੰਦੀ ਹੈ। ਇੱਥੇ ਪੁੱਜਦੇ ਸਾਰ ਮਨ ’ਚ ਦੇਸ਼ ਭਗਤੀ ਦਾ ਜਜ਼ਬਾ ਭਾਰੂ ਪੈਣ ਲੱਗਦਾ ਹੈ ਤੇ ਲੋਕ ਸ਼ਹੀਦਾਂ ਦੇ ਆਦਰਸ਼ਾਂ ’ਤੇ ਚੱਲਣ ਦਾ ਸੰਕਲਪ ਲੈਂਦੇ ਨਜ਼ਰ ਆਉਂਦੇ ਹਨ। ਇੱਥੋਂ ਦੇ ਅਜਾਇਬਘਰ (ਜੋ ਭਗਤ ਸਿੰਘ ਦੇ ਨਾਂ ’ਤੇ ਹੀ ਹੈ) ’ਚ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅਸਥੀਆਂ ’ਤੇ ਖ਼ੂਨ ਨਾਲ ਲਿੱਬੜਿਆ ਅਖ਼ਬਾਰ ਦੇਖ ਕੇ ਮਨ ਜਜ਼ਬਾਤੀ ਹੋ ਉੱਠਦਾ ਹੈ।
ਭਾਰਤ ਦੇ ਮੋਹਰੀ ਇਨਕਲਾਬੀ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ (ਜੋ ਕਿ ਹੁਣ ਪਾਕਿਸਤਾਨ ’ਚ ਹੈ) ਵਿਖੇ ਹੋਇਆ ਸੀ। ਕਿਸ਼ਨ ਸਿੰਘ ਅਤੇ ਪੰਜਾਬ-ਮਾਤਾ ਵਿਦਿਆਵਤੀ ਦੇ ਤੀਜੇ ਪੁੱਤਰ ਭਗਤ ਸਿੰਘ ਦੇ ਪਰਿਵਾਰ ’ਚ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਗ਼ਦਰ ਪਾਰਟੀ ਦੇ ਕਾਰਕੁੰਨ ਸਨ। ਭਗਤ ਸਿੰਘ ਦਾ ਝੁਕਾਅ ਸਮਾਜਵਾਦ ਵੱਲ ਕਾਫੀ ਜ਼ਿਆਦਾ ਸੀ। ਉਨ੍ਹਾਂ ਨੂੰ ਭਾਰਤ ਦੇ ਮੁੱਢਲੇ ਮਾਰਕਸਵਾਦੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਗਤ ਸਿੰਘ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਬਾਨੀਆਂ ’ਚੋਂ ਇਕ ਸਨ।
ਖਟਕੜ ਕਲਾਂ ਦੇ ਅਜਾਇਬ ਘਰ ’ਚ ਪਈਆਂ ਹਨ ਸ਼ਹੀਦਾਂ ਦੀਆਂ ਨਿੱਜੀ ਵਸਤਾਂ
ਪੰਜਾਬ-ਮਾਤਾ ਵਿਦਿਆਵਤੀ ਦੀ ਦਿਲੀ ਇੱਛਾ ਸੀ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇੱਥੇ ਇਕ ਅਜਾਇਬ ਘਰ ਬਣਾਇਆ ਜਾਵੇ। ਉਨ੍ਹਾਂ ਦੀ ਦਿਲੀ ਇੱਛਾ ’ਤੇ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਸੰਜੋਅ ਕੇ ਮੁੱਖ ਸੜਕ ’ਤੇ ਅਜਾਇਬ ਘਰ ਬਣਾਇਆ ਗਿਆ। ਇਸ ਅਜਾਇਬ ਘਰ ’ਚ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਤਿੰਨੇ ਸ਼ਹੀਦਾਂ ਦੀਆਂ ਅਸਥੀਆਂ ਪਈਆਂ ਹਨ। ਤੇਈ ਮਾਰਚ 1931 ਨੂੰ ਫਾਂਸੀ ਤੋਂ ਬਾਅਦ ਅਗਲੇ ਦਿਨ ਤਿੰਨਾਂ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੱਥ-ਲਿਖਤ ਚਿੱਠੀਆਂ, ਜਨਮ-ਪੱਤਰੀ, ਪਰਿਵਾਰ ਦੀਆਂ ਤਸਵੀਰਾਂ ਅਤੇ 24 ਮਾਰਚ 1931 ਨੂੰ ਪ੍ਰਕਾਸ਼ਤ ‘ਦਿ ਟ੍ਰਿਬਿਊਨ’ ਅਖ਼ਬਾਰ (ਜਿਸ ’ਚ ਸ਼ਹਾਦਤ ਦੀ ਗਾਥਾ ਛਪੀ ਸੀ), ਸ਼ਹੀਦ ਸੁਖਦੇਵ ਦੀ ਟੋਪੀ, ਸ਼ਹੀਦ ਭਗਤ ਸਿੰਘ ਦੀ ਸੁਰਮੇਦਾਨੀ, ਗੀਤਾ, ਬਟੂਆ, ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਫਾਂਸੀ ਦਾ ਫਰਮਾਨ ਲਿਖਣ ਵਾਲੀ ਕਲਮ, ਜੇਲ੍ਹ ਡਾਇਰੀ, ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਨੂੰ ਦਰਸਾਉਣ ਵਾਲੇ ਚਿੱਤਰ, 12 ਸਾਲ ਦੇ ਭਗਤ ਸਿੰਘ ਦੀ ਤਸਵੀਰ, ਆਪਣੀ ਮਾਤਾ ਵਿਦਿਆਵਤੀ ਤੇ ਚਾਚੀ ਨਾਲ ਬੈਠੇ ਭਗਤ ਸਿੰਘ ਦੀ ਤਸਵੀਰ, ਮਾਤਾ ਵਿਦਿਆਵਤੀ ਨੂੰ ਸਨਮਾਨ ਦਿੰਦੇ ਹੋਏ ਗਿਆਨੀ ਜ਼ੈਲ ਸਿੰਘ ਦੀਆਂ ਤਸਵੀਰਾਂ ਲੋਕਾਂ ਲਈ ਖਿੱਚ ਦਾ ਕੇਂਦਰ ਹਨ।
ਨਾਨਕਸ਼ਾਹੀ ਇੱਟਾਂ ਨਾਲ ਬਣਿਆ ਹੈ ਸ਼ਹੀਦ ਭਗਤ ਸਿੰਘ ਦਾ ਜੱਦੀ ਘਰ
ਨਵਾਂਸ਼ਹਿਰ-ਫਗਵਾੜਾ ਹਾਈਵੇ ’ਤੇ 11 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੈ ਪਿੰਡ ਖਟਕੜ ਕਲਾਂ, ਜੋ ਬੰਗਾ ਤੋਂ ਕਰੀਬ ਤਿੰਨ ਕਿਲੋਮੀਟਰ ਹੈ। ਇਹ ਪਿੰਡ ਸਦੀਆਂ ਪੁਰਾਣਾ ਹੈ। 825 ਏਕੜ ’ਚ ਫੈਲਿਆ ਇਹ ਪਿੰਡ ਇਕ ਰਾਜੇ ਨੇ ਆਪਣੀ ਲੜਕੀ ਦਾ ਵਿਆਹ ਸਮੇਂ ਖੱਟ ’ਚ ਦਿੱਤਾ ਸੀ। ਜਿਸ ਕਾਰਨ ਇਸ ਪਿੰਡ ਦਾ ਨਾਂ ਖੱਟ-ਗੜ੍ਹ ਪਿਆ। ਜਿਹੜਾ ਹੌਲੀ-ਹੌਲੀ ਵਿਗੜ ਕੇ ਖਟਕੜ ਕਲਾਂ ਬਣ ਗਿਆ। ਇਸ ਪਿੰਡ ਨੂੰ ਵਸਾਉਣ ’ਚ ਸ਼ਹੀਦ ਭਗਤ ਸਿੰਘ ਦੇ ਨੱਕੜ ਦਾਦੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਦੇਸ਼ ਦੀ ਆਜ਼ਾਦੀ ਦੀ ਵੰਡ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਅਤੇ ਪੰਜਾਬ ਮਾਤਾ ਵਿਦਿਆਵਤੀ ਨੇ ਪਿੰਡ ਖਟਕੜ ਕਲਾਂ ਤਹਿਸੀਲ ਬੰਗਾ ਵਿਖੇ ਇਕ ਘਰ ਦਾ ਨਿਰਮਾਣ ਕੀਤਾ। ਪੁਰਾਣੀਆਂ ਅਤੇ ਛੋਟੀਆਂ (ਨਾਨਕਸ਼ਾਹੀ) ਇੱਟਾਂ ਨਾਲ ਬਣੇ ਇਸ ਘਰ ਨੂੰ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਦੇ ਰੁਪ ਵਿਚ ਪ੍ਰਸਿੱਧੀ ਹਾਸਲ ਹੈ। ਪੰਜਾਬ-ਮਾਤਾ ਵਿਦਿਆਵਤੀ 1975 ਤੱਕ ਇੱਥੇ ਹੀ ਰਹੇ। ਇਸ ਘਰ ਵਿਚ ਅੱਜ ਵੀ ਸ਼ਹੀਦ ਭਗਤ ਸਿੰਘ ਦੇ ਦੋ ਪੁਰਾਣੇ ਮੰਜੇ, ਰਾਜ-ਮਾਤਾ ਵਿਦਿਆਵਤੀ ਦਾ ਪਲੰਘ, ਤੁੜੀ ਇਕੱਠੀ ਕਰਨ ਵਾਲੀ ਤੰਗਲੀ ਤੇ ਬਾਲਟੀ, ਦੂਸਰੇ ਕਮਰੇ ’ਚ ਫ਼ਰਸ਼ ਦੇ ਬੈਠ ਕੇ ਖਾਣਾ ਖਾਣ ਵਾਲਾ ਡਾਈਨਿੰਗ ਟੇਬਲ, ਲੱਕੜ ਦੇ ਪੰਜ ਸੰਦੂਕ, ਚਾਹ ਦੀ ਕੇਤਲੀ, ਲਾਲਟੈਨ, ਕੁਝ ਬਰਤਨ (ਪਰਾਤਾਂ, ਥਾਲੀਆਂ ਗਿਲਾਸ ਤੇ ਚਮਚ)। ਇਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ, ਘਰ ’ਚ ਬਣਿਆ ਪੁਰਾਣਾ ਖੂਹ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੈ।