ਸਤਵਿੰਦਰ ਸਿੰਘ ਧਡ਼ਾਕ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾ ਰਹੀ ਟਰਮ-1 ਦੀ ਪ੍ਰੀਖਿਆ ਦੌਰਾਨ 12ਵੀਂ ਸ਼੍ਰੇਣੀ ਦੇ ਵਿਸ਼ਾ ਇਤਿਹਾਸ ਦੇ ਪੇਪਰ ਵਿੱਚ ਵਿਦਿਆਰਥੀਆਂ ਤੋਂ ‘ਸ੍ਰੀ ਅਨੰਦ ਸਾਹਿਬ’ ਦੇ ਪਾਠਾਂ ਵਿੱਚ ‘ਪਉਡ਼ੀਆਂ’ ਦੀ ਗਿਣਤੀ ਦੀ ਥਾਂ ‘ਪੌਡ਼ੀਆਂ’ ਦਾ ਪੁੱਛਿਆ ਜਾਣਾ ਬੋਰਡ ਦੇ ਮਾਹਰ ਪੇਪਰ ਸੈਟਰਾਂ ਦੇ ਆਮ ਗਿਆਨ ਦੇ ਮਜ਼ਾਕ ਦਾ ਆਧਾਰ ਬਣ ਗਿਆ ਹੈ। ਇਸੇ ਸ਼੍ਰੇਣੀ ਦੇ ਪਾਠਕ੍ਰਮ ਵਿੱਚ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀਆਂ ਪੌਡ਼ੀਆਂ ਦੀ ਗਿਣਤੀ ਦਾ ਸੁਆਲ ਵੀ ਸ਼ਾਮਲ ਹੈ। ਬੇਸ਼ੱਕ ਇਹ ਸਵਾਲ ਸਾਲਾਨਾ ਪ੍ਰੀਖਿਆ ’ਚ ਨਹੀਂ ਪੁੱਛਿਆ ਗਿਆ ਪਰ ਸਬੰਧਤ ਮਾਹਰ ਇਸ ਫ਼ਰਕ ਪ੍ਰਤੀ ਅਵੇਸਲੇ ਜ਼ਰੂਰ ਹਨ, ਜਦੋਂ ਕਿ ਇਸੇ ਵਿਸ਼ੇ ਦੀਆਂ ਪਾਠ-ਪੁਸਤਕਾਂ ਦਾ ਪੰਜ ਸਾਲ ਪਹਿਲਾਂ ਛਿਡ਼ਿਆ ਵਿਵਾਦ ਅਕਾਦਮਿਕ ਪੱਖੋਂ ਇੰਨਾ ਕੁ ਨੁਕਸਾਨਦੇਹ ਸਿੱਧ ਹੋਇਆ ਸੀ ਕਿ ਲਗਪਗ ਦੋ ਦਹਾਕਿਆਂ ਮਗਰੋਂ ਕੌਮੀ ਪਾਠਕ੍ਰਮ ਦੇ ਢਾਂਚੇ ਅਨੁਸਾਰ ਤਬਦੀਲ ਕੀਤੀ ਜਾਣ ਵਾਲੀ 10ਵੀਂ ਸ਼੍ਰੇਣੀ ਦੀ ਸਮਾਜਿਕ ਵਿਗਿਆਨ ਦੀ ਪਾਠ-ਪੁਸਤਕ ਵਿਵਾਦ ਤੋਂ ਪੰਜ ਸਾਲਾਂ ਬਾਅਦ ਵੀ ਨਵੀਂ ਤਿਆਰ ਕੀਤੇ ਜਾਣ ਖੁਣੋਂ ਲਟਕਦੀ ਅਵਸਥਾ ਵਿੱਚ ਪਈ ਹੈ।
ਬੁੱਧਵਾਰ ਨੂੰ ਕਰਵਾਈ ਗਈ ਇਤਿਹਾਸ ਦੀ ਟਰਮ-1 ਦੀ ਪ੍ਰੀਖਿਆ ਵਿੱਚ ਸ੍ਰੀ ਅਨੰਦ ਸਾਹਿਬ ਦੇ ਪਾਠਾਂ ਵਿੱਚ ‘ਪਉਡ਼ੀਆਂ’ ਦੀ ਸ਼ਾਮਲ ਗਿਣਤੀ ਬਾਰੇ ਸੁਆਲ ਪੁੱਛਿਆ ਗਿਆ ਸੀ। 19 ਨੰਬਰ ਇਸ ਬਹੁ-ਵਿਕਲਪੀ ਉੱਤਰ ਵਾਲੇ ਪ੍ਰਸ਼ਨ ਵਿੱਚ 84,30,28 ਆਦਿ ਵਿਕਲਪ ਦਿੱਤੇ ਗਏ ਸਨ। ਪੇਪਰ ਸੈਟਰ ਤੇ ਸਿੱਖਿਆ ਬੋਰਡ ਮਾਹਰ ਦੀ ਨਜ਼ਰ ਵਿੱਚੋਂ ਪੇਪਰ ਨਿਕਲਣ ਦੇ ਬਾਵਜੂਦ ਸੰਜੀਦਗੀ ਇੰਨੀ ਕੁ ਹੀ ਸੀ ਕਿ ਨਾ ਤਾਂ ਇਸ ਪਾਸੇ ਕਿਸੇ ਦਾ ਧਿਆਨ ਹੀ ਗਿਆ ਤੇ ਪਾਠਾਂ ਵਿੱਚ ਸ਼ਾਮਲ ‘ਪਉਡ਼ੀਆਂ’ ਨੂੰ ‘ਪੌਡ਼ੀਆਂ’ ਲਿਖ ਦਿੱਤਾ ਗਿਆ।
ਪਹਿਲਾਂ ਵੀ ਹੋਈਆਂ ਕੁਤਾਹੀਆਂ
‘ਪੰਜਾਬ ਸਕੂਲ ਸਿੱਖਿਆ ਬੋਰਡ’ ਵੱਲੋਂ ਲਗਪਗ 5 ਵਰ੍ਹੇ ਪਹਿਲਾਂ ਸੀਨੀਅਰ ਸੈਕੰਡਰੀ ਵਿਸ਼ਾ ਇਤਿਹਾਸ ਦਾ ਪਾਠਕ੍ਰਮ ਤਬਦੀਲ ਕੀਤੇ ਜਾਣ ਵਾਲੇ ਕੀਤੀਆਂ ਗਈਆਂ ਕਥਿਤ ਕੁਤਾਹੀਆਂ ਦਾ ਮਾਮਲਾ ਇੰਨਾ ਭਖ ਗਿਆ ਸੀ ਕਿ ਉਸ ਦੀ ਗੂੰਜ ਸ਼ਾਹਕੋਟ ਦੀ ਜ਼ਿਮਨੀ ਚੋਣ ’ਚ ਵੀ ਸੁਣੀ ਗਈ। ਉਸ ਤੋਂ ਬਾਅਦ ਇਤਿਹਾਸ ਵਿਸ਼ੇ ਦਾ ਪਾਠਕ੍ਰਮ ਬਦਲਣ ਲਈ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਹਾਲੇ ਤਕ ਵੀ ਨਵੀਂ ਪਾਠ ਸਮੱਗਰੀ ਤਿਆਰ ਨਹੀਂ ਕਰ ਸਕੀ ਹੈ। ਇਸ ਦੇ ਸਿੱਟੇ ਵਜੋਂ ਮੈਟ੍ਰਿਕੁਲੇਸ਼ਨ ਪੱਧਰ ’ਤੇ ਨਵੀਂ ਪਾਠ-ਪੁਸਤਕ ਤਿਆਰ ਨਾ ਹੋਣ ਦਾ ਖਮਿਆਜ਼ਾ ਭੂਗੋਲ, ਨਾਗਰਿਕ ਸ਼ਾਸਤਰ ਤੇ ਅਰਥ ਸ਼ਾਸਤਰ ਦੇ ਵਿਦਿਆਰਥੀ ਵੀ ਭੁਗਤ ਰਹੇ ਹਨ। ਨਤੀਜਾ ਇਹ ਹੈ ਕਿ ਇਤਿਹਾਸ ਭਾਗ ਤਿਆਰ ਨਾ ਹੋਣ ਕਾਰਨ ਬਾਕੀ ਤਿੰਨ ਭਾਗਾਂ ਦੀ ਪਾਠ-ਪੁਸਤਕ ਵੀ ਤਿਆਰ ਕੀਤੇ ਜਾਣ ਖੁਣੋਂ ਪਈ ਹੈ। ਸਾਲ ਕੁ ਪਹਿਲਾਂ ਬੋਰਡ ਵੱਲੋਂ ਲਏ ਗਏ ਐਲੀਮੈਂਟਰੀ ਪੱਧਰ ਦੇ ਇਮਤਿਹਾਨ ’ਚ ਪੰਜਾਬੀ ਦੇ ਪ੍ਰਸ਼ਨ-ਪੱਤਰ ’ਚ ਪੰਜਾਬੀ ਦੇ ਸ਼ਬਦ-ਜੋਡ਼ਾਂ ਦੀਆਂ 72 ਗ਼ਲਤੀਆਂ ਹੋਣ ਕਰਕੇ ਸੰਸਾਰ ਪੱਧਰ ’ਤੇ ਬੋਰਡ ਦੀ ਜੱਗ-ਹਸਾਈ ਹੋਈ ਸੀ। ਸਪੱਸ਼ਟ ਹੈ ਕਿ ਅਜਿਹੇ ਹਾਲਾਤ ਵਿੱਚ ਬੋਰਡ ਅਧਿਕਾਰੀਆਂ ਤੋਂ ਸੰਜੀਦਾ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਕਦੋਂ? ਇਹ ਸਵਾਲ ਵੱਡਾ ਜਵਾਬ ਮੰਗਦਾ ਹੈ।
ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਇਕ ਨੰਬਰ : ਚੇਅਰਮੈਨ
ਇਹ ਮਾਮਲਾ ਮੇਰੇ ਧਿਆਨ ’ਚ ਆਇਆ ਹੈ ਕਿ ਅਸੀਂ ਇਸ ਤਰੁਟੀ ਲਈ ਵਿਦਿਆਰਥੀਆਂ ਨੂੰ ਇਕ ਅੰਕ ਦੇ ਰਹੇ ਹਾਂ। ਸਾਡੀ ਇਸ ਮਾਮਲੇ ਸਬੰਧੀ ਬੈਠਕ ਵੀ ਹੋਈ ਹੈ, ਸਿੱਖਿਆ ਬੋਰਡ ਦੇ ਅਧਿਕਾਰੀਆਂ ਦੀ ਅਜਿਹਾ ਕਰਨ ਦੀ ਮਨਸ਼ਾ ਨਹੀਂ ਸੀ ਪਰ ਕਿਉਂÎਕ ਸ਼ਬਦ ਗੁਰਬਾਣੀ ਨਾਲ ਜੁਡ਼ਿਆ ਹੋਇਆ ਹੈ, ਇਸ ਲਈ ਅਸੀਂ ਮਾਫ਼ੀ ਵੀ ਮੰਗਦੇ ਹਾਂ। ਅੱਗੋਂ ਅਜਿਹੀ ਕੋਈ ਉਕਾਈ ਨਾ ਹੋਵੇ, ਮੈਂ ਖ਼ੁਦ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਹੈ।