ਬਲਦੇਵ ਸਿੰਘ ਸੜਕਨਾਮਾ ਨਾਵਲਕਾਰ ਰਾਮ ਸਰੂਪ ਅਣਖੀ ਪਿੱਛੋਂ ਸਥਾਪਿਤ ਹੋਇਆ ਨਾਵਲਕਾਰ ਹੈ,ਜੋ ਪੇਂਡੂ ਪਾਠਕਾਂ ਵੱਲੋਂ ਵੀ ਪੜ੍ਹਿਆ ਜਾਂਦਾ ਹੈ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਸ਼ਹਿਰੀ ਵਰਗ ਵਿਚ ਵੀ। ਹਥਲਾ ਨਾਵਲ ਵਗਦੇ ਦਰਿਆ ਉਸਦਾ ਪਿੱਛੇ ਜਿਹੇ ਛਪਿਆ ਨਾਵਲ ਹੈ। ਜਿਸਦਾ ਕਥਾਨਕ ਪੇਂਡੂ ਹੈ ਤੇ ਨਾਵਲ ਦੇ ਮੂਲ ਬੀਜ ਪੰਜਾਬ ਵਿਚ ਵਿਆਪਕ ਰੂਪ ਧਾਰ ਚੁੱਕੀ ਬੇਰੁਜ਼ਗਾਰੀ ’ਚੋਂ ਪੈਦਾ ਹੋਏ ਹਨ।
ਨੌਜਵਾਨ ਮੁੰਡੇ-ਕੁੜੀਆਂ ਤੇ ਉਨ੍ਹਾਂ ਦੇ ਮਾਪੇ ਇਸ ਦਾ ਹੱਲ ਵਿਦੇਸ਼ਾਂ ਵਿੱਚੋਂ ਲੱਭ ਰਹੇ ਹਨ। ਪਹਿਲਾਂ ਜਿਵੇਂ ਮਾਪਿਆਂ ਵੱਲੋਂ ਆਪਣੇ ਲੜਕੇ-ਲੜਕੀਆਂ ਨੂੰ ਵਿਦੇਸ਼ਾਂ ’ਚ ਭੇਜਣ ਲਈ ਸ਼ਰਮਸ਼ਾਰ ਤਰੀਕੇ ਅਪਣਾਏ ਜਾਂਦੇ ਸਨ ਪਰ ਹੁਣ ਪੈਸੇ ਦੇ ਜ਼ੋਰ ਤੇ ਇਹ ਖੇਡ ਖੇਡੀ ਜਾ ਰਹੀ ਹੈ। ਹੁਣ ਲੁਕਵੇਂ ਰੂਪ ’ਚ ਗ਼ੈਰ ਜਾਤੀ ਵਿਆਹਾਂ ਨੂੰ ਸਰਦੇ-ਪੁਜਦੇ ਮਾਪੇ ਆਪਣੇ ਪੁੱਤਰਾਂ ਨੂੰ ਬਾਹਰ ਭੇਜਣ ਲਈ ਰਾਹਦਾਰੀ ਬਣਾ ਰਹੇ ਹਨ। ਨਾਵਲ ਵਿਚ ਜ਼ਮੀਨ ਜਾਇਦਾਦ ਦਾ ਮਾਲਕ ਰੁਲੀਆ ਸਿੰਘ ਸੇਵਾ ਮੁਕਤ ਅਧਿਆਪਕ ਹੈ, ਜਿਸਦਾ ਪੁੱਤਰ ਸੰਦੀਪ ਸਨੀ ਨਸ਼ੇੜੀ ਹੈ ਪਰ ਪੜ੍ਹ ਕੇ ਬੀ ਏ ਕਰਨੀ ਉਸਦੇ ਵੱਸ ਦਾ ਰੋਗ ਨਹੀਂ। ਉਹ ਮਾਪਿਆਂ ਅੱਗੇ ਕੈਨੇਡਾ ਜਾਣ ਦੀ ਹਿੰਡ ਕਰਦਾ ਹੈ ਪਰ ਉਸਦੇ ਬੈਂਡ ਕੈਨੇਡਾ ਜਾਣ ਜੋਗਰੇ ਨਹੀਂ । ਇਸੇ ਦੌਰਾਨ ਸਨੀ ਦੇ ਬਾਪ ਕੋਲ ਉਸਦਾ ਮਿੱਤਰ ਅਧਿਆਪਕ ਵੀਰ ਸਿੰਘ ਆਉਦਾ ਹੈ ਤੇ ਦੱਸਦਾ ਹੈ ਕਿ ਜੈਪਾਲ ਸਿੰਘ ਦੀ ਕੁੜੀ ਮਨਮੀਤ ਆਇਲਟਸ ਕਰ ਗਈ ਹੈ। ਉਸਦੇ ਸੱਤ ਬੈਂਡ ਆਏ ਹਨ, ਪਰ ਜੈਪਾਲ ਕਹਿੰਦਾ ਹੈ ਕਿ ਉਸ ਕੋਲ ਕੁੜੀ ਬਾਹਰ ਭੇਜਣ ਲਈ ਪੈਸੇ ਨਹੀਂ ਪਰ ਜੇ ਕੋਈ ਪੈਸੇ ਲਾਉਣ ਵਾਲਾ ਹੋਵੇ ਦੱਸ ਦੇਣਾ। ਗ਼ਰੀਬ ਜੈਪਾਲ ਦੀ ਮੱਦਦ ਹੋ ਜਾਵੇਗੀ। ਰੁਲੀਆ ਸਿੰਘ ਨੂੰ ਸਨੀ ਬਾਰੇ ਸਿੱਧਾ ਤਾਂ ਨਹੀਂ ਕਹਿੰਦਾ ਕਿਉਕਿ ਜੈਪਾਲ ਦਲਿਤ ਜਾਤੀ ਨਾਲ ਸਬੰਧਿਤ ਹੈ।ਉਹ ਸੋਚਦਾ ਹੈ ਕਿ ਜੇ ਰੁਲੀਆ ਸਿੰਘ ਦਾ ਮਨ ਹੋਇਆ ਆਪੇ ਗੱਲ ਤੋਰ ਲਵੇਗਾ। ਪਰ ਰੁਲੀਆ ਸਿੰਘ ਸਨੀ ਤੋਂ ਤੰਗ ਆਇਆ ਹੋਇਆ ਨਸ਼ੇ ਕਾਰਨ ਡਿੱਗਣ ਕਾਰਨ ਉਸ ਦਾ ਵਾਰ-ਵਾਰ ਇਲਾਜ ਕਰਵਾਉਣਾ ਪੈ ਰਿਹਾ ਹੈ। ਅੰਤ ਰੁਲੀਆ ਤੇ ਉਸਦੀ ਘਰਵਾਲੀ ਮੁੱਖ ਅਧਿਆਪਕਾ ਦਲੀਪ ਕੌਰ ਹਿੱਕ ਤੇ ਅਣਚਾਹਿਆ ਪੱਥਰ ਧਰ ਕੇ ਸਨੀ ਦਾ ਵਿਆਹ ਮਨਮੀਤ ਨਾਲ ਕਰਨ ਲਈ ਅਣਚਾਹਿਆ ਜ਼ਹਿਰ ਪੀਣ ਲਈ ਮਜਬੂਰ ਹੋ ਜਾਂਦੇ ਹਨ। ਦੋਹਾਂ ਦਾ ਵਿਆਹ ਹੋ ਜਾਂਦਾ ਹੈ। ਲੋੜੀਂਦਾ ਪਰਦਾ ਵੀ ਰੱਖਿਆ ਜਾਂਦਾ ਹੈ। ਪਰ ਇਹ ਵਿਆਹ, ਵਿਆਹ ਨਹੀਂ, ਸਗੋ ਮਨਮੀਤ ਤੇ ਸਨੀ ਦੀਆਂ ਅਧੂਰੀਆਂ ਇਛਾਵਾਂ ਦੀ ਪੂਰਤੀ ਦਾ ਜਰੀਆ ਹੈ। ਦੋਵੇਂ ਆਪਣੇ ਆਪਣੇ ਪੱਧਰ ’ਤੇ ਕੈਨੇਡਾ ਜਾ ਕੇ ਤਲਾਕ ਦੇਣ ਦਾ ਮਨ ਬਣਾਈ ਬੈਠੇ ਹਨ। ਮਨਮੀਤ ਦਾ ਆਪਣੀ ਜਾਤ ਦੇ ਕੈਲੀ ਨਾਮ ਦੇ ਮੁੰਡੇ ਨਾਲ ਪਿਆਰ ਹੈ ਤੇ ਸਨੀ ਜੱਟਾਂ ਦੀ ਕੁੜੀ ਜੱਸੀ ਨਾਲ ਪਿਆਰ ਕਰਦਾ ਹੈ। ਦੋਵੇਂ ਇਕ ਦੂਜੇ ਨੂੰ ਕੈਨੇਡਾ ਜਾ ਕੇ ਤਲਾਕ ਦੇਣ ਦਾ ਵਿਸ਼ਵਾਸ ਦਿਵਾਉਦੇ ਹਨ ਪਰ ਜਦੋਂ ਇਸ ਵਿਆਹ ਬਾਰੇ ਇਕ ਵਿਦੇਸ਼ੀ ਵਿਆਹ ਕਰਵਾਉਣ ਵਾਲੇ ਏਜੰਟ ਰਾਮ ਸਰੂਪ ਤਿਵਾੜੀ ਨੂੰ ਪਤਾ ਲੱਗਦਾ ਹੈ ਤਾਂ ਉਹ ਜੈਪਾਲ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਉਸ ਕੋਲ ਇਕ ਪਾਰਟੀ ਹੈ, ਜਿਹੜੀ ਕੁੜੀ ਦਾ ਪੜ੍ਹਾਈ ਦਾ ਖ਼ਰਚ ਵੀ ਕਰੇਗੀ ਤੇ ਉਸਨੂੰ ਵੀ ਪੰਜ ਲੱਖ ਰੁਪਏ ਦੇਵੇਗੀ, ਤਿਵਾੜੀ ਦਖ਼ਲ ਨਾ ਦੇਣ ਦੇ ਹੀ ਪੰਜ ਲੱਖ ਰੁਪਏ ਵਟੋਰ ਲੈਂਦਾ ਹੈ। ਪਰ ਰੁਲੀਆ ਸਿੰਘ ਇਹ ਸਭ ਕੁਝ ਕਰਨ ਲਈ ਮਜਬੂਰ ਹੈ। ਮਨਮੀਤ ਵਿਆਹ ਕਰਵਾ ਕੇ ਸਨੀ ਦੇ ਘਰੇ ਵੀ ਆਉਦੀ ਹੈ ਪਰ ਦੇਹ ਸੁੱਚੀ ਰਖਦੀ ਹੈ। ਕਿਸ ਮੋੜ ’ਤੇ ਆ ਗਈ ਹੈ ਅਜੋਕੇ ਵਿਆਹਾਂ ਦੀ ਹੋਣੀ? ਨਾਵਲ ਦਾ ਪਸਾਰਾ ਬਹੁਤ ਹੈ। ਨਸ਼ਾ ਛੁਡਾਊ ਕੇਂਦਰਾਂ ਦਾ ਬੜਾ ਕੋਝਾ ਯਥਾਰਥ ਚਿਤਰਿਆ ਗਿਆ ਹੈ। ਨਾਵਲ ਦੀ ਤੋਰ ਬੜੀ ਸਹਿਜ ਹੈ ਅਤੇ ਪਾਤਰਾਂ ਦਾ ਨਿਤਾਪ੍ਰਤੀ ਜੀਵਨ ਦਾ ਹਰ ਰੁਝੇਵਾਂ ਵਾਪਰਦਾ ਵਿਖਾਈ ਦਿੰਦਾ ਹੈ। ਨਾਵਲ ’ਚ ਕਿਸਾਨੀ ਦਰਦ ਮਹਿਸੂਸ ਕਰਨ ਵਾਲੇ ਮਾਸਟਰ ਵੀਰ ਸਿੰਘ, ਕਰਾਂਤੀਪਾਲ ਹਨ। ਰੁਲੀਆ ਸਿੰਘ ਕਿਸਾਨ ਹੋਣ ਕਰਕੇ ਉਨ੍ਹਾਂ ਦੇ ਵਿਚਾਰਾਂ ਦਾ ਹਾਮੀ ਹੈ। ਇਹ ਤਿੰਨੇ ਦੋਸਤ ਹਨ। ਇਕ ਦੂਜੇ ਦੇ ਦੁਖ-ਸੁੱਖ ਦੇ ਸੀਰੀ ਹਨ। ਪਰ ਦੁੱਖ ਦੀ ਗੱਲ ਹੈ ਕਿ ਜਦੋਂ ਇਕੱਠੇ ਹੁੰਦੇ ਹਨ, ਸ਼ਰਾਬ ਪੀਂਦੇ ਹਨ। ਇਸ ਦਰਸਾਏ ਵਰਤਾਰੇ ਤੋਂ ਪ੍ਰਤੀਤ ਹੁੰਦਾ ਹੈ,ਜਿਵੇਂ ਪੰਜਾਬ ਦਾ ਜੀਵਨ ਹੀ ਨਸ਼ਾ ਅਧਾਰਿਤ ਹੋ ਚੁੱਕਿਆ ਹੋਵੇ, ਸ਼ਰਾਬ ਪੀਂਦੇ ਹੋਏ ਉਹ ਗੱਲਾਂ ਕਿਸਾਨੀ ਸੰਘਰਸ਼ ਦੀਆਂ ਕਰਦੇ ਹਨ। ਨਾਵਲ ’ਚ ਸਨੀ ਦੇ ਮਾਪੇ ਉਸਦੀ ਹਰ ਵੇਲੇ ਨਿਗਾਹ ਰੱਖਦੇ ਹਨ ਕਿਤੇ ਉਹ ਬਾਹਰ ਨਸ਼ਾ ਕਰਨ ਨਾ ਨਿੱਕਲ ਜਾਵੇ, ਜਿਵੇਂ ਉਹ ਆਚਰਣ ਧੀ ਹੋਵੇ। ਉਸਦੇ ਬਾਹਰ ਜਾਣ ਤੋਂ ਰੋਕਣਾ ਹੀ ਮਾਪਿਆਂ ਦਾ ਜ਼ਰੂਰੀ ਕੰਮ ਬਣਿਆ ਹੋਇਆ ਹੈ। ਲੇਖਕ ਨੇ ਨਾਵਲ ਦਿੱਲੀ ਸੰਘਰਸ਼ ਨਾਲ ਜੋੜਿਆ ਹੈ। ਸੰਘਰਸ਼ ਦੀ ਸਫਲਤਾ ਦਾ ਕਾਰਨ ਕਿਸਾਨੀ ਦਾ ਧੁੰਦਲਾ ਭਵਿੱਖ ਦਰਸਾਇਆ ਹੈ। ਨਾਵਲ ਹਰ ਪੱਖੋਂ ਸਫਲ ਜਾਪਦਾ ਹੈ, ਜੋ ਸਮੇਂ ਦੇ ਹਾਣਦਾ ਹੈ, ਜੋ ਵਿਆਪਕ ਜਾਣਕਾਰੀ ਦਿੰਦਾ ਹੈ । ਲੋਕਗੀਤ ਪ੍ਰਕਾਸ਼ਨ ਵਲੋਂ ਛਾਪੇ ਇਸ ਨਾਵਲ ਦੀ ਕੀਮਤ 300 ਰੁਪਏ ਹੈ।
- ਬਲਦੇਵ ਸਿੰਘ