ਜ਼ਿੰਦਗੀ ਦੇ ਅੱਸੀ ਵਰ੍ਹੇ ਸੱਤ ਮਈ ਨੂੰ ਪੂਰੇ ਹੋ ਗਏ ਹਨ। ਸਮਾਂ ਇੰਨੀ ਤੇਜ਼ੀ ਨਾਲ ਬੀਤਿਆ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਜੀਵਨ ਦੇ ਆਖ਼ਰੀ ਪੜਾਅ ਵਿਚ ਦਾਖਲ ਹੋ ਗਿਆ ਹਾਂ। ਪਿਛਲੇ ਛੇ ਦਹਾਕਿਆ ਤੋਂ ਤੁਹਾਡੇ ਨਾਲ ਸਾਂਝ ਪਾ ਰਿਹਾ ਹਾਂ। ਮੈਨੂੰ ਇਸ ਗੱਲ ਦੀ ਬੇਹੱਦ ਤਸੱਲੀ ਹੈ ਕਿ ਤੁਸੀਂ ਮੈਨੂੰ ਪੜ੍ਹਦੇ ਹੋ, ਮੇਰੇ ਨਾਲ ਸੰਵਾਦ ਰਚਾਉਂਦੇ ਹੋ ਤੇ ਮੇਰੇ ਦਿੱਤੇ ਸੁਝਾਵਾਂ ਨੂੰ ਅਪਨਾਉਂਦੇ ਹੋ। ਬਹੁਤ ਸਾਰੇ ਪਾਠਕਾਂ ਨੇ ਮੇਰੇ ਸੁਝਾਵਾਂ ਨੂੰ ਅਪਨਾਇਆ ਤੇ ਆਪਣੇ ਜੀਵਨ ਨੂੰ ਇਕ ਨਵੀਂ ਸੇਧ ਦਿੱਤੀ। ਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਮੇਰੇ ਸੁਝਾਵਾਂ ਨੂੰ ਕੇਵਲ ਪਾਠਕਾਂ ਨੇ ਹੀ ਨਹੀਂ ਅਪਨਾਇਆ ਸਗੋਂ ਸਰਕਾਰਾਂ ਨੇ ਵੀ ਅਪਨਾਇਆ। ਇੱਥੋਂ ਤਕ ਕਿ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਇਨ੍ਹਾਂ ’ਤੇ ਅਮਲ ਕੀਤਾ। ਇਸ ਮਿਲੇ ਹੁੰਗਾਰੇ ਅਤੇ ਉਤਸ਼ਾਹ ਸਦਕਾ ਹੀ ਪਿਛਲੇ ਛੇ ਦਹਾਕਿਆਂ ਤੋਂ ਲਗਾਤਾਰ ਲਿਖ ਰਿਹਾ ਹਾਂ। ਹੁਣ ਵੀ ਮੈਨੂੰ ਹਰ ਮਹੀਨੇ ਪੰਜਾਬੀ ਦੀਆਂ ਕੋਈ 10 ਅਖ਼ਬਾਰਾਂ ਤੇ ਮੈਗਜ਼ੀਨ ਛਾਪਦੇ ਹਨ। ਇਸੇ ਕਰਕੇ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਬੁੱਢਾ ਹੋ ਗਿਆ ਹਾਂ।
ਮੇਰਾ ਬਚਪਨ ਇਕ ਪਿੰਡ ਵਿਚ ਬੀਤਿਆ ਜਿੱਥੇ ਪ੍ਰਾਇਮਰੀ ਸਕੂਲ ਵੀ ਨਹੀਂ ਸੀ। ਹਾਈ ਸਕੂਲ ਪਿੰਡੋਂ ਕੋਈ ਚਾਰ ਕਿਲੋਮੀਟਰ ਦੂਰ ਸੀ ਜਿੱਥੇ ਪੈਦਲ ਹੀ ਜਾਣਾ ਪੈਂਦਾ ਸੀ। ਕਿਤਾਬਾਂ ਪੜ੍ਹਨ ਤੇ ਭਾਸ਼ਨ ਦੇਣ ਦੀ ਚੇਟਕ ਸਾਡੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਗਿਆਨੀ ਜੋਗਿੰਦਰ ਸਿੰਘ ਹੋਰਾਂ ਲਗਾਈ ਜਿਹੜੇ ਜਲੰਧਰ ਤੋਂ ਬਦਲ ਕੇ ਆਏ ਸਨ। ਭਾਰਤ ਸਰਕਾਰ ਵੱਲੋਂ 1952 ਵਿਚ ‘ਹੋਰ ਅੰਨ ਉਗਾਵੋ’ ਇਕ ਮੁਹਿੰੰਮ ਚਲਾਈ ਗਈ। ਗਿਆਨੀ ਜੀ ਨੇ ਬੱਚਿਆਂ ਦਾ ਇਕ ਕਾਫ਼ਲਾ ਤਿਆਰ ਕੀਤਾ ਜਿਹੜਾ ਲਾਗਲੇ ਪਿੰਡਾਂ ਵਿਚ ਜਲਸੇ ਕਰਦਾ ਸੀ। ਇਸ ਕਾਫ਼ਲੇ ਵਿਚ ਮੈਨੂੰ ਇਕ ਭਾਸ਼ਨ ਯਾਦ ਕਰਵਾਇਆ ਗਿਆ। ਉਦੋਂ ਖੇਤੀ ਬਹੁਤੀ ਵਿਕਸਤ ਨਹੀਂ ਸੀ ਕੇਵਲ ਰੂੜੀ ਟੋਇਆਂ ਵਿਚ ਰੱਖੋ, ਪੌਹਲੀ ਦਾ ਨਾਸ਼ ਕਰੋ, ਚੂਹਿਆਂ ਨੂੰ ਕਾਬੂ ਕਰੋ ਆਦਿ ਸੁਝਾਅ ਹੀ ਸਨ। ਉਨ੍ਹਾਂ ਨੇ ਕਿਤਾਬਾਂ ਪੜ੍ਹਨ ਦੀ ਵੀ ਚੇਟਕ ਲਗਾਈ। ਜਿਸ ਨੇ ਪਿੰਡ ਵਿਚ ਲਾਇਬ੍ਰੇਰੀ ਖੋਲ੍ਹਣ ਲਈ ਪ੍ਰੇਰਿਤ ਕੀਤਾ। ਜਨਤਾ ਲਾਇਬ੍ਰੇਰੀ ਸੂਰਾਪੁਰ ਸ਼ਾਇਦ ਸਭ ਤੋਂ ਪੁਰਾਣੀ ਪੇਂਡੂ ਲਾਇਬ੍ਰੇਰੀ ਹੋਵੇਗੀ। ਪਿੰਡ ਦੇ ਸਰਪੰਚ ਨੇ ਚੋਖੀ ਸਹਾਇਤਾ ਕੀਤੀ ਤੇ ਇਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਮੇਰੇ ਹਿੱਸੇ ਆਈ। ਸਟੇਜ ਤੋਂ ਬੋਲਣ ਦੇ ਖੁੱਲ੍ਹੇ ਝਾਕੇ ਅਤੇ ਕਿਤਾਬਾਂ ਤੇ ਅਖ਼ਬਾਰਾਂ ਪੜ੍ਹਨ ਦੀ ਚੇਟਕ ਨੇ ਭਾਸ਼ਣ ਦੇਣ ਲਈ ਉਤਸ਼ਾਹਿਤ ਕੀਤਾ। ਹਾਈ ਸਕੂਲ ਤੇ ਕਾਲਜ ਵਿਚ ਜਿੱਤੇ ਇਨਾਮਾਂ ਸਕਦਾ ਸਫ਼ਰ ਸੁਖਾਵਾਂ ਹੋ ਗਿਆ। ਹਾਲਾਂਕਿ ਪੜ੍ਹਾਈ ਵਿਚ ਬਹੁਤੀ ਰੁਚੀ ਨਹੀਂ ਸੀ ਪਰ ਚੰਗੇ ਵਿਦਿਆਰਥੀਆਂ ਵਿਚ ਹੀ ਗਿਣਿਆ ਜਾਂਦਾ ਰਿਹਾ ਹਾਂ।
ਮੇਰੇ ਸਾਥੀ ਮੈਨੂੰ ਸਿੱਧੜ ਤੇ ਡਰੂ ਸੁਭਾਅ ਵਾਲਾ ਆਖਦੇ ਹਨ। ਇਸ ਦਾ ਕਈਆਂ ਨੇ ਲਾਭ ਵੀ ਉਠਾਇਆ ਪਰ ਕਦੇ ਬੁਰਾ ਨਹੀਂ ਮਨਾਇਆ ਕਿਉਂਕਿ ਕਿਸੇ ਦਾ ਭਲਾ ਹੀ ਹੋਇਆ ਹੈ। ਡਰੂ ਸੁਭਾਅ ਹੋਣ ਕਰਕੇ ਆਪਣਾ ਕੰਮ ਪੂਰੀ ਮਿਹਨਤ ਨਾਲ ਕੀਤਾ ਤਾਂ ਜੋ ਕਿਸੇ ਪ੍ਰੋਫੈਸਰ ਜਾਂ ਅਫ਼ਸਰ ਦੀਆਂ ਝਿੜਕਾਂ ਨਾ ਖਾਣੀਆਂ ਪੈਣ। ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਤੇ ਪ੍ਰਾਪਤੀਆਂ ਲਈ ਕੋਈ ਜੋੜ ਤੋੜ ਵੀ ਨਹੀਂ ਕੀਤੇ। ਸਭੋ ਕੁਝ ਆਪਣੇ ਆਪ ਹੁੰਦਾ ਗਿਆ। ਜਦੋਂ ਮੈਂ ਅੱਠਵੀਂ ਵਿਚ ਪੜ੍ਹਦਾ ਸਾਂ, ਉਦੋਂ ਮੇਰਾ ਪਹਿਲਾ ਲੇਖ ਸਰਕਾਰੀ ਰਸਾਲੇ ‘ਜਾਗ੍ਰਤੀ’ ਵਿਚ 1956 ਵਿਚ ਛਪਿਆ ਸੀ ਜਿਸ ਦੇ ਮੈਨੂੰ ਪੈਸੇ ਵੀ ਮਿਲੇ ਸਨ।
ਮੇਰੀਆਂ ਕਵਿਤਾਵਾਂ ਤੇ ਕਹਾਣੀਆਂ ਉਦੋਂ ਦੇ ਮੁੱਖ ਰਸਾਲੇ ਜਿਵੇਂ ਕਿ ‘ਪ੍ਰੀਤਲੜੀ’, ‘ਬਾਲ ਸੰਦੇਸ਼’, ‘ਕਵਿਤਾ’, ‘ਫ਼ਤਿਹ’, ‘ਪ੍ਰੀਤਮ’, ‘ਸੁਰਤਾਲ’., ‘ਕੌਮੀ ਏਕਤਾ’ ਆਦਿ ਵਿਚ ਛਪਦੀਆਂ ਰਹੀਆਂ। ਮੇਰੀ ਪਹਿਲੀ ਕਿਤਾਬ ਗੁਰੂ ਨਾਨਕ ਸਾਹਿਬ ਦੇ ਜੀਵਨ ’ਤੇ ਆਧਾਰਤ ਕਵਿਤਾ ਵਿਚ ‘ਯੁਗ ਪੁਰਸ਼ ਗੁਰੂ ਨਾਨਕ’ ਸੀ ਜਿਸ ਦਾ ਹੁਣ ਪੰਜਵਾਂ ਐਡੀਸ਼ਨ ਛਪਿਆ ਹੈ। ਇਸ ਦੀ ਭੂਮਿਕਾ ਡਾ. ਮਹਿੰਦਰ ਸਿੰਘ ਰੰਧਾਵਾ ਨੇ ਲਿਖੀ ਸੀ। ਉਦੋਂ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਡਾ. ਰੰਧਾਵਾ ਨੇ ਇਸ ਕਿਤਾਬ ਦੀ ਪ੍ਰਸੰਸਾ ਵੀ ਕੀਤੀ ਸੀ ਅਤੇ ਨਾਲ ਹੀ ਸੁਝਾਅ ਦਿੱਤਾ ਸੀ ਕਿ ਕਿਸਾਨਾਂ ਬਾਰੇ ਲਿਖਣ ਵਾਲਾ ਕੋਈ ਨਹੀਂ, ਤੂੰ ਕਿਸਾਨਾਂ ਬਾਰੇ ਲਿਖਿਆ ਕਰ। ਮੈਂ ਕਿਸਾਨਾਂ ਬਾਰੇ ਲਿਖਣਾ ਸ਼ੁਰੂ ਕੀਤਾ। ਮੇਰੀ ਨੌਕਰੀ ਅਜਿਹੀ ਸੀ ਕਿ ਪਿੰਡਾਂ ਵਿਚ ਜਾਣਾ ਪੈਂਦਾ ਸੀ ਅਤੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਵੀ ਹੁੰਦਾ ਸੀ। ਮੇਰੀ ਲਿਖਤ ਦੀ ਸ਼ਲਾਘਾ ਹੋਣ ਲੱਗੀ। ਕਿਸਾਨ ਮੇਰੇ ਸੁਝਾਵਾਂ ’ਤੇ ਅਮਲ ਕਰਨ ਲੱਗ ਪਏ। ਉਦੋਂ ਹੀ ਭਾਰਤ ਸਰਕਾਰ ਨੇ ਪਿੰਡਾਂ ਦੀਆਂ ਲਾਇਬ੍ਰੇਰੀਆ ਲਈ ਕਿਤਾਬਾਂ ਲਿਖਵਾਉਣ ਦਾ ਪ੍ਰੋਗਰਾਮ ਉਲੀਕਿਆ ਜਿਸ ਲਈ ਇਨਾਮੀ ਮੁਕਾਬਲੇ ਕਰਵਾਏ। ਪਹਿਲੇ ਸਾਲ ਦਾ ਵਿਸ਼ਾ ਸੀ ‘ਖੇਤੀ ਵਿਕਾਸ ਵਿਚ ਪੰਚਾਇਤੀ ਰਾਜ ਸੰਸਥਾਵਾਂ ਦਾ ਯੋਗਦਾਨ’ ਮੈਂ ਕਿਤਾਬ ਲਿਖੀ ਤੇ ਭੇਜ ਦਿੱਤੀ। ਪੰਜਾਬੀ ਲਈ ਇਨਾਮ ਮੈਨੂੰ ਮਿਲ ਗਿਆ। ਦੂਜੇ ਸਾਲ ਵਿਸ਼ਾ ਸੀ ‘ਖੇਤੀ ਵਿਕਾਸ ਵਿਚ ਸਹਿਕਾਰੀ ਸੰਸਥਾਵਾਂ ਦਾ ਯੋਗਦਾਨ’। ਇਸ ਵਾਰ ਵੀ ਮੇਰੀ ਕਿਤਾਬ ਨੂੰ ਇਨਾਮ ਮਿਲ ਗਿਆ। ਇਹ ਦੋਵੇਂ ਕਿਤਾਬਾਂ ਭਾਰਤ ਸਰਕਾਰ ਨੇ ਹਜ਼ਾਰਾਂ ਦੀ ਗਿਣਤੀ ਵਿਚ ਛਾਪ ਪਿੰਡਾਂ ਵਿਚ ਭੇਜੀਆਂ। ਯੂਨੀਵਰਸਿਟੀ ਵਿਚ ਬੱਲੇ-ਬੱਲੇ ਹੋ ਗਈ ਕਿਉਂਕਿ ਮੈਂ ਤਾਂ ਅਜੇ ਨੌਕਰੀ ਦੇ ਪਹਿਲੇ ਡੰਡੇ ਉਤੇ ਹੀ ਸਾਂ। ਉਦੋਂ ਹੀ ਭਾਰਤ ਸਰਕਾਰ ਨੇ ਬਾਲਗ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ। ਅਨਪੜ੍ਹਾਂ ਨੂੰ ਪੜ੍ਹਾਉਣ ਲਈ ਕੇਂਦਰ ਖੋਲ੍ਹੇ ਗਏ। ਇਨ੍ਹਾਂ ਕੇਂਦਰਾਂ ਦੇ ਪਾਠਕਾਂ ਲਈ ਕਿਤਾਬਾਂ ਲਿਖਵਾਉਣ ਲਈ ਇਨਾਮੀ ਮੁਕਾਬਲੇ ਸ਼ੁਰੂ ਕਰਵਾਏ ਗਏ। ਪਹਿਲੇ ਸਾਲ ਮੇਰੀ ਕਿਤਾਬ ‘ਜੀਵਨ ਜਾਚ’ ਨੂੰ ਇਨਾਮ ਮਿਲਿਆ। ਦੂਜੇ ਸਾਲ ‘ਸੁਖਾਵਾ ਜੀਵਨ’ ਤੇ ਤੀਜੇ ਸਾਲ ‘ਸੁਖਾਵਾਂ ਪਰਿਵਾਰ’ ਨੂੰ ਇਨਾਮ ਮਿਲਿਆ। ਇਹ ਕਿਤਾਬਾਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਛਪੀਆਂ।
ਕਿਸਾਨਾਂ ਨਾਲ ਵਿਚਾਰ-ਵਟਾਂਦਰੇ ਕਰਨ ਸਮੇਂ ਮੈਂ ਇਹ ਮਹਿਸੂਸ ਕੀਤਾ ਕਿ ਖੇਤੀ ਅਤੇ ਪੇਂਡੂ ਵਿਕਾਸ ਲਈ ਕੇਵਲ ਤਕਨੀਕੀ ਗਿਆਨ ਹੀ ਜ਼ਰੂਰੀ ਨਹੀਂ ਹੈ ਸਗੋਂ ਇਸ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਵੀ ਕਈ ਮਹੱਤਵਪੂਰਨ ਪੱਖ ਹਨ ਜਿਵੇਂ ਕਿ ਸਰਕਾਰੀ ਨੀਤੀਆਂ, ਰਾਜਨੀਤਕ ਵਚਨਬੱਧਤਾ, ਸਮਾਜਿਕ ਕੁਰੀਤੀਆਂ ਨੂੰ ਰੋਕਣ ਲਈ ਸਮਾਜ ਦੀ ਜ਼ਿੰਮੇਵਾਰੀ ਆਦਿ। ਮੈਂ ਇਹ ਵੀ ਮਹਿਸੂਸ ਕੀਤਾ ਕਿ ਧਰਮ ਵੀ ਇਸ ਪਾਸੇ ਅਹਿਮ ਯੋਗਦਾਨ ਪਾ ਸਕਦਾ ਹੈ। ਸਾਡੀ ਨਵੀਂ ਪੀੜ੍ਹੀ ਵਿਚ ਨਿਰਾਸ਼ਤਾ ਵੱਧ ਰਹੀ ਸੀ। ਮੇਰੇ ਲੇਖਾਂ ਨੇ ਬਹੁਤਿਆਂ ਨੂੰ ਜੀਵਨ ਸੇਧ ਬਖ਼ਸ਼ੀ। ਕਈ ਤਾਂ ਖ਼ੁਦਕੁਸ਼ੀ ਬਾਰੇ ਸੋਚ ਰਹੇ ਸਨ। ਉਨ੍ਹਾਂ ਵੱਲੋਂ ਕਿਤਾਬ ਦੀ ਮੰਗ ਸੀ। ‘ਮਨੋਹਰ ਸ਼ਖ਼ਸੀਅਤ’ ਇਸ ਪਾਸੇ ਪਹਿਲੀ ਕਿਤਾਬ ਸੀ। ਇਸ ਕਿਤਾਬ ਦੀ ਵਿਕਰੀ ਪੰਜਾਹ ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ।
ਇਸੇ ਵਿਸ਼ੇ ’ਤੇ ਪੰਜਾਬੀ ਯੂਨੀਵਰਸਿਟੀ ਨੇ ਮੇਰੀ ਕਿਤਾਬ ‘ਸਵੈ ਵਿਕਾਸ’ ਪ੍ਰਕਾਸ਼ਿਤ ਕੀਤੀ ਹੈ। ਇਸ ਤੋਂ ਪਹਿਲਾਂ ਇਸੇ ਯੂਨੀਵਰਸਿਟੀ ਨੇ ਮੇਰੀਆਂ ਕਿਤਾਬਾਂ ‘ਪੰਜਾਬੀ ਕਿਸਾਨ’ ਤੇ ‘ਬਾਲਗ ਸਿੱਖਿਆ’ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਦੇ ਕਈ ਐਡੀਸ਼ਨ ਛਪ ਚੁੱਕੇ ਹਨ। ਨੈਸ਼ਨਲ ਬੁੱਕ ਟਰੱਸਟ ਨੇ ਮੇਰੀਆਂ ਖੇਤੀ ਨਾਲ ਸਬੰਧਿਤ ਤਿੰਨ ਪੁਸਤਕਾਂ ਛਾਪੀਆਂ ਹਨ। ਭਾਸ਼ਾ ਵਿਭਾਗ ਪੰਜਾਬ ਨੇ ਮੇਰੀਆਂ ਦੋ ਪੁਸਤਕਾਂ ਛਾਪਣ ਵਿਚ ਸਹਾਇਤਾ ਕੀਤੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਵੀ ਚਾਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਮੈਂ ਇਹ ਵੀ ਵੇਖਿਆ ਕਿ ਬੱਚਿਆਂ ਅਤੇ ਕਿਸਾਨਾਂ ਵਿਚ ਵਧ ਰਹੀ ਨਿਰਾਸ਼ਤਾ ਤੇ ਬੇਚੈਨੀ ਦਾ ਇਕ ਕਾਰਨ ਹੈ ਪਰਿਵਾਰਿਕ ਝਗੜੇ। ਇਸ ਸਬੰਧੀ ਮੈਂ ਲੇਖ ਲਿਖੇ ਜਿਹੜੇ ਬਹੁਤ ਪਸੰਦ ਕੀਤੇ ਗਏ। ਇਸ ਵਿਸ਼ੇ ਸਬੰਧੀ ਕਿਤਾਬਾਂ ਦੀ ਮੰਗ ਹੋਣ ਲੱਗੀ। ਮੈਂ ਚਾਰ ਪੁਸਤਕਾਂ ਇਸ ਸਬੰਧੀ ਲਿਖੀਆਂ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਵਿਚ ਛਪੀਆਂ। ਧਰਮ ਸਬੰਧੀ ਮੇਰੇ ਲੇਖਾਂ ਅਤੇ ਸੁਝਾਵਾਂ ਦਾ ਭਰਵਾਂ ਸਵਾਗਤ ਹੋਇਆ। ਮੈਂ ਆਪਣੇ ਕਿੱਤੇ ਨੂੰ ਵੀ ਭਰਪੂਰ ਜੀਵਿਆ ਹੈ। ਮੈਨੂੰ ਆਪਣੇ ਅਫ਼ਸਰਾਂ, ਸਾਥੀਆਂ, ਵਿਦਿਆਰਥੀਆਂ ਅਤੇ ਕਿਸਾਨਾਂ ਤੋਂ ਭਰਪੂਰ ਹੁੰਗਾਰਾ ਮਿਲਿਆ ਹੈ। ਕੁਝ ਨਵਾਂ ਸੋਚਣ ਤੇ ਕਰਨ ਦੀ ਮੇਰੀ ਹਮੇਸ਼ਾ ਤਾਂਘ ਰਹੀ ਹੈ। ਆਪਣੀ ਨੌਕਰੀ ਦੇ ਪਹਿਲੇ ਹੀ ਸਾਲ ਕਿਸਾਨ ਮੇਲੇ ਦੀ ਰੂਪ-ਰੇਖਾ ਉਲੀਕੀ।
ਭਾਰਤ ਸਰਕਾਰ ਦੇ ਇਕ ਪ੍ਰੋਗਰਾਮ ਅਧੀਨ ਪਿੰਡਾਂ ਵਿਚ ਕਿਸਾਨ ਚਰਚਾ ਮੰਡਲ ਬਣਾਉਣੇ ਸਨ। ਪਹਿਲਾ ਚਰਚਾ ਮੰਡਲ ਪਿੰਡ ਬਾੜੇਵਾਲ ਵਿਚ ਬਣਾਇਆ। ਹੁਣ ਇਹ ਰਾਜ ਪੱਧਰ ’ਤੇ ਪੰਜਾਬ ਕਿਸਾਨ ਕਲੱਬ ਹੈ। ਇਨ੍ਹਾਂ ਕਲੱਬਾਂ ਨੂੰ ਬਣਾਉਣ ਤੇ ਚਲਾਉਣ ਦੇ ਅਨੁਭਵਾਂ ’ਤੇ ਆਧਾਰ ਇਕ ਹੋਰ ਕਿਤਾਬੜੀ ਪ੍ਰਕਾਸ਼ਿਤ ਕੀਤੀ। ਦੇਸ਼ ਵਿਚ ਪਹਿਲੀ ਵਾਰ ਕਿਸਾਨ ਤੇ ਕਿਸਾਨ ਬੀਬੀਆਂ ਲਈ ਡਾਕ ਰਾਹੀਂ ਸਿੱਖਿਆ ਪ੍ਰੋਗਰਾਮ ਉਲੀਕਿਆ ਤੇ ਸਫਲਤਾਪੂਰਵਕ ਚਲਾਇਆ। ਇਸ ਵਿਸ਼ੇ ਦੀ ਵਿਸ਼ਵ ਕਾਨਫਰੰਸ ਕੈਨੇਡਾ ਦੀ ਯੂਨੀਵਰਸਿਟੀ ਵਿਖੇ 1980 ਵਿਚ ਹੋਈ ਜਿੱਥੇ ਪ੍ਰਧਾਨਗੀ ਕਰਨ ਵਾਸਤੇ ਮੈਨੂੰ ਵਿਸ਼ੇਸ਼ ਰੂਪ ਵਿਚ ਬੁਲਾਇਆ ਗਿਆ।
ਸੰਚਾਰ ਦੀਆਂ ਕਈ ਹੋਰ ਵਿਧੀਆਂ ਜਿਵੇਂ ਕਿ ਆਡੀਓ ਕੈਸਟਾਂ, ਫ਼ਸਲ ਕੈਲੰਡਰ, ਲਘੂ ਫਿਲਮਾਂ, ਬਹੁ-ਵਿਧੀਆਂ ਸੰਚਾਰ ਨੀਤੀ ਅਤੇ ਹੋਰ ਕਈ ਵਿਧੀਆਂ ਵਿਕਸਤ ਕੀਤੀਆਂ। ਅਮਰੀਕਾ ਦੀ ਕਾਰਨਲ ਯੂਨੀਵਰਸਿਟੀ ਵਿਚ ਤਾਂ ਕੁਝ ਸਮਾਂ ਪੜ੍ਹਾਈ ਦਾ ਵੀ ਮੌਕਾ ਮਿਲਿਆ। ਆਪਣੇ ਵਿਸ਼ੇ ਸਬੰਧੀ ਲਿਖੀ ਮੇਰੀ ਪੁਸਤਕ ਪਿਛਲੇ ਤੀਹ ਸਾਲਾਂ ਤੋਂ ਵਿਕਰੀ ਦੇ ਲਿਹਾਜ਼ ਨਾਲ ਪਹਿਲੇ ਨੰਬਰ ’ਤੇ ਹੈ। ਦਾਸ ਨੂੰ ਵਿਸ਼ਵ ਬੈਂਕ, ਯੂਰਪੀਅਨ ਯੂਨੀਅਨ ਅੰਤਰਰਾਸ਼ਟਰੀ ਐਟਮੀ ਐਨਰਜੀ ਕਮਿਸ਼ਨ, ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ, ਇਰਾਕ ਸਰਕਾਰ ਆਦਿ ਵਿਚ ਸਲਾਹਕਾਰ ਦੇ ਤੌਰ ’ਤੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ।
ਪਿਛਲੀ ਮਨਮੋਹਨ ਸਿੰਘ ਸਰਕਾਰ ਵੱਲੋਂ ਸਾਰੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੀ ਇਕ ਮੁਹਿੰਮ ਚਲਾਈ ਸੀ ਜਿਸ ਦਾ ਮੰਤਵ ਕਰਮਚਾਰੀਆਂ ਨੂੰ ਆਪਣੇ ਕੰਮ ਦੀ ਮੁਹਾਰਤ ਦੇ ਨਾਲੋ ਨਾਲ ਇਹ ਵੀ ਸਿਖਾਇਆ ਗਿਆ ਕਿ ਉਹ ਲੋਕਾਂ ਦੇ ਨੌਕਰ ਹਨ ਤੇ ਉਨ੍ਹਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ। ਮੈਨੂੰ ਵੀ ਇਸ ਮੁਹਿੰਮ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ ਅਤੇ ਪੰਜਾਬ ਦੇ ਹਰੇਕ ਵਿਭਾਗ ਦੇ ਲਗਪਗ ਸਾਰੇ ਕਰਮਚਾਰੀਆਂ ਨਾਲ ਸੰਵਾਦ ਰਚਾਉਣ ਦਾ ਮੌਕਾ ਮਿਲਿਆ। ਇਸ ਵਿਚ ਸਕੂਲਾਂ ਦੇ ਮੁਖੀ ਵੀ ਸ਼ਾਮਿਲ ਸਨ। ਪ੍ਰਾਪਤ ਹੋਏ ਹੁੰਗਾਰੇ ਤੋਂ ਯਕੀਨ ਹੁੰਦਾ ਹੈ ਕਿ ਬਹੁਤੇ ਕਰਮਚਾਰੀਆਂ ਦੀ ਕਾਰਜਸ਼ੈਲੀ ਵਿਚ ਤਬਦੀਲੀ ਆ ਗਈ। ਕੁਝ ਨਿੱਜੀ ਮਜਬੂਰੀਆਂ ਕਾਰਨ ਭਾਵੇਂ ਕੋਈ ਉੱਚੀ ਪਦਵੀ ’ਤੇ ਨਹੀਂ ਪਹੁੰਚ ਸਕਿਆ ਪਰ ਇਹ ਤਸੱਲੀ ਹੈ ਕਿ ਜਿਸ ਕਾਲਜ ਵਿਚ ਪੜ੍ਹਾਈ ਕੀਤੀ ਉਸੇ ਕਾਲਜ ਦੇ ਡੀਨ ਦੀ ਕੁਰਸੀ ’ਤੇ ਬੈਠਿਆਂ ਸੇਵਾ ਮੁਕਤ ਹੋਇਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਵੀ ਮੌਕਾ ਮਿਲਿਆ। ਮੇਰੇ ਵਰਗੇ ਬੰਦੇ ਨੂੰ ਜਿਹੜੇ ਇਨਾਮ ਸਨਮਾਨ ਮਿਲ ਸਕਦੇ ਹਨ ਉਹ ਪ੍ਰਾਪਤ ਹੋਏ। ਪੰਜਾਬ ਸਰਕਾਰ ਨੇ ਆਪਣੇ ਵੱਡੇ ਇਨਾਮ ‘ਪੰਜਾਬ ਸਰਕਾਰ ਪ੍ਰਮਾਣ ਪੱਤਰ ਅਤੇ ਸ਼੍ਰੋਮਣੀ ਸਾਹਿਤਕਾਰ ਤੇ ਭਾਰਤ ਸਰਕਾਰ ਨੇ ਕੌਮੀ ਸਨਮਾਨ ਨਾਲ ਨਿਵਾਜਿਆ’। ਮੇਰੇ ਆਪਣੇ ਵਿਸ਼ੇ ਵਿਚ ਮਿਲਣ ਵਾਲੇ ਵੀ ਸਾਰੇ ਸਨਮਾਨ ਪ੍ਰਾਪਤ ਹੋਏ। ਸਾਰੇ ਦੇਸ਼ ਵਿਚ ਹੀ ਸਾਡੇ ਵਿਸ਼ੇ ਦੇ ਵਿਦਿਆਰਥੀ ਮੈਨੂੰ ਗੁਰੂ ਜੀ ਆਖ ਸੰਬੋਧਨ ਕਰਦੇ ਹਨ। ਇਹ ਸਾਰਾ ਕੁਝ ਪਾਠਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਕਾਰਨ ਹੀ ਸੰਭਵ ਹੋਇਆ ਹੈ। ਯੂਨੀਵਰਸਿਟੀ ਦੇ ਵੀ ਸਾਰੇ ਹੀ ਮੁਖੀਆਂ ਨੇ ਹਮੇਸ਼ਾ ਉਤਸ਼ਾਹਿਤ ਕੀਤਾ। ਤੁਹਾਡੀਆਂ ਬਖਸ਼ਿਸ਼ਾਂ ਲਈ ਬਹੁਤ-ਬਹੁਤ ਧੰਨਵਾਦ। ਮੈਂ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਜਦੋਂ ਤਕ ਮੇਰੇ ਹੱਥ ਤੇ ਜ਼ੁਬਾਨ ਚਲਦੇ ਰਹਿਣਗੇ ਇਵੇਂ ਹੀ ਤੁਹਾਡੀ ਸੇਵਾ ਕਰਦਾ ਰਹਾਂਗਾ।
- ਡਾ. ਰਣਜੀਤ ਸਿੰਘ