ਵਿਚਾਰ ਤੁਹਾਡੀ ਜ਼ਿੰਦਗੀ ਨੂੰ ਆਕਾਰ ਦਿੰਦੇ ਹਨ। ਮਨੁੱਖ ਦੀ ਸੋਚਣ ਸ਼ਕਤੀ ਤੇ ਨਜ਼ਰੀਆ ਹੀ ਉਸ ਦੇ ਜ਼ਿੰਦਗੀ ਰੂਪੀ ਸਫ਼ਰ ਨੂੰ ਸੌਖਾ ਤੇ ਮੁਸ਼ਕਿਲ ਬਣਾਉਣ ’ਚ ਯੋਗਦਾਨ ਪਾਉਂਦੇ ਹਨ। ਨਾਂਹ-ਪੱਖੀ ਵਿਚਾਰਾਂ ਵਾਲਾ ਵਿਅਕਤੀ ਹਮੇਸ਼ਾ ਜ਼ਿੰਦਗੀ ’ਚ ਕੋਈ ਵੀ ਫ਼ੈਸਲਾ ਲੈਣ ਤੋਂ ਡਰੇਗਾ। ਉਹ ਹਮੇਸ਼ਾ ਦੂਸਰਿਆਂ ਦੇ ਸਾਥ ਦੀ ਭਾਲ ’ਚ ਰਹੇਗਾ, ਜਦੋਂਕਿ ਹਾਂ-ਪੱਖੀ ਸੋਚ ਵਾਲਾ ਵਿਅਕਤੀ ਸੌਖਿਆਂ ਹੀ ਵੱਡੇ ਤੋਂ ਵੱਡਾ ਫ਼ੈਸਲਾ ਖ਼ੁਦ ਲੈ ਸਕਦਾ ਹੈ।
ਸਫਲਤਾ ਵੱਲ ਲਿਜਾਂਦੀ ਹਾਂ-ਪੱਖੀ ਸੋਚ
ਹਾਂ-ਪੱਖੀ ਸੋਚ ਮਨੁੱਖ ਨੂੰ ਸਫਲਤਾ ਵੱਲ ਲਿਜਾਂਦੀ ਹੈ। ਆਤਮ-ਵਿਸ਼ਵਾਸ, ਦਿ੍ਰੜਤਾ, ਲਗਨ ਤੇ ਸਖ਼ਤ ਮਿਹਨਤ ਸਫਲਤਾ ਦੇ ਮੁੱਖ ਕਾਰਨ ਹਨ, ਜਿਹੜੇ ਸਿਰਫ਼ ਹਾਂ-ਪੱਖੀ ਸੋਚ ਰੱਖਣ ਨਾਲ ਹੀ ਹਾਸਿਲ ਕੀਤੇ ਜਾ ਸਕਦੇ ਹਨ। ਹਾਂ-ਪੱਖੀ ਸੋਚ ਹੀ ਮਨੁੱਖ ’ਚ ਆਤਮ-ਵਿਸ਼ਵਾਸ ਪੈਦਾ ਕਰਦੀ ਹੈ।
ਨਵਾਂ ਸਿੱਖਣ ਦੇ ਰੂਪ ’ਚ ਕਰਦੈ ਹਾਰ ਨੂੰ ਸਵੀਕਾਰ
ਹਾਂ-ਪੱਖੀ ਸੋਚ ਨਾ ਸਿਰਫ਼ ਸਫਲਤਾ ਦੀ ਕੁੰਜੀ ਹੈ ਸਗੋਂ ਚੰਗੀ ਸਿਹਤ ਦਾ ਰਾਜ਼ ਵੀ ਹੈ। ਹਾਂ-ਪੱਖੀ ਸੋਚ ਵਾਲਾ ਵਿਅਕਤੀ ਹੀ ਤਨ-ਮਨ ਅਤੇ ਦਿਮਾਗ਼ ਤੋਂ ਸਿਹਤਮੰਦ ਹੋ ਸਕਦਾ ਹੈ। ਨਾਂਹ-ਪੱਖੀ ਸੋਚ ਰੱਖਣ ਵਾਲਾ ਵਿਅਕਤੀ ਨਾ ਸਿਰਫ਼ ਰੋਗੀ ਬਣ ਕੇ ਰਹਿ ਜਾਂਦਾ ਹੈ ਸਗੋਂ ਆਪਣੀ ਸਫਲਤਾ ਦੇ ਰਸਤੇ ’ਚ ਰੁਕਾਵਟਾਂ ਵੀ ਆਪ ਹੀ ਪੈਦਾ ਕਰਦਾ ਹੈ। ਸਮਾਜ ’ਚ ਹਾਂ-ਪੱਖੀ ਸੋਚ ਵਾਲੇ ਲੋਕਾਂ ਦੀ ਜਗ੍ਹਾ ਹਮੇਸ਼ਾ ਨਾਂਹ-ਪੱਖੀ ਸੋਚ ਵਾਲੇ ਵਿਅਕਤੀ ਨਾਲੋਂ ਉੱਚੀ ਹੁੰਦੀ ਹੈ। ਹਾਂ-ਪੱਖੀ ਸੋਚ ਰੱਖਣ ਵਾਲਾ ਵਿਅਕਤੀ ਡਰ ਅਤੇ ਨਿਰਾਸ਼ਾ ਤੋਂ ਮੁਕਤ ਹੁੰਦਾ ਹੈ ਕਿਉਂਕਿ ਨਾ ਹੀ ਉਸ ਨੂੰ ਜਿੱਤ-ਹਾਰ ਦਾ ਡਰ ਹੁੰਦਾ ਹੈ, ਨਾ ਹੀ ਚੰਗੇ ਜਾਂ ਮਾੜੇ ਨਤੀਜੇ ਦਾ। ਅਜਿਹਾ ਵਿਅਕਤੀ ਹਮੇਸ਼ਾ ਕੁਝ ਨਾ ਕੁਝ ਸਿੱਖਣ ’ਚ ਯਕੀਨ ਰੱਖਦਾ ਹੈ। ਉਹ ਹਾਰ ਨੂੰ ਵੀ ਕੁਝ ਨਵਾਂ ਸਿੱਖਣ ਦੇ ਰੂਪ ਵਿਚ ਸਵੀਕਾਰ ਕਰਦਾ ਹੈ।
ਹਾਂ-ਪੱਖੀ ਸੋਚ ਵਾਲੇ ਹੋਣ ਦੋਸਤ
ਜੇ ਅਸੀਂ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸੋਚ ਹਮੇਸ਼ਾ ਹਾਂ-ਪੱਖੀ ਰੱਖਣੀ ਚਾਹੀਦੀ ਹੈ। ਨਾਂਹਪੱਖੀ ਵਿਚਾਰਾਂ ਨਾਲ ਤੁਸੀਂ ਖ਼ੁਦ ਨੂੰ ਤੇ ਦੂਜਿਆਂ ਨੂੰ ਨਿਰਾਸ਼ਾ ਵੱਲ ਲਿਜਾਓਗੇ। ਜੀਵਨ ’ਚ ਸਫਲਤਾ ਦੀ ਇੱਛਾ ਰੱਖਣ ਵਾਲੇ ਹਰ ਵਿਅਕਤੀ ਨੂੰ ਆਪਣਾ ਕੰਮ ਉਸਾਰੂ ਸੋਚ ਨਾਲ ਪੂਰਾ ਕਰਨਾ ਚਾਹੀਦਾ ਹੈ। ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਸਾਡੀ ਦੋਸਤੀ ਕਿਸੇ ਸਕਾਰਾਤਮਿਕ ਸੋਚ ਵਾਲੇ ਵਿਅਕਤੀ ਨਾਲ ਹੋਵੇ, ਤਾਂ ਜੋ ਉਸ ਦੇ ਵਿਚਾਰਾਂ ਦਾ ਸਾਡੇ ’ਤੇ ਚੰਗਾ ਪ੍ਰਭਾਵ ਪਵੇ। ਸਾਡੇ ਮਨ ਦੀ ਜਿਹੋ ਜਿਹੀ ਹਾਲਤ ਹੋਵੇਗੀ ਭਾਵ ਸਾਡੀ ਮਨੋਦਸ਼ਾ ਜਿਸ ਤਰ੍ਹਾਂ ਦੀ ਹੋਵੇਗੀ, ਜ਼ਿੰਦਗੀ ਪ੍ਰਤੀ ਸਾਡਾ ਨਜ਼ਰੀਆ ਵੀ ਉਸੇ ਤਰ੍ਹਾਂ ਦਾ ਹੋ ਜਾਵੇਗਾ। ਜਦੋਂ ਮਨ ਦੀ ਅਵਸਥਾ ਵਧੀਆ ਹੁੰਦੀ ਹੈ ਤਾਂ ਮਨੁੱਖ ਦੁੱਖ ’ਚ ਵੀ ਸੁੱਖ ਦੀ ਭਾਲ ਕਰ ਲੈਂਦਾ ਹੈ। ਇਸ ਲਈ ਜੇ ਸੰਸਾਰ ਨੂੰ ਜਿੱਤਣਾ ਹੈ ਤਾਂ ਮਨ ਨੂੰ ਜਿੱਤਣਾ ਜ਼ਰੂਰੀ ਹੈ। ਅਸੀਂ ਰਚਨਾਤਮਿਕ ਵਿਚਾਰਾਂ ਤੇ ਵਧੀਆ ਜੀਵਨ ਜਾਚ ਨਾਲ ਬੰਜਰ ਜ਼ਮੀਨ ’ਤੇ ਵੀ ਸੁੰਦਰ ਫੁੱਲ ਖਿੜਾ ਸਕਦੇ ਹਾਂ।
- ਲਵਨੀਤ ਵਸ਼ਿਸ਼ਠ