ਨਵੀਂ ਦਿੱਲੀ, ਜੇ.ਐੱਨ.ਐੱਨ : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਪਿਛਲੇ ਮਹੀਨੇ ਦੀ ਸ਼ੁਰੂਆਤ 'ਚ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਹਾਲਤ 'ਚ ਲਗਾਤਾਰ ਸੁਧਾਰ ਹੋ ਰਿਹਾ ਸੀ। ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ।
ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਮਸ਼ਹੂਰ ਗਾਇਕਾ ਦਾ ਇਲਾਜ ਕਰ ਰਹੇ ਡਾਕਟਰ ਪ੍ਰਤੀਤ ਸਮਦਾਨੀ ਨੇ ਕਿਹਾ, ਗਾਇਕਾ ਲਤਾ ਮੰਗੇਸ਼ਕਰ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ ਹੈ, ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਉਹ ਮੁੜ ਵੈਂਟੀਲੇਟਰ 'ਤੇ ਹੈ। ਉਹ ਅਜੇ ਵੀ ਆਈਸੀਯੂ ਵਿੱਚ ਹੈ ਅਤੇ ਹਾਲੇ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣਗੇ।
ਪਹਿਲਾਂ ਨਾਲੋਂ ਹੋਇਆ ਸੀ ਸੁਧਾਰ
ਹਾਲ ਹੀ 'ਚ ਡਾਕਟਰ ਨੇ ਆਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਸਿਹਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਅਤੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਇਸ ਸਮੇਂ ਬਜ਼ੁਰਗ ਕਲਾਕਾਰ ਲਤਾ ਮੰਗੇਸ਼ਕਰ ਆਈਸੀਯੂ ਵਿੱਚ ਡਾਕਟਰੀ ਨਿਗਰਾਨੀ ਹੇਠ ਰਹੇਗੀ।
ਅਯੁੱਧਿਆ 'ਚ ਮਹਾਮਰਿਤੁੰਜਯ ਮੰਤਰ ਦਾ ਜਾਪ ਕੀਤਾ
ਇਸ ਦੇ ਨਾਲ ਹੀ ਪਿਛਲੇ ਦਿਨੀਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਲਤਾ ਮੰਗੇਸ਼ਕਰ ਦੀ ਜਲਦੀ ਸਿਹਤਯਾਬੀ ਲਈ ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ 'ਚ ਮਹਾਮਰਿਤੁੰਜਯ ਮੰਤਰ ਦਾ ਜਾਪ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਸੀ।
ਲਤਾ ਮੰਗੇਸ਼ਕਰ ਦਾ ਕਰੀਅਰ
ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਇਆ ਸੀ। ਭਾਰਤ ਰਤਨ ਐਵਾਰਡੀ ਲਤਾ ਦੀਦੀ ਨੇ ਸਾਲ 1942 ਵਿੱਚ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਰ ਉਸ ਨੂੰ ਪਛਾਣ ਫਿਲਮ 'ਮਹਿਲ' ਦੇ ਗੀਤ 'ਆਏਗਾ ਆਨੇ ਵਾਲਾ' ਤੋਂ ਮਿਲੀ। ਇਸ ਦੇ ਨਾਲ ਹੀ ਲਤਾ ਦੀਦੀ ਨੇ 20 ਭਾਸ਼ਾਵਾਂ ਵਿੱਚ 30 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਕਈ ਵੱਕਾਰੀ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਤਿੰਨ ਵਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਲ 2011 ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।