ਨਵੀਂ ਦਿੱਲੀ, ਜੇਐੱਨਐੱਨ : ਅਮਿਤਾਭ ਬੱਚਨ ਮਸ਼ਹੂਰ ਕੁਇਜ਼ ਸ਼ੋਅ ਕੌਣ ਬਣੇਗਾ ਕਰੋੜਪਤੀ ਜੂਨੀਅਰਜ਼ ਨਾਲ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹਨ। ਇਸ ਸ਼ੋਅ ’ਚ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਛੋਟੇ ਉਸਤਾਦ ਨਾ ਸਿਰਫ਼ ਬਿੱਗ ਬੀ ਸਗੋਂ ਦਰਸ਼ਕਾਂ ਨੂੰ ਵੀ ਆਪਣੇ ਗਿਆਨ ਨਾਲ ਹੈਰਾਨ ਕਰ ਰਹੇ ਹਨ। ਹੁਣ ਤਕ ਇਸ ਸ਼ੋਅ ਵਿਚ ਕਈ ਜੂਨੀਅਰਜ਼ ਹਿੱਸਾ ਲੈ ਚੁੱਕੇ ਹਨ। ਹਾਲ ਹੀ ’ਚ ਜਮਸ਼ੇਦਪੁਰ ਦੇ ਵੇਦਾਂਤ ਸ਼ਰਮਾ ਕੇਬੀਸੀ ਜੂਨੀਅਰਜ਼ ਵਿਚ ਹੌਟ ਸੀਟ ਉੱਤੇ ਅਮਿਤਾਭ ਬੱਚਨ ਦੇ ਸਾਹਮਣੇ ਬੈਠੇ ਸਨ। ਇਸ ਦੌਰਾਨ ਸ਼ੋਅ ’ਚ ਸਵਾਲ-ਜਵਾਬ ਨਾਲ ਕਈ ਮਜ਼ਾਕੀਆ ਗੱਲਾਂ ਵੀ ਹੋਈਆਂ। ਵੇਦਾਂਤ ਦੀਆਂ ਮਜ਼ਾਕੀਆ ਗੱਲਾਂ ਸੁਣ ਕੇ ਨਾ ਸਿਰਫ਼ ਬਿੱਗ ਬੀ ਸਗੋਂ ਉਨ੍ਹਾਂ ਦੇ ਆਪਣੇ ਮਾਤਾ-ਪਿਤਾ ਵੀ ਹਾਸਾ ਨਹੀਂ ਰੋਕ ਸਕੇ। ਵੇਦਾਂਤ ਇਸ ਸ਼ੋਅ ਤੋਂ 6.40 ਲੱਖ ਰੁਪਏ ਦੀ ਵੱਡੀ ਰਕਮ ਲੈ ਕੇ ਘਰ ਪਰਤਿਆ ਹੈ। ਦੂਜੇ ਪਾਸੇ ਬਿੱਗ ਬੀ ਉਨ੍ਹਾਂ ਦੀ ਕਾਫੀ ਤਾਰੀਫ਼ ਕਰਦੇ ਨਜ਼ਰ ਆਏ।
12.5 ਲੱਖ ਰੁਪਏ ਦੇ ਸਵਾਲ ’ਤੇ ਵੇਦਾਂਤ ਨੇ ਕੀਤਾ ਕੁਇਟ
ਕੇਬੀਸੀ ਜੂਨੀਅਰਜ਼ ਦਾ ਨਵਾਂ ਸੀਜ਼ਨ ਸੁਰਖੀਆਂ ’ਚ ਹੈ। ਸ਼ੋਅ ਵਿਚ ਆਏ ਵੇਦਾਂਤ ਸ਼ਰਮਾ ਨੇ ਸ਼ਾਨਦਾਰ ਢੰਗ ਨਾਲ ਖੇਡ ਦੀ ਸ਼ੁਰੂਆਤ ਕੀਤੀ। ਉਸ ਨੇ ਆਪਣੀ ਖੇਡ ਨਾਲ ਬਿੱਗ ਬੀ ਦਾ ਦਿਲ ਜਿੱਤ ਲਿਆ ਅਤੇ ਖ਼ੂਬ ਮਸਤੀ ਵੀ ਕੀਤੀ। ਵੇਦਾਂਤ ਨੇ ਸਮਝਦਾਰੀ ਨਾਲ 6.40 ਲੱਖ ਰੁਪਏ ਜਿੱਤੇ ਪਰ ਉਸ ਨੂੰ 12.50 ਲੱਖ ਰੁਪਏ ਦੇ ਸਵਾਲ ਦਾ ਸਹੀ ਜਵਾਬ ਨਹੀਂ ਪਤਾ ਸੀ। ਇਸ ਕਾਰਨ ਉਸ ਨੇ ਖੇਡ ਛੱਡਣ ਦਾ ਫ਼ੈਸਲਾ ਕੀਤਾ।
ਵੇਦਾਂਤ ਦੀ ਗੱਲ ਸੁਣ ਕੇ ਬਿੱਗ ਬੀ ਹੋਏ ਪ੍ਰਭਾਵਿਤ
ਸ਼ੋਅ ਦੌਰਾਨ ਵੇਦਾਂਤ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਵੱਡਾ ਭਰਾ ਅਰਥਵ ਹੈ। ਅਰਥਵ ਆਟਿਜ਼ਮ ਡਿਸਆਰਡਰ ਤੋਂ ਪੀੜਤ ਹੈ। ਆਟਿਜ਼ਮ ਇਕ ਮਾਨਸਿਕ ਵਿਗਾੜ ਹੈ। ਵੇਦਾਂਤ ਨੇ ਕਿਹਾ ਕਿ ਜੇ ਮੈਨੂੰ ਕੋਈ ਸੁਪਰ ਪਾਵਰ ਮਿਲ ਜਾਵੇ ਤਾਂ ਮੈਂ ਸਭ ਤੋਂ ਪਹਿਲਾਂ ਭਰਾ ਦੇ ਵਿਕਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਸਿਰਫ ਭਰਾ ਨੂੰ ਹੀ ਨਹੀਂ ਸਗੋਂ ਭਰਾ ਵਰਗੇ ਸਾਰੇ ਬੱਚਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ ਜੋ ਆਟਿਜ਼ਮ ਡਿਸਆਰਡਰ ਨਾਲ ਪੀੜਤ ਹਨ। ਇਹ ਸੁਣ ਕੇ ਬਿੱਗ ਬੀ ਕਹਿੰਦੇ ਹਨ, ‘ਤੁਹਾਡੀ ਉਮਰ ਦੇ ਬੱਚੇ ਸ਼ਾਇਦ ਹੀ ਸੋਚ ਸਕਣ ਕਿ ਸਾਨੂੰ ਅਜਿਹਾ ਵੀ ਕਰਨਾ ਚਾਹੀਦਾ ਹੈ। ਆਪਣੇ ਭਰਾ ਲਈ ਜੋ ਤੁਸੀਂ ਕੀਤਾ, ਉਸ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ... ਜਿਉਂਦੇ ਰਹੋ।