ਕਸਰਤ ਨਾਲ ਸਰੀਰਕ ਤੇ ਮਾਨਸਿਕ ਲਾਭ ਦੀਆਂ ਗੱਲਾਂ ਕਈ ਸ਼ੋਧ ’ਚ ਆ ਚੁੱਕੀਆਂ ਹਨ। ਹੁਣ ਇਕ ਹਾਲੀਆ ਸ਼ੋਧ ’ਚ ਪਤਾ ਲੱਗਾ ਹੈ ਕਿ ਕਸਰਤ ਐਂਗਜ਼ਾਇਟੀ ਦੇ ਲੱਛਣਾਂ ਨੂੰ ਵੀ ਘੱਟ ਕਰਨ ’ਚ ਮਦਦਗਾਰ ਹੈ। ਸ਼ੋਧ ’ਚ ਕਿਹਾ ਗਿਆ ਹੈ ਕਿ ਕਸਰਤ ਥੋੜ੍ਹੀ ਕੀਤੀ ਜਾਵੇ ਜਾਂ ਜ਼ਿਆਦਾ, ਦੋਵੇਂ ਹੀ ਸਥਿਤੀਆਂ ’ਚ ਫ਼ਾਇਦੇਮੰਦ ਹੁੰਦੀ ਹੈ। ਇੱਥੋਂ ਤਕ ਕਿ ਐਂਗਜ਼ਾਇਟੀ ਦੇ ਗੰਭੀਰ ਮਰੀਜ਼ਾਂ ਲਈ ਵੀ ਨਿਯਮਿਤ ਤੌਰ ’ਤੇ ਕਸਰਤ ਲਾਭਕਾਰੀ ਹੈ। ਇਸ ਸ਼ੋਧ ਨੂੰ ਜਰਨਲ ਆਫ ਅਫੈਕਟਿਵ ਡਿਸਆਰਡਰਸ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਐਂਗਜ਼ਾਇਟੀ ਇਕ ਮਾਨਸਿਕ ਸਮੱਸਿਆ ਹੈ। ਇਸ ਤੋਂ ਪੀੜਤ ਵਿਅਕਤੀ ਬਹੁਤ ਚਿੰਤਤ ਤੇ ਵਿਆਕੁਲ ਰਹਿੰਦਾ ਹੈ। ਸ਼ੋਧ ਦੌਰਾਨ ਐਂਗਜ਼ਾਇਟੀ ਦੇ 286 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਦੀ ਔਸਤ ਉਮਰ 39 ਸਾਲ ਸੀ ਤੇ ਇਨ੍ਹਾਂ ’ਚ 70 ਫ਼ੀਸਦੀ ਔਰਤਾਂ ਸਨ। ਅੱਧੇ ਮਰੀਜ਼ ਅਜਿਹੇ ਸਨ ਜੋ ਘੱਟੋ ਘੱਟ 10 ਸਾਲ ਤੋਂ ਇਸ ਮਾਨਸਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਇਸ ਦੌਰਾਨ ਵੱਖ-ਵੱਖ ਸਮੂਹ ’ਚ ਉਨ੍ਹਾਂ ਲੋਕਾਂ ਨੂੰ 12 ਹਫ਼ਤੇ ਕਸਰਤ ਕਰਨ ਲਈ ਕਿਹਾ ਗਿਆ। ਇਕ ਸਮੂਹ ਨੂੰ ਲੋੜੀਂਦੀ ਦੇਖਰੇਖ ’ਚ ਹਲਕੀ ਕਸਰਤ ਤੇ ਦੂਜੇ ਨੂੰ ਜ਼ਿਆਦਾ ਕਸਰਤ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਦੇ ਦਿਲ ਦੀਆਂ ਧੜਕਨਾਂ ਤੇ ਸਰੀਰ ਦੇ ਹੋਰ ਮਾਪਦੰਡਾਂ ਨੂੰ ਧਿਆਨ ’ਚ ਰੱਖਿਆ ਗਿਆ। ਪਹਿਲਾਂ ਦੇ ਕੁਝ ਅਧਿਐਨਾਂ ’ਚ ਤਣਾਅ ਦੇ ਮਾਮਲੇ ’ਚ ਵੀ ਕਸਰਤ ਨੂੰ ਕਾਰਗਰ ਪਾਇਆ ਜਾ ਚੁੱਕਾ ਹੈ। ਹਾਲਾਂਕਿ ਵਿਗਿਆਨੀ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝ ਸਕੇ ਹਨ ਕਿ ਕਸਰਤ ਕਿਸ ਤਰ੍ਹਾਂ ਨਾਲ ਅਜਿਹੇ ਲੋਕਾਂ ਨੂੰ ਫ਼ਾਇਦਾ ਪਹੁੰਚਾਉਂਦੀ ਹੈ। ਹਾਲੇ ਐਂਗਜ਼ਾਇਟੀ ਦੇ ਇਲਾਜ ਲਈ ਜਿਨ੍ਹਾਂ ਦਵਾਈਆਂ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਦੇ ਕਈ ਸਾਈਡ ਇਫੈਕਟ ਸਾਹਮਣੇ ਆ ਚੁੱਕੇ ਹਨ। ਅਜਿਹੇ ’ਚ ਕਸਰਤ ਦੇ ਪ੍ਰਭਾਵ ਨੂੰ ਸਮਝਦੇ ਹੋਏ ਢੁੱਕਵੀਂ ਦੇਖਰੇਖ ’ਚ ਕਸਰਤ ਅਜਿਹੇ ਲੋਕਾਂ ਦੇ ਇਲਾਜ ਦਾ ਚੰਗਾ ਰਸਤਾ ਹੋ ਸਕਦੀ ਹੈ।
(ਏਐੱਨਆਈ)