ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਸਾਨੂੰ ਇਸ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਕਦੇ ਵੀ ਦੁਖੀ ਨਹੀਂ ਹੋਣਾ ਚਾਹੀਦਾ। ਸਾਨੂੰ ਜ਼ਿੰਦਗੀ ਹਮੇਸ਼ਾ ਹਰ ਪਲ ਹੱਸ ਕੇੇ ਗੁਜ਼ਾਰਨੀ ਚਾਹੀਦੀ ਹੈ। ਜ਼ਿੰਦਗੀ ਸਾਨੂੰ ਜਿਊਣ ਲਈ ਮਿਲੀ ਹੈ ਇਸ ਨੂੰ ਕਦੇ ਵੀ ਬੋਝ ਨਾ ਸਮਝੋ। ਹਰ ਪਲ ਖ਼ੁਸ਼ ਰਹਿ ਕੇ ਬਿਤਾਓ। ਜੇ ਮਾੜਾ ਸਮਾਂ ਆ ਵੀ ਗਿਆ ਹੈ ਤਾਂ ਜ਼ਿਆਦਾ ਦੁਖੀ ਨਾ ਹੋਵੋ। ਸੁੱਖ-ਦੁੱਖ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਹਨ। ਜੇ ਮਾੜਾ ਸਮਾਂ ਹੈ ਤਾਂ ਚੰਗਾ ਵੀ ਆਵੇਗਾ। ਚੰਗੇ ਸਮੇਂ ’ਚ ਜ਼ਿਆਦਾ ਖ਼ੁਸ਼ੀ ਵੀ ਨਾ ਮਨਾਓ। ਕਦੇ ਵੀ ਆਪਣੀ ਕਿਸਮਤ ਨੂੰ ਨਾ ਦੋਸ਼ੀ ਠਹਿਰਾਈਏ।
ਕਈ ਵਾਰ ਅਸੀਂ ਕਿਸੇ ਹੋਰ ਦੀ ਗੱਲ ਕਰਕੇ ਆਪਣੇ ਘਰ ’ਚ ਕਲੇਸ਼ ਪਾ ਕੇ ਬੈਠ ਜਾਂਦੇ ਹਾਂ ਜਿਸ ਨਾਲ ਮਾਹੌਲ ਤਣਾਓਪੂਰਨ ਹੋ ਜਾਂਦਾ ਹੈ। ਅਕਸਰ ਪਰਿਵਾਰਾਂ ਵਿਚ ਕਈ ਵਾਰ ਤਕਰਾਰ ਹੋ ਜਾਂਦੇ ਹਨ। ਪਰਿਵਾਰ ਵਿਚ ਕਈ ਅਜਿਹੇ ਮੈਂਬਰ ਵੀ ਹੁੰਦੇ ਹਨ, ਜੋ ਅਜਿਹੇ ਤਕਰਾਰਾਂ ਨੂੰ ਕੁਝ ਸਮਝਦੇ ਹੀ ਨਹੀਂ, ਭਾਵ ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰ ਲੈਂਦੇ ਹਨ। ਕਈ ਵਾਰ ਕਈ ਇਨਸਾਨ ਛੋਟੇ -ਛੋਟੇ ਤਕਰਾਰ, ਛੋਟੀਆਂ ਛੋਟੀਆਂ ਗੱਲਾਂ ਨੂੰ ਹੀ ਦਿਲ ’ਤੇ ਲਾ ਕੇ ਬੈਠ ਜਾਂਦੇ ਹਨ। ਉਹ ਆਪ ਵੀ ਪਰੇਸ਼ਾਨ ਹੁੰਦੇ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪਰੇੇਸ਼ਾਨ ਕਰ ਦਿੰਦੇ ਹਨ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਵੀ ਆਉਂਦਾ ਹੈ ਕਿ ਅਜਿਹੇ ਇਨਸਾਨ ਡਿਪਰੈਸ਼ਸ਼ਨ ’ਚ ਚਲੇ ਜਾਂਦੇ ਹਨ। ਗੱਲ ਕੁਝ ਵੀ ਨਹੀਂ ਹੁੰਦੀ ਪਰ ਗੱਲ ਨੂੰ ਦਿਲ ’ਤੇ ਲਗਾ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ।
ਅਸੀਂ ਕਹਿ ਦਿੰਦੇ ਹਾਂ ਕਿ ਉਸਦੀ ਕਿਸਮਤ ਬਹੁਤ ਚੰਗੀ ਹੈ। ਜਾਂ ਫਲਾਣਾ ਬੰਦਾ ਬਹੁਤ ਘੱਟ ਮਿਹਨਤ ਕਰ ਕੇ ਬਹੁਤ ਕੁਝ ਕਮਾ ਲੈਂਦਾ ਹੈ। ਉਸ ਨੂੰ ਬਹੁਤ ਘੱਟ ਮਿਹਨਤ ਕਰਨੀ ਪਈ। ਉਸ ਨੂੰ ਆਪਣੀ ਕਿਸਮਤ ਤੋਂ ਜ਼ਿਆਦਾ ਮਿਲ ਗਿਆ। ਉਸ ਨੂੰ ਉਸਦੇ ਮਾਤਾ-ਪਿਤਾ ਨੇ ਬਹੁਤ ਕੁਝ ਦਿੱਤਾ ਹੈ। ਜਿੰਨਾ ਕੁ ਉਹ ਇਨਸਾਨ ਉਸ ਦੇ ਲਾਇਕ ਵੀ ਨਹੀਂ ਸੀ, ਫਿਰ ਵੀ ਪਤਾ ਨਹੀਂ ਉਸ ਨੂੰ ਕਿਹੜਾ ਖ਼ਜ਼ਾਨਾ ਮਿਲ ਚੁੱਕਿਆ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਉਸ ਇਨਸਾਨ ਪ੍ਰਤੀ ਈਰਖਾ ਵਾਲੇ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।
ਅਜਿਹਾ ਕੋਈ ਇਨਸਾਨ ਨਹੀਂ ਹੈ ਜਿਸ ਦੀ ਜ਼ਿੰਦਗੀ ਵਿਚ ਕਦੇ ਵੀ ਉਤਰਾਅ-ਚੜ੍ਹਾਅ ਨਾ ਆਏ ਹੋਣ। ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਅਸੀਂ ਸਾਰੇ ਹੀ ਦੇਖਦੇ ਹਾਂ ਕਿ ਜੇ ਗਰਮੀ ਹੈ ਤਾਂ ਸਰਦੀ ਦਾ ਮੌਸਮ ਵੀ ਆਉਂਦਾ ਹੈ। ਜੇ ਬਰਸਾਤ ਹੁੰਦੀ ਹੈ, ਤਾਂ ਉਸ ਤੋਂ ਬਾਅਦ ਮੌਸਮ ਸਾਫ਼ ਵੀ ਹੋ ਜਾਂਦਾ ਹੈ। ਜੇ ਦਿਨ ਚੜ੍ਹਦਾ ਹੈ ਤਾਂ ਰਾਤ ਵੀ ਆਉਂਦੀ ਹੈ। ਕਹਿਣ ਦਾ ਭਾਵ ਹੈ ਕਿ ਹਮੇਸ਼ਾ ਇਕ ਹੀ ਤਰ੍ਹਾਂ ਦੀ ਜ਼ਿੰਦਗੀ ਨਹੀਂ ਰਹਿੰਦੀ। ਸਦਾ ਇਕ ਹੀ ਤਰ੍ਹਾਂ ਦਾ ਸਮਾਂ ਨਹੀਂ ਰਹਿੰਦਾ। ਸਮਾਂ ਸਾਰਿਆਂ ਦਾ ਹੀ ਬਦਲਦਾ ਹੈ । ਚਾਹੇ ਅੱਜ ਬਦਲੇ ਜਾਂ ਕੁਝ ਦਿਨਾਂ ਬਾਅਦ ਬਦਲੇ। ਕਦੇ ਵੀ ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਕੁਦਰਤ ਹਰ ਇਕ ਇਨਸਾਨ ਨੂੰ ਮੌਕਾ ਦਿੰਦੀ ਹੈ। ਭਾਵ ਜੇ ਕਦੇ ਮਾੜਾ ਸਮਾਂ ਆ ਵੀ ਗਿਆ ਤਾਂ ਕਦੇ ਵੀ ਇੰਝ ਨਾ ਸੋਚੋ ਕਿ ਮੇਰੀ ਕਿਸਮਤ ਜਾਂ ਜ਼ਿੰਦਗੀ ਵਿਚ ਹਨੇਰਾ ਹੀ ਆ ਗਿਆ ਹੈ।
ਦਾਤੇ ਨੇ ਸਾਰੇ ਇਨਸਾਨਾਂ ਲਈ ਬਹੁਤ ਕੁਝ ਬਣਾਇਆ ਹੋਇਆ ਹੈ। ਜਿਸ ਨੇ ਸਾਨੂੰ ਧਰਤੀ ’ਤੇ ਭੇਜਿਆ ਹੈ, ਉਸ ਨੇ ਸਾਡਾ ਕੋਈ ਹੀਲਾ-ਵਸੀਲਾ ਵੀ ਕਰ ਦੇਣਾ ਹੈ। ਪਰ ਸਾਨੂੰ ਕਰਮ ਕਰਨਾ ਪਵੇਗਾ। ਦਿਲ ਲਗਾ ਕੇ ਮਿਹਨਤ ਕਰਨੀ ਪਵੇਗੀ ਤਦ ਹੀ ਅਸੀਂ ਮੰਜ਼ਿਲ ਵੱਲ ਆਪਣੇ ਕਦਮ ਵਧਾਵਾਂਗੇ। ਇਹ ਨਹੀਂ ਹੈ ਕਿ ਸਾਨੂੰ ਪੱਕੀ ਪਕਾਈ ਖਿਚੜੀ ਜਾਂ ਕੋਈ ਥਾਲੀ ਪਰੋਸ ਕੇ ਸਾਡੇ ਸਾਹਮਣੇ ਰੱਖ ਦੇਵੇਗਾ। ਦੇਖੋ ਮਿਹਨਤ ਤਾਂ ਕਰਨੀ ਹੀ ਪਵੇਗੀ। ਬਿਨਾਂ ਕਰਮ ਕੀਤੇ ਕੁੱਝ ਵੀ ਨਹੀਂ ਮਿਲਦਾ। ਕਦੇ ਵੀ ਨਿਰਾਸ਼ ਨਾ ਹੋਵੋ। ਆਪਣਾ ਦਿਲ ਕਦੇ ਵੀ ਛੋਟਾ ਨਾ ਕਰੋ । ਤੁਸੀਂ ਇਹ ਸੋਚੋ ਕਿ ਪਰਮਾਤਮਾ ਨੇ ਸਾਡੇ ਲਈ ਬਹੁਤ ਵਧੀਆ ਰਖਿਆ ਹੋਇਆ ਹੈ। ਹਰ ਇਕ ਦਿਨ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਹੈ। ਹਮੇਸ਼ਾ ਜ਼ਿੰਦਗੀ ’ਚ ਖ਼ੁਸ਼ ਰਹਿਣਾ ਸਿੱਖੀਏ। ਜਿੰਨਾ ਵੀ ਸਾਡੇ ਕੋਲ ਹੈ ਉਸ ਵਿਚ ਸਬਰ ਸੰਤੋਖ ਰੱਖੀਏ।
ਨਿਮਰਤਾ, ਪਿਆਰ, ਸਤਿਕਾਰ ਸਹਿਣਸ਼ੀਲ ਹੋਣਾ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੈ। ਕਦੇ ਵੀ ਗੁੱਸੇ ਨਾ ਹੋਵੋ। ਚਲੋ ਜੇ ਕਈ ਵਾਰ ਗੁੱਸਾ ਆ ਵੀ ਜਾਂਦਾ ਹੈ ਤਾਂ ਘਰ ਵਿਚ ਕਲੇਸ਼ ਖੜ੍ਹਾ ਨਾ ਕਰੋ। ਕੋਈ ਅਜਿਹਾ ਗ਼ਲਤ ਕਦਮ ਨਾ ਚੁੱਕੋ। ਜੇ ਕਦੇ ਘਰਦਿਆਂ ਨਾਲ ਮਨ ਮੁਟਾਵ ਹੋ ਵੀ ਜਾਂਦਾ ਹੈ ਕਿਤੇ ਪਾਰਕ ਵਿਚ ਚਲੇ ਜਾਓ, ਕਿਸੇ ਮਾਲ ਵਿਚ ਜਾਓ, ਸੈਰ ਤੇ ਨਿਕਲ ਜਾਓ। ਕਹਿਣ ਦਾ ਮਤਲਬ ਕਿ ਇਹ ਜ਼ਿੰਦਗੀ ਸਾਨੂੰ ਦੁਬਾਰਾ ਨਹੀਂ ਮਿਲਣੀ। ਸਾਨੂੰ ਹੱਸ ਖੇਡ ਕੇ ਹੀ ਇਸ ਨੂੰ ਗੁਜ਼ਾਰਨਾ ਚਾਹੀਦਾ ਹੈ। ਪੱਤਝੜ ਪਿੱਛੋਂ ਬਸੰਤ ਰੁੱਤ ਦਾ ਆਉਣਾ ਲਾਜ਼ਮੀ ਹੈ।
- ਸੰਜੀਵ ਸਿੰਘ ਸੈਣੀ