ਮੈਂ ਕੀ ਆਖਾਂ ਤੇਰੇ ਰੂਪ ਨੂੰ
ਜਿਹਦੀ ਡੁੱਲ੍ਹ-ਡੁੱਲ੍ਹ ਪਵੇ ਨੁਹਾਰ
ਜਿਹਦੀ ਇਕ ਝਲਕ ਦੇ ਵਾਸਤੇ
ਦੇਵਾਂ ਆਪਾ ਵਾਰ
ਸੋਨੇ ਰੰਗੇ ਰੂਪ ’ਚੋਂ
ਡੁੱਲ੍ਹ-ਡੁੱਲ੍ਹ ਪੈਂਦਾ ਨੂਰ
ਹੋ ਗਈ ਧਰਤ ਸੁਨਹਿਰੀ
ਚੜ੍ਹਦਾ ਵੇਖ ਸਰੂਰ
ਕਿਸ ਕਲਾਕਾਰ ਦੀ ਕਲਾ ਇਹ
ਜਾਂ ਹੈ ਰੱਬੀ ਨੂਰ
ਆਵਾਜ਼ਾਂ ਮਾਰ ਬੁਲਾਂਵਦਾ
ਜਰਾ ਰੁਕੋ ਤਾਂ ਤੁਸੀਂ ਹਜ਼ੂਰ
ਅੱਗੇ ਤੁਰਨ ਨਾ ਦੇਂਵਦਾ
ਰਸਤੇ ਵਿਚ ਖਲੋ
ਰਾਹੀ ਤੁਰਨਾ ਭੁਲਦੇ
ਇਸ ਦਾ ਵੇਖ ਜਲੌਅ
ਜਾ ਕੋਲ ਜਦੋਂ ਹਾਂ ਬੈਠਦੀ
ਕਰਦਾ ਲਾਡ ਦੁਲਾਰ
ਗੱਲਾਂ ਬੜੀਆਂ ਮਾਰਦਾ
ਦੇਂਦਾ ਰੂਹ ਸ਼ਿੰਗਾਰ
ਯਾਦ ਮੈਨੂੰ ਹੈ ਆਂਵਦਾ
ਹੋਵਾਂ ਜਦੋਂ ਉਦਾਸ
ਸੋਚਾਂ ਵਿਚ ਪਾ ਗਲਵਕੜੀ
ਰੂਹ ਨੂੰ ਦਿੰਦਾ ਧਰਵਾਸ
ਸੱਚਾ ਰੂਪ ਹੈ ਏਸ ਦਾ
ਸੱਚੀ ਸੁੱਚੀ ਛੋਹ
ਨੱਚੇ ਰੂਹ ਹੋ ਬਾਵਰੀ
ਮਨ ਨੂੰ ਲੈਂਦਾ ਮੋਹ
ਸ਼ਾਇਦ ਇਸ ਦੇ ਰੂਪ ਦੇ
ਬਾਰੇ ਹੀ ਗੁਰੂਆਂ ਲਿਖਿਆ
ਬਲਿਹਾਰੀ ਕੁਦਰਤ ਵੱਸਿਆ
ਤੇਰਾ ਅੰਤ ਨਾ ਜਾਇ ਲਖਿਆ...!!
(ਕਿਰਨਾਂ ਸੋਨ ਰੰਗੀਆਂ) 2018
ਮਈ-ਜੂਨ ਦਾ ਖ਼ਿਆਲ ਆਉਂਦੇ ਹੀ ਮੇਰੇ ਅੰਦਰ ਅਮਲਤਾਸ ਖਿੜਨ ਲਗਦੇ ਨੇ ..ਜਿਉਂ-ਜਿਉਂ ਤਾਪਮਾਨ ਵਧਦਾ ਹੈ ਤਾਂ ਅਮਲਤਾਸ ਦੀਆਂ ਬਦਾਣੇ ਵਰਗੀਆਂ ਡੋਡੀਆਂ ਵਿੱਚੋਂ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ ..ਫਿੱਕੇ ਪੀਲੇ, ਸਰ੍ਹੋਂ ਰੰਗੇ, ਗੂੜ੍ਹੇ ਪੀਲੇ ਫੁੱਲ ਦੀਵਾਲੀ ਦੇ ਦਿਨਾਂ ਵਿਚ ਜਗਦੀਆਂ ਲੜੀਆਂ ਵਾਂਗ ਜਾਪਦੇ ਨੇ ਤੇ ਤਪਦੀ ਦੁਪਹਿਰ ਵਿਚ ਇਸ ਦੇ ਆਸ-ਪਾਸ ਪੱਸਰੀ ਰੌਸ਼ਨੀ ਹਜ਼ਾਰਾਂ ਵਾਟ ਬਲਬਾਂ ਦੇ ਚਾਨਣ ਨੂੰ ਮਾਤ ਪਾਉਂਦੀ ਹੈ
ਅਮਲਤਾਸ ਨਾਲ ਮੈਨੂੰ ਅੰਤਾਂ ਦਾ ਮੋਹ ਹੈ। ਇਸ ਨਾਲ ਮੇਰੀ ਸਾਂਝ ਬਾਰੇ ਇਕ ਬਹੁਤ ਹੀ ਰੌਚਕ ਕਿੱਸਾ ਹੈ। ਮਈ ਦਾ ਮਹੀਨਾ ਸੀ। ਅੱਤ ਦੀ ਗਰਮੀ ਤੋਂ ਬਾਅਦ ਸਵੇਰੇ ਬਾਰਿਸ਼ ਹੋ ਕੇ ਹਟੀ ਸੀ। ਸੈਰ ਕਰਦਿਆਂ ਮੇਰਾ ਧਿਆਨ ਪੀ.ਏ.ਯੂ ਵਿਚ ਹੋਮ ਸਾਇੰਸ ਕਾਲਜ ਦੇ ਨਾਲ ਲਗਦੀ ਸੜਕ ਵੱਲ ਗਿਆ। ਪੂਰੀ ਸੜਕ ਬਸੰਤੀ ਰੰਗ ਦੇ ਫੁੱਲਾਂ ਦੀ ਸੇਜ ਵਾਂਗ ਸਜੀ ਹੋਈ ਸੀ। ਉੱਪਰ ਵੱਲ ਨਿਗਾਹ ਮਾਰੀ ਤਾਂ ਅਸਮਾਨ ਛੂੰਹਦੇ ਪੀਲੇ ਰੰਗ ਦੇ ਫੁੱਲਾਂ ਨਾਲ ਲੱਦੇ ਹੋਏ ਗੁੱਛੇ ਜਿਵੇਂ ਗਹਿਣਿਆਂ ਦੀ ਦੁਕਾਨ ਹੋਵੇ। ਇਕ ਹੀ ਜਗ੍ਹਾ ’ਤੇ ਏਨੀ ਖ਼ੂਬਸੂਰਤੀ ਏਨਾ ਆਕਰਸ਼ਣ ਵੇਖ ਕੇ ਮੈਂ ਦੰਗ ਰਹਿ ਗਈ। ਸਾਡੇ ਗੁਰੂਆਂ ਨੇ ਕੁਝ ਅਜਿਹੇ ਹੀ ਅਦਭੁਤ ਦਿ੍ਰਸ਼ ਦੇਖੇ ਹੋਣਗੇ ਜੋ ਉਨ੍ਹਾਂ ਨੇ ਗੁਰਬਾਣੀ ਵਿਚ ਵੀ ਜਗ੍ਹਾ-ਜਗ੍ਹਾ ਕੁਦਰਤ ਦੀ ਉਸਤਤਿ ਕੀਤੀ ਹੈ। ਇਸ ਖ਼ੂਬਸੂਰਤੀ ਨੂੰ ਹਮੇਸ਼ਾ ਵਾਸਤੇ ਸਾਂਭ ਲੈਣ ਲਈ ਮੈਂ ਕੈਮਰੇ ਨਾਲ ਇਸ ਦੀਆਂ ਤਸਵੀਰਾਂ ਖਿੱਚਣ ਲੱਗੀ। ਅਲੱਗ-ਅਲੱਗ ਪੋਜ਼ ਬਣਾਉਂਦੇ ਫੁੱਲਾਂ ਦੇ ਗੁੱਛੇ ਕਦੇ ਕਿਸੇ ਸੱਜ ਵਿਆਹੀ ਵਹੁਟੀ ਦੇ ਕਲੀਰੇ, ਕਦੇ ਸੋਹਣੀ ਜਿਹੀ ਮੁਟਿਆਰ ਦੇ ਕੰਨ ਦੇ ਝੁਮਕੇ ਤੇ ਅਗਲੇ ਹੀ ਪਲ ਕਿਸੇ ਸਾਊਥ ਇੰਡੀਅਨ ਮੁਟਿਆਰ ਦੇ ਵਾਲਾਂ ਦੇ ਗਜਰੇ ਵਾਂਗ ਜਾਪੇ। ਠੰਢੀ ਰੁਮਕਦੀ ਕੂਲੀ ਪੌਣ ਨਾਲ ਕਿਰਦੀਆਂ ਫੁੱਲਾਂ ਦੀਆਂ ਪੱਤੀਆਂ ਬਾਰਿਸ਼ ਦੀਆਂ ਬੂੰਦਾਂ ਵਾਂਗ ਧਰਤ ਨੂੰ ਚੁੰਮਦੀਆਂ ਤੇ ਅਜੀਬ ਜਿਹੀ ਖ਼ੁਸ਼ਬੂ ਨਾਲ ਮੇਰਾ ਤਨ ਮਨ ਸਰਸ਼ਾਰ ਕਰ ਰਹੀਆਂ ਸਨ। ਏਨਾ ਅਦਭੁਤ ਨਜ਼ਾਰਾ ਵੇਖ ਕੁਝ ਅਹਿਸਾਸ ਕਵਿਤਾ ਦੇ ਰੂਪ ਵਿਚ ਰੂਹ ਵਿਚ ਉਤਰਨ ਲੱਗੇ...
ਪਿਆਰੇ ਅਮਲਤਾਸ
ਜਦ ਵੀ ਮਿਲਦੀ ਹਾਂ
ਤੂੰ ਬਣੇ ...
ਕਦੀ......
ਕਲੀਰਾ
ਝੁਮਕਾ
ਮਾਲਾ
ਗਜਰਾ
ਤੇ ਕਦੀ
ਵਿਛ ਜਾਂਦਾ ਪੈਰਾਂ ’ਚ
ਚੁੰਮਦਾ ਪੈਰ
ਕਿਹੜੇ-ਕਿਹੜੇ ਰੂਪ ਵਿਚ
ਮਿਲਦਾ ਤੂੰ ਮੈਨੂੰ....
ਮੇਰੇ ਪਿਆਰੇ ਅਮਲਤਾਸ...!!
(ਕਿਰਨਾਂ ਸੋਨ ਰੰਗੀਆਂ) 2018
ਅਮਲਤਾਸ ਬਾਰੇ ਕਵਿਤਾਵਾਂ ਮੇਰੇ ਇਨ੍ਹਾਂ ਮੁਹੱਬਤੀ ਪਲਾਂ ਦੀ ਦਾਸਤਾਨ ਹਨ ਤੇ ਇਨ੍ਹਾਂ ਤਸਵੀਰਾਂ ਰਾਹੀਂ ਇਹ ਹਰ ਮੌਸਮ ਵਿਚ ਮੇਰੇ ਅੰਦਰ ਖਿੜਿਆ ਰਹਿੰਦਾ ਹੈ। ਖ਼ੁਸ਼ਕ ਰੁੱਤ ਦੇ ਹੁੰਮਸ ਭਰੇ ਚੁਮਾਸਿਆਂ ਵਿਚ ਭਰ ਖਿੜਿਆ ਅਮਲਤਾਸ ਤਪ ਕਰਦੇ ਕਿਸੇ ਜੋਗੀ ਵਾਂਗ ਜਾਪਦਾ ਮੇਰੇ ਅੰਦਰ ਅਜੀਬ ਕਿਸਮ ਦਾ ਰਾਗ ਛੇੜਦਾ ਮੈਨੂੰ ਆਪਣੇ ਹੀ ਰੰਗ ਵਿਚ ਰੰਗ ਲੈਂਦਾ ਹੈ। ਜ਼ਿੰਦਗੀ ਦੇ ਇਨ੍ਹਾਂ ਰੰਗਾਂ ਨੂੰ ਪੇਸ਼ ਕਰਦੀ ਮੇਰੀ ਇਹ ਕਵਿਤਾ...
ਸੌਖਾ ਨਹੀਂ ਹੁੰਦਾ
ਅਮਲਤਾਸ ਹੋ ਜਾਣਾ
ਕਰਨੀ ਪੈਂਦੀ ਹੈ ਉਡੀਕ
ਪੂਰਾ ਇਕ ਵਰ੍ਹਾ
ਤੇਰੀ ਰੱਬੀ ਮੁਸਕਾਨ ਖ਼ਾਤਿਰ
ਤਪਣਾ ਪੈਂਦਾ
ਜੇਠ ਹਾੜ ਦੀਆਂ ਧੁੱਪਾਂ ’ਚ
ਲੁੱਛਣਾ ਪੈਂਦਾ
ਚੁਮਾਸਿਆਂ ਦੀ ਅਗਨ ’ਚ
ਕਿਸੇ ਸੁਨਿਆਰ ਦੀ ਭੱਠੀ ਵਾਂਗ
ਜਿਵੇਂ ਸੋਨਾ ਪਿਘਲਦਾ
ਕੁਠਾਲੀਆਂ ਦੇ ਘਰੀਏ ’ਚ
ਤੂੰ ਆ
ਤੇ ਮਿਲ ਮੈਨੂੰ
ਝੁਮਕਾ ਬਣ
ਸ਼ਿੰਗਾਰ ਹੋ ਜਾਵਾਂਗਾ ਤੇਰੇ ਕੰਨਾਂ ਦਾ
ਗਜਰਾ ਬਣ
ਮਹਿਕਾਂਗਾ ਤੇਰੇ ਕੇਸਾਂ ਦੇ ਸੰਘਣੇ ਜੰਗਲ ’ਚ
ਮਾਲਾ ਬਣ
ਟਹਿਕਾਂਗਾ ਤੇਰੀ ਧੌਣ ਸੁਰਾਹੀ ਦੀ ਢਾਕ ਉੱਤੇ
ਕਲੀਰਾ ਬਣ
ਸ਼ਗਨ ਹੋ ਜਾਵਾਂਗਾ ਤੇਰੀ ਵੀਣੀ ਦਾ
ਤੇਰੀ ਸੇਜ
ਮੇਰੀ ਇਬਾਦਤ ਹੋ ਨਿਬੜੇ
ਤੂੰ ਆ
ਤੇ ਮਿਲ ਤਾਂ ਸਹੀ ਮੈਨੂੰ ....!!
(ਪੌਣਾਂ ਦੀ ਸਰਗਮ) 2021
ਦਰਅਸਲ ਅਸੀਂ ਰੁੱਖਾਂ ਨਾਲ ਗੱਲਾਂ ਕਰਨੀਆਂ ਭੁੱਲ ਗਏ ਹਾਂ। ਪੰਛੀਆਂ ਦੀ ਚੀਂ-ਚੀਂ ਸਾਡੇ ਅੰਦਰ ਸਰਗਮ ਨਹੀਂ ਛੇੜਦੀ। ਚੜ੍ਹਦਾ ਸੂਰਜ ਸਾਡੇ ਮੱਥੇ ’ਤੇ ਤੇਜ਼ ਨਹੀਂ ਲੈ ਕੇ ਆਉਂਦਾ। ਤ੍ਰੇਲ ਭਿੱਜੇ ਫੁੱਲ ਸਾਡੇ ਅੰਦਰ ਆਨੰਦ ਦਾ ਸੰਚਾਰ ਨਹੀਂ ਕਰਦੇ। ਅਸੀਂ ਕੁਦਰਤ ਨਾਲ ਮੋਹ ਕਰਨਾ ਭੁੱਲ ਗਏ ਹਾਂ। ਅਸੀਂ ਆਪਣੇ ਘਰਾਂ ਦੇ ਏਅਰ ਕੰਡੀਸ਼ਨਰਾਂ ਵਿਚਲੀ ਠੰਢਕ ਨੂੰ ਹੀ ਆਨੰਦ ਸਮਝਣ ਲੱਗ ਪਏ ਹਾਂ।
ਅੰਮਿ੍ਰਤ ਵੇਲੇ ਉੱਠ ਕੇ ਕਦੇ ਅਮਲਤਾਸ ਨੂੰ ਮਿਲੋ ਤਾਂ ਸਹੀ ਉਹ ਤੁਹਾਡੇ ਨਾਲ ਗੱਲਾਂ ਕਰੇਗਾ। ਤਪਦੀ ਗਰਮੀ ਦੀ ਤਪਸ਼ ਤੋਂ ਕੁਝ ਪਲ ਠੰਡਕ ਤੇ ਤਾਜ਼ਗੀ ਦਏਗਾ ..
ਕਰੀਂ ਤੂੰ ਗੱਲਾਂ ਅਮਲਤਾਸ ਨਾਲ
ਉਹ ਭਰੇਗਾ ਹੁੰਗਾਰਾ ...!!
ਲੂੰਆਂ ਝੁਲਸੀ ਗਰਮੀ ਨੂੰ ਲਲਕਾਰਦਾ, ਗਰਮ ਹਵਾਵਾਂ ਸੰਗ ਝੂਮਦਾ ਅਮਲਤਾਸ ਜ਼ਿੰਦਗ਼ੀ ’ਚ ਰੰਗ ਭਰਦਾ, ਅੱਖਾਂ ਲਈ ਸਕੂਨ ਤੇ ਤਾਜ਼ਗੀ ਲੈ ਕੇ ਆਉਂਦਾ। ਦਿਲ ਵਿਚ ਚਾਅ ਤੇ ਉਮੰਗ ਭਰਦਾ ਜੇਠ ਹਾੜ੍ਹ ਦੇ ਚੁਮਾਸਿਆਂ ਵਿਚ ਵੀ ਖਿੜੇ ਰਹਿਣ ਦਾ ਸੰਦੇਸ਼ ਦਿੰਦਾ ਹੈ ..!!
- ਜਸ ਪ੍ਰੀਤ