ਪਿ੍ਰੰਸੀਪਲ ਸਰਵਣ ਸਿੰਘ ਪੰਜਾਬੀ ਦਾ ਉੱਚ ਦੁਮਾਲੜਾ ਖੇਡ ਵਾਰਤਕ ਲੇਖਕ ਹੈ। ਉਸ ਨੇ ਹੁਣ ਤਕ 40 ਤੋਂ ਵੱਧ ਖੇਡ ਪੁਸਤਕਾਂ ਲਿਖੀਆਂ ਹਨ। ਰੌਚਕਤਾ ਉਸ ਦੀ ਵਾਰਤਕ ਦਾ ਮੀਰੀ ਗੁਣ ਹੈ। ਉਹ ਖਿਡਾਰੀਆਂ/ ਭਲਵਾਨਾਂ ਦੇ ਕਾਰਨਾਮੇ ਸੁਣਾਉਂਦਾ ਪਾਠਕ ਨੂੰ ਆਪਣੀ ਕਲਮ ਨਾਲ ਖਿਡਾਰੀਆਂ ਦੇ ਅੰਗ ਸੰਗ ਖੇਡਣ ਲਾ ਦਿੰਦਾ ਹੈ। ਉਸ ਦੀ ਨਵੀਂ ਛਪੀ ਪੁਸਤਕ ‘ਸ਼ਬਦਾਂ ਦੇ ਖਿਡਾਰੀ’- ਨੇ ਮੇਰੇ ਉੱਤੇ ਅਜਿਹਾ ਜਾਦੂ ਧੂੜਿਆ ਕਿ ਮੈਂ ਖਿਡਾਰੀ ਨਾ ਹੁੰਦੇ ਹੋਏ ਵੀ ਖੇਡ ਮੈਦਾਨ ਵਿਚ ਆਪਣੇ ਜੌਹਰ ਦਿਖਾਉਂਦੇ ਖਿਡਾਰੀਆਂ ਦਾ Ogden Nash ਦੇ Born Spectator ਦੇ ਵਾਂਗ ਬਾਹਰ ਬੈਠ ਕੇ ਪੂਰਾ ਸੰਗ ਸਾਥ ਮਾਣਿਆ ਹੈ। ਪਿ੍ਰੰਸੀਪਲ ਸਰਵਣ ਸਿੰਘ ਨੇ ਖੇਡ ਵਾਰਤਕ ਨੂੰ ਪੰਜਾਬੀ ਜ਼ਬਾਨ ਦੀ ਮਿੱਠੀ ਚਾਸ਼ਨੀ ਵਿਚ ਡੋਬ ਕੇ ਰਸੀਲੀ ਦੇ ਨਾਲ ਰੰਗਦਾਰ ਵੀ ਬਣਾਇਆ ਹੈ।
ਜਸਵੰਤ ਸਿੰਘ ਕੰਵਲ ਅਨੁਸਾਰ ਉਸ ਨੇ “ਖੇਡਾਂ ਬਾਰੇ ਲਿਖ ਕੇ ਖਿਡਾਰੀਆਂ ਦਾ ਮੂੰਹ ਲਿਸ਼ਕਾ ਦਿੱਤਾ ਹੈ। ਵਾਰਤਕ ਐਨੀ ਰਵਾਂ ਤੇ ਹਾਸੇ ਖੇਡੇ ਭਰੀ ਕਿ ਚਾਹ ਰੋਟੀ ਦੀ ਭੁੱਖ ਭੁੱਲ ਜਾਂਦੀ ਹੈ।..ਤੇ ਬੋਲੀ ਘੁਲ ਕੇ ਘਿਓ-ਗੱਚ ਚੂਰੀ ਬਣ ਗਈ ਹੈ।” ਸੱਚਮੁੱਚ ਉਸ ਨੇ “ਬੁਨਿਆਦੀ ਪੱਖੋਂ ਖੇਡ ਜਗਤ ਦਾ ਪਿੜ ਬੰਨ੍ਹ ਦਿੱਤਾ ਹੈ। ਖਿਡਾਰੀਆਂ ਦੇ ਉਤਸ਼ਾਹ ਨੂੰ ਜਰਬਾਂ ਦਿੱਤੀਆਂ ਹਨ। ਨਵੇਂ ਪੋਚ ਦੇ ਲਹੂ ਵਿਚ ਅੰਗੜਾਈਆਂ ਛੇੜੀਆਂ ਹਨ ਤੇ ਅਨੇਕਾਂ ਪਾਠਕਾਂ ਨੂੰ ਖੇਡਾਂ ਵੱਲ ਮੋੜਿਆ ਹੈ।”
ਡਾਕਟਰ ਹਰਿਭਜਨ ਸਿੰਘ ਵੀ ਇਸ ਨਿਰਮਲ ਵਾਰਤਕ ਦੀ ਗੱਜ ਵੱਜ ਕੇ ਸਿਫ਼ਤ ਕਰਦਾ ਹੈ : ਸਰਵਣ ਸਿੰਘ ਦੀ ਰਚਨਾ ਦੋਖ ਦਵੈਖ ਜਾਂ ਦੁਰ ਭਾਵਨਾ ਤੋਂ ਅਸਲੋਂ ਪਾਕ ਸਾਫ਼ ਹੈ..ਉਹਨੇ ਜਿਸ ਕਿਸੇ ਬਾਰੇ ਜੋ ਕੁਝ ਵੀ ਲਿਖਿਆ ਹੈ, ਉਹ ਸੱਚਾ ਵੀ ਹੈ ਤੇ ਸੁੱਚਾ ਵੀ।..ਉਹਨੇ ਹਰ ਕਿਸੇ ਨੂੰ ਪੂਰਾ ਤੋਲਿਆ ਹੈ ਤੇ ਉਨ੍ਹਾਂ ਬਾਰੇ ਪਿਆਰਾ ਬੋਲਿਆ ਹੈ।..ਸ਼ਬਦ- ਕਲਾ ਦੇ ਮਾਹਿਰ ਅੱਜ ਕੱਲ੍ਹ ਲੁੱਚੀਆਂ ਗੱਲਾਂ ਵੱਲ ਏਨੇ ਰੁਿਚਤ ਹੋ ਗਏ ਹਨ ਕਿ ਸੁੱਚੀਆਂ ਦਾ ਕਾਲ ਪਿਆ ਜਾਪਦਾ ਹੈ।.. ਉਹ ਸਾਡੇ ਆਲੇ ਦੁਆਲੇ ਫੈਲੀ ਕੌੜੀ ਕੋਝੀ ਦੁਨੀਆ ਦੇ ਸਮਵਿਥ ਇਕ ਸੁਹਜਮਈ ਜ਼ਿੰਦਗੀ ਦਾ ਚਿੱਤਰ ਪੇਸ਼ ਕਰਦਾ ਹੈ।..ਉਸਦੀ ਲਿਖਤ ਖੇਡ ਤੋਂ ਵੀ ਵਧੀਕ ਸੋਹਣੀ ਹੈ।..ਮੈਨੂੰ ਖੇਡਾਂ ਵਿਚ ਖ਼ਾਸ ਦਿਲਚਸਪੀ ਨਹੀਂ।..ਮੈਂ ਮਾਂ ਬੋਲੀ ਦੇ ਚਸਕੇ ਦਾ ਮਾਰਿਆ ਉਹਦੀਆਂ ਅੱਖਾਂ ਥਾਣੀ ਖੇਡਾਂ ਖਿਡਾਰੀਆਂ, ਖੇਡ ਵਿੱਦਿਆ ਤੇ ਖੇਡ ਵਿਗਿਆਨ ਨਾਲ ਵਾਕਫ਼ੀ ਪਾ ਗਿਆ।”
ਇਸ ਪੁਸਤਕ ਵਿਚ ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਬਲਬੀਰ ਸਿੰਘ ਕੰਵਲ, ਸੂਬਾ ਸਿੰਘ, ਵਰਿਆਮ ਸਿੰਘ ਸੰਧੂ, ਅਵਤਾਰ ਪਾਸ਼, ਪਹਿਲਵਾਨ ਦਾਰਾ ਸਿੰਘ, ਪੂਰਨ ਸਿੰਘ ਪਾਂਧੀ, ਪਿ੍ਰੰ. ਬਲਕਾਰ ਸਿੰਘ ਬਾਜਵਾ, ਪ੍ਰੋ. ਕਰਮ ਸਿੰਘ, ਜੋਗਿੰਦਰ ਸਿੰਘ ਜੋਗੀ, ਸ਼ਮਸ਼ੇਰ ਸਿੰਘ ਸੰਧੂ, ਬਲਿਹਾਰ ਸਿੰਘ ਰੰਧਾਵਾ, ਗੁਰਮੇਲ ਮਡਾਹੜ, ਡਾ, ਜਸਪਾਲ ਸਿੰਘ, ਲਾਭ ਸਿੰਘ ਸੰਧੂ, ਪਿੰ੍ਰੰ. ਬਲਵੰਤ ਸਿੰਘ ਸੰਧੂ, ਨਵਦੀਪ ਸਿੰਘ ਗਿੱਲ, ਗੁਰਦਿਆਲ ਸਿੰਘ ਬੱਲ, ਪਰਮਵੀਰ ਸਿੰਘ ਬਾਠ ਅਤੇ ਸੰਸਾਰ ਪ੍ਰਸਿੱਧ ਖੇਡ ਫੋਟੋਗਰਾਫਰ ਸੰਤੋਖ ਸਿੰਘ ਮੰਡੇਰ ਦੀਆਂ ਖੇਡ ਪੁਸਤਕਾਂ/ ਰਚਨਾਵਾਂ ਬਾਰੇ ਬੜੀ ਦਿਲ ਟੁੰਬਵੀਂ ਚਰਚਾ ਕੀਤੀ ਗਈ ਹੈ। ਪਿ੍ਰੰਸੀਪਲ ਸਰਵਣ ਸਿੰਘ ਅਨੁਸਾਰ ਖਿਡਾਰੀਆਂ ਪਹਿਲਵਾਨਾਂ ਬਾਰੇ ਲਿਖਣ ਵਾਲੇ ਇਹ 22 ਲੇਖਕ ਵੀ “ਸ਼ਬਦਾਂ ਦੇ ਖਿਡਾਰੀ” ਹਨ।
ਇਸ ਲੜੀ ਵਿਚ ਉਹ ਹੁਣ ਤਕ 100 ਦੇ ਕਰੀਬ ਅਜਿਹੇ ਸ਼ਬਦਾਂ ਦੇ ਖਿਡਾਰੀਆਂ ਬਾਰੇ ਲਿਖ ਚੁੱਕੇ ਹਨ। ਆਓ ਆਪਾਂ ਇਨ੍ਹਾਂ ਵਿਦਵਾਨਾਂ ਵਲੋਂ ਸਲਾਹੀ ਗਈ ਪਿ੍ਰੰਸੀਪਲ ਸਰਵਣ ਸਿੰਘ ਦੀ ਇਸ ਸਵਾਦਲੀ ਭਾਸ਼ਾ ਦੇ ਨਮੂਨੇ ਵੀ ਦੇਖ ਲਈਏ।.. ਡਾਕਟਰ ਹਰਿਭਜਨ ਸਿੰਘ ਸ਼ਬਦਾਂ ਦਾ ਛੱਲਾਂ ਮਾਰਦਾ ਸਰੋਵਰ ਸੀ। ਸੁਰੀਲੀ ਤੇ ਰਸੀਲੀ ਬੋਲ ਬਾਣੀ ਦਾ ਫੁੱਟ-ਫੁੱਟ ਪੈਂਦਾ ਸਰਚਸ਼ਮਾ।.. ਜਦ ਉਹ ਵਜਦ ਵਿਚ ਆਉਂਦਾ ਤਾਂ ਉਹਦੇ ਮੂੰਹ ’ਤੇ ਮੱਧਮ ਪਏ ਮਾਤਾ ਦੇ ਦਾਗ਼ ਤਾਰਿਆਂ ਹਾਰ ਝਿਲਮਿਲਾਉਣ ਲੱਗਦੇ। ਉਹਦੇ ਰਸੀਲੇ ਬੋਲ ਸ਼ਰਬਤ ਦੀਆਂ ਘੁੱਟਾਂ ਸਨ, ਕੱਚੇ ਦੁੱਧ ਦੇ ਛਿੱਟੇ ਸਨ।..ਪਾਸ਼ ਪੰਜਾਬੀ ਦਾ ਨਾਮਵਰ ਨਕਸਲੀ ਕਵੀ ਸੀ। ਉੱਡਦੇ ਬਾਜਾਂ ਮਗਰ ਉੱਡਣ ਵਾਲਾ ਬਾਜ਼।.. ਉਹ ਸ਼ਮਸ਼ੇਰ ਦਾ ਪੱਗਵੱਟ ਨਹੀਂ ਲੰਗੋਟੀਵੱਟ ਯਾਰ ਸੀ।..ਵਰਿਆਮ ਸਿੰਘ ਸੰਧੂ ਬਾਤਾਂ ਦਾ ਬਾਪੂ ਹੈ। ਕਹਾਣੀਆਂ ਦਾ ਕੋਹਿਨੂਰ।..ਦਰਸ਼ਨੀ ਸ਼ਖ਼ਸੀਅਤ ਦਾ ਮਾਲਕ। ਲੰਮੀਆਂ ਕਹਾਣੀਆਂ ਦਾ ਕੌਮੀ ਚੈਂਪੀਅਨ। ਗਲਪ ਗਗਨ ਦਾ ਚੰਦ।..ਲਿਸ਼ ਲਿਸ਼ ਕਰਦੀਆਂ ਨੇ ਉਹਦੀਆਂ ਲਿਖਤਾਂ।..ਪ੍ਰੋ. ਕਰਮ ਸਿੰਘ ਸੁਭਾਅ ਦਾ ਸਾਧ ਬੰਦਾ ਸੀ। ਜਿਸ ਨੇ ਤਨ ਵੀ ਸਾਧਿਆ ਤੇ ਮਨ ਵੀ ਸਾਧਿਆ ਹੋਇਆ ਸੀ।..ਸਮਾਂ ਆਇਆ ਜਦੋਂ ਗਾਇਕੀ ਦੇ ਅਖਾੜਿਆਂ ਵਿਚ ਸ਼ਮਸ਼ੇਰ-ਸ਼ਮਸ਼ੇਰ ਹੋਣ ਲੱਗੀ। ਬੋਲੀਆਂ ਨਾਲ ਬੱਕਰੇ ਬੋਲਦੇ ਰਹੇ ਤੇ ਨੱਚਣ ਵਾਲੇ ਅੱਡੀਆਂ ਨਾਲ ਪਤਾਸੇ ਭੋਰਦੇ ਰਹੇ।..ਕਈ ਗੀਤ ਸੱਚੀਆਂ ਸੁਣਾਉਂਦੇ ਰਹੇ.. ਕੁਝ ਗੀਤ ਝੋਰੇ ਝੁਰਦੇ ਰਹੇ। ਗੁਰਮੇਲ ਮਡਾਹੜ ਆਲਰਾਊਂਡਰ ਸੰਗਰੂਰੀਆ ਸੀ। ਲਾਭ ਸਿੰਘ ਸੰਧੂ ਪੱਤਰਕਾਰ ਵੀ ਹੈ ਤੇ ਖੋਜਕਾਰ ਵੀ। ਉਹਦਾ ਕੱਦ ਵੀ ਲੰਮਾ ਹੈ, ਦਾੜ੍ਹੀ ਵੀ ਲੰਮੀ, ਮੁੱਛਾਂ ਵੀ ਲੰਮੀਆਂ ਤੇ ਉਲਾਘਾਂ ਵੀ ਲੰਮੀਆਂ ਭਰਦਾ। ਅਜਿਹੀ ਸਜਾਵਟੀ ਭਾਸ਼ਾ ਦੀਆਂ ਅਨੇਕ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ। ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਪੱਤਰਕਾਰੀ ਦਾ ਹੀਰਾ ਹੈ। ਗੁਰਦਿਆਲ ਬੱਲ ਸ਼ੌਕ ਵਜੋਂ ਫੁੱਟਬਾਲ ਦਾ ਆਸ਼ਕ ਹੈ। ਉਹ ਖੇਡ ਸਾਹਿਤ ਦਾ ਮੌਜੀ ਲੇਖਕ ਰਿਹੈ। ਪਰਮਬੀਰ ਬਾਠ ਮੀਡੀਏ ਦੀ ਬੁਲੰਦ ਆਵਾਜ਼ ਹੈ। ਸੰਤੋਖ ਸਿੰਘ ਮੰਡੇਰ ਓਲੰਪਿਕ ਖੇਡਾਂ ਦਾ ਮਾਨਤਾ ਪ੍ਰਾਪਤ ਫੋਟੋਗ੍ਰਾਫਰ ਹੈ। ਉਹ ਥਰੀ ਇਨ ਵੰਨ ਨਹੀਂ ਫਾਈਵ ਇਨ ਵੰਨ ਹੈ।
ਖੇਡਾਂ ਕਿਉਂ ਜ਼ਰੂਰੀ ਹਨ? ਪਿ੍ਰੰਸੀਪਲ ਸਰਵਣ ਸਿੰਘ ਦੀ ਹੱਥਲੀ ਖੇਡ ਰਚਨਾ ‘ਸ਼ਬਦਾਂ ਦੇ ਖਿਡਾਰੀ’ (ਪੀਪਲਜ਼ ਫੋਰਮ ਬਰਗਾੜੀ) ਮੇਰੇ ਵਰਗੇ ਕਿਤਾਬੀ ਕੀੜਿਆਂ ਦੇ ਅਕਲ ਵਾਲੇ ਖਾਨੇ ਵਿਚ ਵੀ ਇਹ ਗੱਲ ਵਸਾ ਦਿੰਦੀ ਹੈ। ਇਸ ਪੁਸਤਕ ਵਿਚ ਸ਼ਾਮਲ ਲੇਖਕਾਂ, ਖਿਡਾਰੀਆਂ, ਭਲਵਾਨਾਂ ਤੇ ਖਿਡਾਰੀਆਂ ਦੀਆਂ ਜੀਵਨ ਸਾਥਣਾਂ ਦੇ ਸਹਿਜ ਸੁਭਾਅ ਬੋਲੇ ਬੋਲ ਖੇਡਾਂ ਦੀ ਮਹਾਨਤਾ ਨੂੰ ਸੁੱਤੇ ਸਿੱਧ ਦਰਸਾ ਦਿੰਦੇ ਹਨ। ਖੇਡ ਅਜਿਹੀ ਦਾਤ ਹੈ ਜਿਹੜੀ ਸਭ ਤੋਂ ਵੱਧ ਖ਼ੁਸ਼ੀ, ਪਿਆਰ ਤੇ ਦੋਸਤਾਨੇ ਵੰਡਦੀ ਹੈ-( ਜੋਗਿੰਦਰ ਸਿੰਘ ਜੋਗੀ)। ਖੇਡਾਂ ਜੀਵਨ ਜਾਚ ਅਤੇ ਇਨਸਾਨੀ ਗੁਣਾਂ ਦੇ ਨਾਲ-ਨਾਲ ਜਿੱਤ ਕੇ ਹਾਰਨਾ ਅਤੇ ਹਾਰ ਹਾਰ ਕੇ ਜਿੱਤਣਾ ਸਿਖਾਉਂਦੀਆਂ ਹਨ-( ਡਾ. ਗੋਪਾਲ ਸਿੰਘ ਬੁੱਟਰ)। ਸਿ੍ਰਸ਼ਟੀ ਇਕ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਕੁੱਲ ਜਗਤ ਦਾ ਜੀਆ ਜੰਤ ਉਹਦਾ ਤਮਾਸ਼ਬੀਨ ਹੈ- ( ਪਿ੍ਰੰ. ਸਰਵਣ ਸਿੰਘ)।
ਖੇਡਾਂ ਬੰਦੇ ਨੂੰ ਸਭਿਅਕ ਇਨਸਾਨ ਬਣਾਉਂਦੀਆਂ ਹਨ। ਦੇਖੋ ਪਰਦੁੱਮਣ ਸਿੰਘ ਖਿਡਾਰੀ ਦੀ ਸੁਪਤਨੀ ਕੀ ਫਰਮਾਉਂਦੀ ਹੈ: “ਜੇ ਭਾਈ (ਏਹ) ਖਿਡਾਰੀ ਨਾ ਹੁੰਦੇ ਤਾਂ ਪਿੰਡ ਦੇ ਸਿਰ ਕੱਢਵੇਂ ਵੈਲੀ ਹੋਣੇ ਸੀ। ਏਡਾ ਕੱਦ-ਕਾਠ, ਅੰਨ੍ਹਾਂ ਜ਼ੋਰ ਤੇ ਫੇਰ ਜੱਟਾਂ ਵਾਲਾ ਅੜਬ ਸੁਭਾਅ। ਇਹ ਤਾਂ ਖੇਡਾਂ ਕਰਕੇ ਈ ਟਿਕਾਣੇ ਰਹੇ ਐ। ਨਹੀਂ ਤਾਂ ਕੋਈ ਬੰਦਾ ਮਾਰ ਦਿੰਦੇ ਤੇ ਜੇਲ੍ਹੀਂ ਰੁਲਦੇ।” ਖੇਡਾਂ ਸਟੇਟਸ ਸਿੰਬਲ ਹਨ। ਮਹਾਨਤਾ ਦਾ ਚਿੰਨ੍ਹ। ਤਾਂ ਹੀ ਹਜੂਰਾ ਸਿੰਘ ਖਿਡਾਰੀ ਨੂੰ ਦੇਖਣ ਗਏ ਉਸ ਦੇ ਸਹੁਰੇ ਨੇ ਬਿਨਾਂ ਉਸ ਦੇ ਨਾਨਕੇ ਦਾਦਕੇ ਪੁੱਛਿਆਂ ਰੁਪਈਆ ਫੜਾ ਦਿੱਤਾ ਸੀ।“ਮੈਂ ਤਾਂ ਹੀ ਰੁਪਈਆ ਫੜਾਤਾ ਬਈ ਮੁੰਡਾ ਰਾਜੇ ਦੇ ਬਰੋਬਰ ਬੈਠਾ, ਕਿਸੇ ਚੰਗੇ ਘਰਾਣੇ ਦਾ ਈ ਹੋਊ।”
ਲਿਖਾਰੀਆਂ ਖਿਡਾਰੀਆਂ ਦੇ ਇੰਝ ਉਚਾਰੇ ਬੋਲ ਅਟੱਲ ਸਚਾਈਆਂ ਬਣ ਗਏ ਹਨ। : ਖੇਡ ਸਾਡੇ ਸੰਸਾਰ ਦੀ ਕਵਿਤਾ ਹੈ- ( ਡਾ. ਹਰਿਭਜਨ ਸਿੰਘ) ਕਬੱਡੀ ਪੰਜਾਬੀਆਂ ਦੇ ਲਹੂ ਵਿੱਚ ਹੈ- (ਬਲਬੀਰ ਸਿੰਘ ਕੰਵਲ) ਵੈਲ ਦਾ ਪਹਿਲਵਾਨ ਨਾਲ ਵੈਰ ਹੁੰਦਾ ਹੈ- ( ਸੂਬਾ ਸਿੰਘ)
“ਮੱਖਣ ਮਲਾਈ ਤਿਓੜ ਪੀਣ ਯੱਖਣੀ, ਇੱਜ਼ਤ ਵਡਿਆਈ ਸਾਂਭ ਸਾਂਭ ਰੱਖਣੀ
ਮਾਵਾਂ ਭੈਣਾਂ ਦੇਖ ਘੱਤਦੇ ਨੇ ਨੀਵੀਆਂ, ਮੱਲਾਂ ਸਾਧਾਂ ਸੂਰਿਆਂ ਨੂੰ ਪੱਟਣ ਤੀਵੀਆਂ
ਰੀਟੇ ਦੀਨਾਂ ਮੱਲਾਂ ਦੀਆਂ ਸੁਣਾਵਾਂ ਗੱਲਾਂ ਜੀ, ਨਦੀਆਂ ’ਤੇ ਹੰਸ ਸ਼ੇਰ ਵਿਚ ਝੱਲਾਂ ਜੀ”
ਬੰਦੇ ਨੂੰ ਬੇਫ਼ਿਕਰ ਰਹਿਣਾ ਚਾਹੀਦਾ। ਬੇਫ਼ਿਕਰ ਰਹਿਣ ਲਈ ਬੰਦਾ ਸਦਾ ਸੱਚ ਬੋਲੇ। ਕਿਸੇ ਦੀ ਨਿੰਦਾ ਨਾ ਕਰੇ। ਕੋਈ ਐਸਾ ਕੰਮ ਨਾ ਕਰੇ ਜੀਹਦੇ ਨਾਲ ਅੰਤਰ ਆਤਮਾ ਨੂੰ ਡਰ ਲੱਗੇ। ਨੇਕੀ ਕਰ ਕੂਏ ਮੇਂ ਡਾਲ ਵਾਲੀ ਕਹਾਵਤ ’ਤੇ ਅਮਲ ਕਰਨ ਵਾਲਾ ਬੰਦਾ ਕਦੇ ਦੁਖੀ ਨਹੀਂ ਹੁੰਦਾ- (ਦਾਰਾ ਸਿੰਘ)। ਰੱਜ ਕੇ ਖਾਣਾ ਰੱਜ ਕੇ ਜ਼ੋਰ ਕਰਨਾ ਪਹਿਲਵਾਨੀ ਦੇ ਤਿੰਨੋ ਮੂਲ ਗੁਣ ਹਨ।..ਇਨਸਾਨ ਨੂੰ ਜਿਉਂਦੇ ਰਹਿਣ ਲਈ ਸਭ ਤੋਂ ਪਹਿਲਾਂ ਰੋਟੀ ਦੀ ਜ਼ਰੂਰਤ ਹੈ ਤੇ ਉਸ ਤੋਂ ਬਾਅਦ ਕਿਸੇ ਅਜਿਹੇ ਵਿਸ਼ਵਾਸ ਦੀ ਜਿਸ ਤੋਂ ਜ਼ਿੰਦਗੀ ਨੂੰ ਕੋਈ ਅਰਥ ਮਿਲ ਸਕੇ-(ਗੁਰਦਿਆਲ ਸਿੰਘ ਬੱਲ)। ਛੱਤ ਉੱਤੇ ਚੜ੍ਹਨ ਲਈ ਪੌੜੀ ਦੇ ਉਪਰਲੇ ਡੰਡੇ ਤੋਂ ਵਧੇਰੇ ਮਹੱਤਵਪੂਰਨ ਭੂਮਿਕਾ ਹੇਠਲੇ ਡੰਡੇ ਨਿਭਾਉਂਦੇ ਹਨ। ਖੇਡਾਂ ਵਿਚ ਫਿੱਟ ਲੋਕ ਸਭਨਾਂ ਕੰਮਾਂ ਲਈ ਫਿੱਟ ਹੁੰਦੇ ਹਨ। ਜਿਹੜਾ ਦੇਸ਼ ਖੇਡਾਂ ਵਿਚ ਜਿੱਤਦਾ ਹੈ, ਉਹ ਫਿਰ ਕਿਸੇ ਵੀ ਖੇਤਰ ਵਿਚ ਨਹੀਂ ਹਾਰਦਾ (ਪਰਮਵੀਰ ਸਿੰਘ ਬਾਠ)
ਇਹ ਪੁਸਤਕ ਸਾਡਾ ਦਿਲ ਪਰਚਾਵਾ ਵੀ ਕਰਦੀ ਹੈ ਅਤੇ ਇਨਾਮੀ ਪਹਿਲਵਾਨਾਂ, ਖਿਡਾਰੀਆਂ, ਲਿਖਾਰੀਆਂ ਤੇ ਦੇਸ਼ਾਂ ਦੀਆਂ ਰਾਜਧਾਨੀਆਂ ਸਮੇਤ ਹੋਰ ਬੜੀ ਮੱੁਲਵਾਨ ਜਾਣਕਾਰੀ ਦਾ ਖ਼ਜ਼ਾਨਾ ਹੈ। “ਲੰਡਨ ਨੂੰ ਦੁਨੀਆ ਦਾ ਦਿਲ ਤੇ ਵਿਸ਼ਵ ਸੱਭਿਅਤਾ ਦੀ ਰਾਜਧਾਨੀ ਕਿਹਾ ਜਾਂਦੈ। ਇਨ੍ਹਾਂ ਗਲੀਆਂ, ਬਾਜ਼ਾਰਾਂ ਤੇ ਘਰਾਂ ਵਿਚ 300 ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ। ਇਹ 2000 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ। ਇਸ ਦੀ ਵਸੋਂ 80 ਲੱਖ ਤੋਂ ਉਪਰ ਹੈ ਜਿਸ ਵਿਚ ਢਾਈ ਲੱਖ ਤੋਂ ਜ਼ਿਆਦਾ ਲੋਕ ਭਾਰਤੀ / ਪੰਜਾਬੀ ਮੂਲ ਦੇ ਹਨ।”-(ਸੰਤੋਖ ਸਿੰਘ ਮੰਡੇਰ)।
“ਕਰਤਾਰ ਭਲਵਾਨ ਮੇਰਾ ਗਰਾਈਂ ਹੈ.. ਉੱਚਾ ਲੰਮਾ, ਗੋਰਾ ਚਿੱਟਾ, ਫੱਬਵੇਂ ਨਕਸ਼, ਮਰਮਰੀ ਬੁੱਤ ਵਾਂਗ ਤਰਾਸ਼ਿਆ ਸਡੌਲ ਜਿਸਮ। ਮੰਦ ਮੰਦ ਮੁਸਕਰਾਉਣ ਵਾਲਾ। ਮੇਲ ਮੁਲਾਕਾਤਾਂ ਵਿਚ ਧੀਮੇ ਬੋਲ ਪਰ ਅਖਾੜੇ ਵਿਚ ਸ਼ੇਰ ਵਰਗੀ ਦਹਾੜ। ਤਾਕਤ ਦਾ ਪਹਾੜ, ਏਸ਼ੀਆ ਦਾ ਸਰਦਾਰ। ਜਗਤ ਜੇਤੂ ਭਲਵਾਨ।”- ( ਵਰਿਆਮ ਸਿੰਘ ਸੰਧੂ)। ਖਿਡਾਰੀਆਂ ਦੇ ਮੂੰਹੋਂ ਬੋਲੀਆਂ ਕਮਜ਼ੋਰੀਆਂ ਮਜਬੂਰੀਆਂ ਨੂੰ ਵੀ ਕਲਮਬੰਦ ਕੀਤਾ ਗਿਆ ਹੈ। ਮਿਲਖਾ ਸਿੰਘ ਨੂੰ ਗ਼ਰੀਬੀ ਤੋਂ ਦੁਖੀ ਹੋ ਕੇ ਚੋਰੀ ਕਰਨੀ ਪਈ। ਦਾਰਾ ਸਿੰਘ ਗ਼ੁਰਬਤ ਦਾ ਮਾਰਿਆ ਤੇ ਕਿੱਸਾ ਜਾਨੀ ਚੋਰ ਦਾ ਉਕਸਾਇਆ ਭਰਮਾਇਆ ਇਕ ਸੱੁਤੀ ਔਰਤ ਦਾ ਹਾਰ ਚੁਰਾਉਣ ਲੱਗਿਆ ਫੜਿਆ ਗਿਆ। ਇੰਡੀਆ ਵਿਚ ਹੋ ਰਹੇ ਹਾਕੀ ਦੇ ਪਤਨ ਬਾਰੇ ਧਿਆਨ ਚੰਦ ਨੇ ਕਿਹਾ : “ਸਾਡੇ ਮੁੰਡੇ ਸਿਰਫ਼ ਖਾਣਾ ਪੀਣਾ ਹੀ ਜਾਣਦੇ ਹਨ। ਮਿਹਨਤ ਕਰਨੀ ਭੁੱਲ ਗਏ।” ਧਿਆਨ ਚੰਦ ਅਸਲ ਵਿਚ ਧਿਆਨ ਸਿੰਘ ਸੀ। ਕਿੱਕਰ ਸਿੰਘ ਦੀ ਮਾਤਾ ਚਾਰ ਪੀਪੇ ਘਿਓ ਦੇ ਖਾ ਗਈ ਸੀ ਜਦੋਂ ਕਿੱਕਰ ਸਿੰਘ ਉਸ ਦੇ ਪੇਟ ਵਿਚ ਸੀ। ਉਹ ਲੱਦੇ ਹੋਏ ਸੌ ਮਣ ਗੱਡੇ ਨੂੰ ਮੋਢਾ ਮਾਰ ਕੇ ਉਲਟਾਇਆ ਕਰਦਾ ਸੀ। ਉਸ ਦੇ ਬੈਠਣ ਨਾਲ ਤਖਤਪੋਸ਼ ਦੀਆਂ ਫੱਟੀਆਂ ਟੁੱਟ ਜਾਂਦੀਆਂ। ਇਕ ਇਕੱਲੀ ਘੋੜੀ ਉਸ ਦਾ ਭਾਰ ਨਾ ਝੱਲਦੀ। ਊਠ ਉੱਤੇ ਕੰਠਾ ਪਹਿਨੀਂ ਜਾਂਦੇ ਨੂੰ ਦੋ ਡਾਕੂਆਂ ਘੇਰ ਲਿਆ।“ਅਗਾਂਹ ਹੋ ਕੇ ਕੈਂਠਾ ਉਤਾਰ ਲਉ ਭਰਾਵੋ। ਮੈਥੋਂ ਗੰਢ ਨਹੀਂ ਖੁੱਲ੍ਹਦੀ।” ਉਸ ਨੇ ਊਠ ਬਿਠਾਲ ਕੇ ਆਖਿਆ। “ਉਹ ਅਗਾਂਹ ਹੋਏ। ਕਿੱਕਰ ਸਿੰਘ ਨੇ ਦੋਹਾਂ ਦੀਆਂ ਧੌਣਾਂ ਨੂੰ ਹੱਥ ਪਾਏ ਤੇ ਊਠ ਉਠਾਲ ਲਿਆ। ਦੋ ਕੋਹ ਉਨ੍ਹਾਂ ਨੂੰ ਬੋਕਨੇ ਪਾਈਆਂ ਟਿੰਡਾਂ ਵਾਂਗ ਲਮਕਾਈ ਗਿਆ। ਤੋਬਾ ਕੀਤੀ ਤੋਂ ਛੱਡੇ।” ਸੂਬਾ ਸਿੰਘ। ਇਕ ਹੋਰ ਸੱਚ। ਮਿਲਖਾ ਸਿੰਘ ਦੀ ਸਵੈ ਜੀਵਨੀ ਪਾਸ਼ ਨੇ ਲਿਖੀ ਸੀ। ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਕਿਰਤ ਤੇ ਕਸਰਤ ਦੇ ਲੜ ਲਾਇਆ। ਆਦਿ ਗ੍ਰੰਥ ਦੀ ਸੰਪਾਦਨਾ ਕਰਨ ਸਮੇਂ ਪਹਿਲਵਾਨੀ ਨਾਲ ਸੰਬੰਧਿਤ ਸ਼ਬਦ ਵੀ ਸੰਪਾਦਤ ਕੀਤੇ :
“ਹਉ ਗੁਸਾਈ ਦਾ ਪਹਿਲਵਾਨੜਾ।। ਮੈ ਗੁਰ ਮਿਲ ਉਚ ਦੁਮਾਲੜਾ।।
ਸਭ ਹੋਈ ਛਿੰਜ ਇਕਠੀਆ।।
ਦਯੁ ਬੈਠਾ ਵੇਖੇ ਆਪ ਜੀਉ ।।”
ਜੋਗਿੰਦਰ ਸਿੰਘ ਜੋਗੀ ਨੇ ਆਪਣੀ ਸਵੈਜੀਵਨੀ ਦੇ ਅਖੀਰ ਵਿਚ ਬੜੇ ਭਾਵਪੂਰਤ ਸ਼ਬਦ ਲਿਖੇ : ਇਹ ਜੋਗੀ ਵਾਲੀ ਫੇਰੀ ਸੀ, ਮੁੜ ਪਵੇ ਕਿ ਨਾ, ਇਹ ਚੰਗੀ ਸੀ ਜਾਂ ਮਾੜੀ, ਉਹ ਰੱਬ ਜਾਣੇ।” ਬਲਵੰਤ ਗਾਰਗੀ ਤੇ ਸ਼ਮਸ਼ੇਰ ਸੰਧੂ ਦੀਆਂ ਖੇਡ ਕਹਾਣੀਆਂ ਅਫ਼ਸਰਸ਼ਾਹੀ ਦੀ ਖੇਡਾਂ ਵੱਲ ਲਾਪਰਵਾਹੀ ਤੇ ਖੇਡ ਸੰਸਾਰ ਵਿਚ ਆਏ ਨਿਘਾਰ ਦੀ ਅਸਲ ਤਸਵੀਰ ਹਨ। ਬਲਵੰਤ ਸਿੰਘ ਸੰਧੂ ਦਾ ਖੇਡ ਨਾਵਲ ਦੁਲਚੀਪੁਰੀਏ ਦਾਰੇ ਦੇ ਦੁੱਖਾਂ ਦੀ ਦਾਸਤਾਨ ਹੈ।
ਲੇਖਕ ਲਈ ਡੂੰਘੀ ਨੀਝ, ਕਲਪਨਾ ਤੇ ਸਿੱਧਾ ਅਨੁਭਵ ਇਹ ਤਿੰਨ ਗੁਣ ਜ਼ਰੂਰੀ ਹੁੰਦੇ। ਪਿ੍ਰੰਸੀਪਲ ਸਰਵਣ ਸਿੰਘ ਅੰਦਰ ਵਿਦਮਾਨ ਇਨ੍ਹਾਂ ਤਿੰਨਾਂ ਗੁਣਾਂ ਦੀ ਸ਼ਾਹਦੀ ਜੋਗਿੰਦਰ ਸਿੰਘ ਜੋਗੀ ਦੇ ਇਹ ਬੋਲ ਠੋਕ ਵਜਾ ਕੇ ਭਰਦੇ ਹਨ: “ਜਦੋਂ ਸਾਡਾ ਐਨ. ਆਈ. ਐਸ. ਵਿਚ ਕੈਂਪ ਲੱਗਾ, ਇਕ ਬੰਦਾ ਹਰ ਰੋਜ਼ ਸਾਡੇ ਕੋਲ ਆ ਕੇ ਬੈਠਾ ਰਹਿੰਦਾ ਸੀ। ਮੈਂ ਕਈ ਵਾਰ ਦਿਲ ਵਿਚ ਸੋਚਦਾ ਸਾਂ, ਇਸ ਦੇ ਖੇਡਾਂ ਦੇ ਸ਼ੌਕ ਨੂੰ ਤੇ ਮੰਨਦਾ ਹਾਂ, ਪਰ ਇਹ ਕਿਤੇ ਘਰੋਂ ਤਾਂ ਨਹੀਂ ਕੱਢਿਆ ਹੋਇਆ? ਉਹ ਗੱਲਾਂ-ਗੱਲਾਂ ਵਿਚ ਬਹੁਤ ਸਾਰੇ ਸਵਾਲ ਵੀ ਕਰ ਜਾਂਦਾ ਸੀ। ਜਿਵੇਂ ਤੇਰਾ ਪਿੰਡ ਕਿਹੜਾ ਹੈ, ਕਿੰਨੇ ਭਰਾ ਓ, ਕਿੰਨਾ ਪੜ੍ਹਿਆ ਹੋਇਆ ਹੈਂ? ਕਦੋਂ ਫ਼ੌਜ ਵਿਚ ਗਿਆ? ਤੇ ਕਿਵੇਂ ਗੋਲਾ ਸੁੱਟਣ ਦਾ ਸ਼ੌਕ ਜਾਗਿਆ? ਕੁਝ ਚਿਰ ਮਗਰੋਂ ਇਕ ਦਿਨ ਉਸ ਨੇ ਮੈਨੂੰ ਇਕ ਰਸਾਲਾ ਦਿੱਤਾ ਜਿਸ ਵਿਚ ਮੇਰੇ ਬਾਰੇ ਇਕ ਲੇਖ ਸੀ ‘ਜੰਗਲੀ ਮੋਰ’। ਇਹ ਲੇਖ ਉਸੇ ਇਨਸਾਨ ਨੇ ਲਿਖਿਆ ਸੀ ਜਿਹੜਾ ਸਾਥੋਂ ਹਰ ਰੋਜ਼ ਸਵਾਲ ਪੁੱਛਦਾ ਰਹਿੰਦਾ ਸੀ।” ਖੇਡਾਂ ਖਿਡਾਰੀਆਂ ਲਈ ਐਸੀ ਰੀਝ ਤੇ ਨੀਝ ਉਸ ‘ਬੰਦੇ’ ਅੰਦਰ ਉਦੋਂ ਉਸਲਵੱਟੇ ਲੈ ਰਹੀ ਸੀ ਜਿਹੜਾ ਆਪਣੇ ਅੰਦਰ ਉਪਜੇ ਇਸ ਅਵੱਲੇ ਸ਼ੌਕ ਨੂੰ ਪੂਰਾ ਕਰਨ ਤੇ ਨਿਖਾਰਨ ਲਈ ਬਾਅਦ ਵਿਚ ਜੋਗਿੰਦਰ ਸਿੰਘ ਜੋਗੀ ਵਰਗੇ ਅਨੇਕਾਂ ਦਰਸ਼ਨੀ ਖਿਡਾਰੀਆਂ/ ਭਲਵਾਨਾਂ ਨੂੰ ਨਿਹਾਰਦਾ ਰਿਹਾ। ਅਜਿਹੀ ਨੀਝ ਤੇ ਸਮੱਰਪਣ ਦੀ ਭਾਵਨਾ ਤੋਂ ਬਿਨਾਂ ਉਹ ‘ਇਨਸਾਨ’ ਅੱਜ ਦਾ ਮਸ਼ਹੂਰ ਖੇਡ ਲੇਖਕ ਸਰਵਣ ਸਿੰਘ ਨਹੀਂ ਸੀ ਬਣ ਸਕਦਾ।
- ਅਵਤਾਰ ਸਿੰਘ ਬਿਲਿੰਗ