ਵਾਸ਼ਿੰਗਟਨ (ਪੀਟੀਆਈ) : ਕੋਵਿਡ ਨੂੰ ਲੈ ਕੇ ਲਗਾਤਾਰ ਅਧਿਐਨ ਜਾਰੀ ਹਨ ਅਤੇ ਖੋਜੀ ਕਈ ਹੈਰਾਨ ਕਰਨ ਵਾਲੇ ਸਿੱਟੇ ਸਾਹਮਣੇ ਲਿਆਉਂਦੇ ਜਾ ਰਹੇ ਹਨ। ਇਕ ਤਾਜ਼ਾ ਖੋਜ ਮੁਤਾਬਕ, ਸਾਰਸ-ਕੋਵ-2 ਨਾਲ ਇਨਫੈਕਟਿਡ ਲੋਕਾਂ ਦੀ ਜੀਨੋਮ ਸੰਰਚਨਾ ਵਿਚ ਬਦਲਾਅ ਹੋ ਸਕਦਾ ਹੈ। ਇਹ ਉਨ੍ਹਾਂ ਦੇ ਪ੍ਰਤੀਰੱਖਿਆ ਸਬੰਧੀ ਲੱਛਣਾਂ ਅਤੇ ਲੰਬੇ ਸਮੇਂ ਤਕ ਕੋਰੋਨਾ ਇਨਫੈਕਸ਼ਨ ਦੇ ਜੋਖ਼ਮ ਨੂੰ ਦੱਸਦਾ ਹੈ।
ਨੇਚਰ ਮਾਈਕ੍ਰੋਬਾਇਓਲੌਜੀ ਮੈਗਜ਼ੀਨ ਵਿਚ ਹਾਲ ਹੀ ’ਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਪਿਤਾ-ਪੁਰਖ਼ੀ ਸਮੱਗਰੀ ਮਨੁੱਖੀ ਕੋਸ਼ਿਕਾਵਾਂ ਦੇ ਕੇਂਦਰਕ ਵਿਚ ਜਮ੍ਹਾਂ ਹੁੰਦੀ ਹੈ, ਜਿਸ ਨੂੰ ਕ੍ਰੋਮੈਟਿਨ ਕਹਿੰਦੇ ਹਨ। ਹੋਰ ਸ਼੍ਰੇਣੀ ਦੇ ਕੁਝ ਵਾਇਰਸ ਇਸ ਕ੍ਰੋਮੈਟਿਨ ਨੂੰ ਹਾਈਜੈਕ ਕਰ ਲੈਂਦੇ ਹਨ ਜਾਂ ਉਨ੍ਹਾਂ ਵਿਚ ਬਦਲਾਅ ਕਰ ਦਿੰਦੇ ਹਨ, ਜਿਸ ਨਾਲ ਉਹ ਕੋਸ਼ਿਕਾਵਾਂ ਵਿਚ ਮੁੜ ਤੋਂ ਪੈਦਾ ਹੋ ਸਕਣ। ਸਾਰਸ-ਕੋਵ-2 ਇਹ ਬਦਲਾਅ ਕਿਵੇਂ ਕਰ ਸਕਦਾ ਹੈ, ਜਾਂ ਇਹ ਕ੍ਰੋਮੈਟਿਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਇਹ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਇਹ ਅਧਿਐਨ ਕੋਵਿਡ ਇਨਫੈਕਸ਼ਨ ਤੋਂ ਬਾਅਦ ਮਨੁੱਖੀ ਕੋਸ਼ਿਕਾਵਾਂ ਵਿਚ ਕ੍ਰੋਮੈਟਿਨ ਸੰਰਚਨਾ ’ਤੇ ਪ੍ਰਕਾਸ਼ ਪਾਉਂਦਾ ਹੈ। ਅਮਰੀਕਾ ਵਿਚ ਟੈਕਸਾਸ ਯੂਨੀਵਰਸਿਟੀ ਦੇ ਹਿਊਸਟਨ ਸਥਿਤ ਹੈਲਥ ਸਾਇੰਸ ਸੈਂਟਰ ਵਿਚ ਐਸੋਸੀਏਟ ਪ੍ਰੋਫੈਸਰ ਤੇ ਅਧਿਐਨ ਦੇ ਸੀਨੀਅਰ ਲੇਖਕ ਵੇਨਬੋ ਲੀ ਕਹਿੰਦੇ ਹਨ ਕਿ ਖੋਜ ਦੌਰਾਨ ਆਮ ਕੋਸ਼ਿਕਾ ਵਿਚ ਚੰਗੀ ਤਰ੍ਹਾਂ ਸੰਰਚਿਤ ਕਈ ਕ੍ਰੋਮੈਟਿਨ ਇਨਫੈਕਸ਼ਨ ਤੋਂ ਬਾਅਦ ਗ਼ੈਰ-ਵਿਵਸਥਿਤ ਪਾਏ ਗਏ। ਲੀ ਨੇ ਕਿਹਾ ਕਿ ਉਦਾਹਰਣ ਵਜੋਂ ਇਕ ਪ੍ਰਕਾਰ ਦੀ ਕ੍ਰੋਮੈਟਿਨ ਸੰਰਚਨਾ ਜਿਸ ਨੂੰ ਏ/ਬੀ ਕੰਪਾਰਟਮੈਂਟਸ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਜੋ ਕ੍ਰੋਮੈਟਿਨ ਦੇ ਯਿਨ ਅਤੇ ਯਾਂਗ ਭਾਗ ਦੇ ਰੂਪ ਵਿਚ ਮੌਜੂਦ ਹੁੰਦੀ ਹੈ ਪਰ ਸਾਰਸ-ਕੋਵ-2 ਇਨਫੈਕਸ਼ਨ ਤੋਂ ਬਾਅਦ ਯਿਨ ਅਤੇ ਯਾਂਗ ਆਪਣਾ ਆਮ ਆਕਾਰ ਗਵਾ ਦਿੰਦੇ ਹਨ ਅਤੇ ਮਿਸ਼ਰਿਤ ਹੋਣ ਲੱਗਦੇ ਹਨ। ਖੋਜੀ ਇਸ ਮਿਸ਼ਰਣ ਨੂੰ ਕੁਝ ਮੁੱਖ ਜੀਨ ਵਿਚ ਬਦਲਾਅ ਦੇ ਰੂਪ ਵਿਚ ਦੇਖਦੇ ਹਨ, ਜੋ ਕਈ ਕੋਵਿਡ ਇਨਫੈਕਟਿਡਾਂ ਵਿਚ ਗੰਭੀਰ ਸਥਿਤੀ ਦਾ ਕਾਰਨ ਹੋ ਸਕਦੇ ਹਨ। ਇਸ ਤਰ੍ਹਾਂ ਖੋਜੀ ਸਾਰਸ-ਕੋਵ-2 ਨੂੰ ਲੈ ਕੇ ਚੌਕਸ ਰਹਿਣ ਅਤੇ ਅੱਗੋਂ ਅਧਿਐਨ ਲਈ ਇਕ ਨਵਾਂ ਆਧਾਰ ਪ੍ਰਦਾਨ ਕਰਦੇ ਹਨ।