ਪੁਸਤਕ : ਨਾ ਵੇ ਸ਼ਾਸਕਾ (ਕਾਵਿ ਸੰਗ੍ਰਹਿ)
ਲੇਖਕ : ਭੁਪਿੰਦਰ ਸਿੰਘ ਭਾਗੋਮਾਜਰਾ
ਮੋਬਾਈਲ : 77174-65715
ਪੰਨੇ : 112 ਮੁੱਲ : 200/-
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ।
ਯਾਦਾਂ ਦੀ ਖ਼ੁਸ਼ਬੋ (ਕਾਵਿ ਸੰਗ੍ਰਹਿ) ਉਪਰੰਤ, ਹੁਣ ਕਵੀ ਨੇ ‘ਨਾ ਵੇ ਸ਼ਾਸਕਾ... (ਕਾਵਿ ਸੰਗ੍ਰਹਿ) ਪ੍ਰਕਾਸ਼ਤ ਕਰਵਾਇਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਦੀਆਂ ਲਿਖੀਆਂ, ਨਿੱਕੀਆਂ-ਵੱਡੀਆਂ 65 ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ-ਵਸਤੂ, ਅਜੋਕੇ ਸਮੇਂ ਦੇ ਹਾਲਾਤ, ਰਾਜਨੀਤਕ ਗੰਧਲਾਪਣ, ਸਮਾਜਕ, ਆਰਥਿਕ ਅਤੇ ਨੈਤਿਕ ਗਿਰਾਵਟ, ਮਿਹਨਤ ਮੁਸ਼ੱਕਤ ਦਾ ਅਧੂਰਾ ਅਤੇ ਲੰਗੜਾ ਰੁਜ਼ਗਾਰ, ਕੁਰਸੀ, ਇਤਿਹਾਸਕ ਵਿਸ਼ੇ ਅਤੇ ਚਲੰਤ ਸਮੱਸਿਆਵਾਂ ਸਬੰਧੀ ਕਵਿਤਾਵਾਂ ਹਨ, ਕੁਝ ਕਵਿਤਾਵਾਂ ਲੋਕ ਵਿਵਹਾਰਾਂ, ਰਵਾਇਤਾਂ ਹਮਜੋਲਣਾ, ਇੱਛਾਵਾਂ, ਮਨੋਭਾਵਨਾ ਦੀ ਅਸੰਤੁਸ਼ਟੀ ਲਈ ਸਵੈ- ਸੰਵੇਦਨਾਵਾਂ ਦੀਆਂ ਤਰਜਮਾਨੀ ਕਰਦੀਆਂ ਹਨ। ਕਵੀ ਦੇ ਸਮੁੱਚੇ ਕਾਵਿ ’ਚੋਂ ਕੁਝ ਚੋਣਵੇਂ ਬੰਦ ਪੇਸ਼ ਹਨ -
ਬੈਂਕਾਂ ਦੇ ਵਿਚ ਨੋਟ ਮੁੱਕ ਗਏ
ਲਾਇਨਾਂ ਵਿਚ ਲੱਗੇ ਲੋਕ ਸੁੱਕ ਗਏ
ਘਰ ਵਿਚ ਮੁੱਕਿਆ ਸੌਦਾ ਪੱਤਾ
ਔਖੇ ਡੰਗ ਟਪਾਈਏ,
ਸੁਣ ਹਰਨਾਮ ਕੁਰੇ।
ਵੇਦਨਾ ਸੰਵੇਦਨਾ ’ਚ ਮਹਿਕਾਈ, ਰਾਜਨੀਤਕ ਗਿਰਾਵਟ ਅਤੇ ਸੱਭਿਆਚਾਰਕ, ਆਰਥਿਕ ਬਦਲਾਓ ਦੇ ਨਾਲ-ਨਾਲ ਲੋਕਾਂ ਵੱਲੋਂ ਕੀਤੇ ਵਿਰੋਧ ਵੀ ਸਭ ਨਿਰਾਰਥਕ ਹਨ। ਕਵੀ, ਵਰਤਮਾਨ ਦਾ ਦਰਪਨ ਦਿਖਲਾ ਕੇ ਆਰਥਿਕ ਸਮਾਜਕ ਤੇ ਸਭਿਆਚਾਰਕ ਗਿਰਾਵਟਾਂ ਦੇ ਆਪਣੀ ਕਵਿਤਾ ਰਾਹੀਂ ਦਰਸ਼ਨ ਕਰਵਾ ਕੇ ਲੋਕਾਂ ਨੂੰ ਵੰਗਾਰਦਾ ਵੀ, ਜਗਾਉਂਦਾ ਵੀ ਹੈ। ਉਸ ਦੀਆਂ ਅਰਥ-ਸੰਚਾਰਦੀਆਂ ਕਵਿਤਾਵਾਂ ਸਮੇਂ ਦੀਆਂ ਸਥਿਤੀਆਂ ਪ੍ਰਤੀ ਆਪਣੇ ਪਾਠਕਾਂ ਨੂੰ ਜਾਗਰੂਕ ਕਰਦੀਆਂ ਹਨ। ਨਾ ਵੇ ਸ਼ਾਸਕਾ... ਕਵਿਤਾ ਦਾ ਇਕ ਬੰਦ ਪੜ੍ਹੋ ਤੇ ਸੋਚੋ,‘ ਕਿਰਤੀਆਂ ਨੂੰ ਕਾਨੂੰਨ ਚਾਹੀਦਾ, ਤੇਰਾ ਨਹੀਂ ਜਨੂੰਨ ਚਾਹੀਦਾ। ਵਿਦਿਆ ਨੂੰ ਵਿਉਪਾਰ ਸਮਝਕੇ, ਹਰ ਪਾਸੇ ਨਾ ਡਾਕੇ ਮਾਰ। ਨਾ ਵੇ ਸ਼ਾਸਕਾ ਨਾ ਤੂੰ ਮਾਰ, ਦੋ ਹੱਥ ਕਰਦੇ, ਸੁਣੀ ਪੁਕਾਰ।
ਮੇਰੀ ਕਵੀ ਨੂੰ ਇਹੋ ਸਲਾਹ ਹੈ ਕਿ ਅਜੋਕੇ ਸਮੇਂ, ਅੱਜ ਕੋਈ ਮੰਗੇ ਤੋਂ ਹੱਕ ਨਹੀਂ ਦਿੰਦਾ। ਹੱਕ ਤਾਂ ਹੱਕ ਸਮਝ, ਲੜ ਕੇ ਪ੍ਰਾਪਤ ਹੁੰਦੇ ਹਨ।
- ਡਾ. ਅਮਰ ਕੋਮਲ