ਜੇਐੱਨਐੱਨ, ਨਵੀਂ ਦਿੱਲੀ : ਗਰਭ ਅਵਸਥਾ ਇੱਕ ਅਜਿਹਾ ਸਮਾਂ ਹੁੰਦਾ ਹੈ ਜੋ ਕਿਸੇ ਵੀ ਮਾਤਾ ਜਾਂ ਪਿਤਾ ਲਈ ਖ਼ਾਸ ਹੁੰਦਾ ਹੈ। ਇਸ ਸਮੇਂ ਮਾਂ ਅਤੇ ਬੱਚੇ ਦੀ ਸਿਹਤ ਲਈ ਭੋਜਨ ਦੀ ਮਹੱਤਤਾ ਵੱਧ ਜਾਂਦੀ ਹੈ। ਇਸ ਦੌਰਾਨ ਡਾਕਟਰਾਂ ਤੋਂ ਲੈ ਕੇ ਘਰ ਦੇ ਬਜ਼ੁਰਗ ਵੀ ਸਿਹਤਮੰਦ ਅਤੇ ਚੰਗੀਆਂ ਚੀਜ਼ਾਂ ਖਾਣ ਦੀ ਸਲਾਹ ਦਿੰਦੇ ਹਨ। ਇਹ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਅਤੇ ਫਿੱਟ ਰਹਿਣ।
ਗਰਭ ਅਵਸਥਾ ਦੌਰਾਨ ਮਾਂ ਜੋ ਵੀ ਖਾਂਦੀ ਹੈ, ਉਸ ਦਾ ਸਿੱਧਾ ਅਸਰ ਅਣਜੰਮੇ ਬੱਚੇ 'ਤੇ ਪੈਂਦਾ ਹੈ। ਇਸ ਲਈ ਇਸ ਸਮੇਂ ਦੌਰਾਨ ਪੌਸ਼ਟਿਕ ਆਹਾਰ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਭੋਜਨ ਵਿੱਚ ਫਲਾਂ, ਜੂਸ, ਮੌਸਮੀ ਸਬਜ਼ੀਆਂ ਦੇ ਨਾਲ-ਨਾਲ ਆਇਰਨ, ਕੈਲਸ਼ੀਅਮ ਅਤੇ ਪ੍ਰੋਟੀਨ ਵਰਗੇ ਤੱਤਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਬਿਹਤਰ ਮੰਨਿਆ ਜਾਂਦਾ ਹੈ। ਇਸ ਦੌਰਾਨ ਸੁੱਕੇ ਮੇਵੇ ਦੇ ਵੀ ਆਪਣੇ ਫਾਇਦੇ ਹੁੰਦੇ ਹਨ। ਅੱਜ ਅਸੀਂ ਇਨ੍ਹਾਂ 'ਚੋਂ ਇਕ ਚੀਜ਼ ਬਾਰੇ ਗੱਲ ਕਰਾਂਗੇ, ਜੋ ਹੈ ਅਖਰੋਟ। ਗਰਭ ਅਵਸਥਾ ਵਿੱਚ ਇਸ ਦੇ ਬਹੁਤ ਸਾਰੇ ਫਾਇਦੇ ਹਨ। ਤਾਂ ਆਓ ਜਾਣਦੇ ਹਾਂ ਗਰਭ ਅਵਸਥਾ ਦੌਰਾਨ ਅਖਰੋਟ ਨੂੰ ਡਾਈਟ 'ਚ ਸ਼ਾਮਲ ਕਰਨ ਦੇ ਕੀ ਫਾਇਦੇ ਹਨ।
ਗਰਭ ਅਵਸਥਾ 'ਚ ਅਖਰੋਟ ਦੇ ਫਾਇਦੇ
1. ਗਰਭ ਅਵਸਥਾ ਦੌਰਾਨ ਤਣਾਅ ਤੋਂ ਦੂਰ ਰਹਿਣਾ ਤੁਹਾਡੇ ਅਤੇ ਤੁਹਾਡੇ ਬੱਚੇ ਦੀ ਸਿਹਤ ਲਈ ਮਹੱਤਵਪੂਰਨ ਹੈ। ਅਖਰੋਟ ਵਿੱਚ ਮੌਜੂਦ ਤੱਤ ਤੁਹਾਨੂੰ ਤਣਾਅ ਤੋਂ ਦੂਰ ਰੱਖਦੇ ਹਨ। ਇੰਨਾ ਹੀ ਨਹੀਂ ਇਹ ਚੰਗੀ ਨੀਂਦ ਲੈਣ 'ਚ ਵੀ ਮਦਦ ਕਰਦਾ ਹੈ।
2. ਇਸ 'ਚ ਵਿਟਾਮਿਨ ਬੀ-ਕੰਪਲੈਕਸ, ਕਾਪਰ ਅਤੇ ਰਿਬੋਫਲੇਵਿਨ ਵੀ ਮੌਜੂਦ ਹੁੰਦੇ ਹਨ, ਜੋ ਭਰੂਣ ਦੇ ਵਿਕਾਸ 'ਚ ਕਾਫੀ ਮਦਦਗਾਰ ਸਾਬਤ ਹੁੰਦੇ ਹਨ। ਨਾਲ ਹੀ ਇਸ ਵਿੱਚ ਮੌਜੂਦ ਵਿਟਾਮਿਨ-ਈ ਤੁਹਾਡੇ ਸਰੀਰ ਵਿੱਚ ਸੈੱਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ।
3. ਅਖਰੋਟ ਓਮੇਗਾ-3 ਫੈਟੀ ਐਸਿਡ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਹ ਬੱਚਿਆਂ ਦੀਆਂ ਅੱਖਾਂ ਅਤੇ ਦਿਮਾਗ ਦੇ ਵਿਕਾਸ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।
4. ਅਖਰੋਟ 'ਚ ਮੌਜੂਦ ਮੈਂਗਨੀਜ਼ ਤੁਹਾਡੇ ਬੱਚੇ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇੱਕ ਅਖਰੋਟ ਸਰੀਰ ਵਿੱਚ ਲਗਪਗ ਅੱਧੇ ਦਿਨ ਦੇ ਮੁੱਲ ਦੀ ਮੈਂਗਨੀਜ਼ ਦੀ ਸਪਲਾਈ ਕਰ ਸਕਦਾ ਹੈ।
5. ਨਾਲ ਹੀ ਅਖਰੋਟ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਵੀ ਚੰਗੀ ਹੁੰਦੀ ਹੈ, ਜੋ ਨਾ ਸਿਰਫ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ, ਸਗੋਂ ਬੱਚਿਆਂ ਨੂੰ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ। ਇਸ ਲਈ ਅਖਰੋਟ ਨੂੰ ਹਮੇਸ਼ਾ ਇਸ ਦੀ ਭੂਰੀ ਚਮੜੀ ਦੇ ਨਾਲ ਖਾਓ।