ਕਿਸੇ ਬਿਲਡਿੰਗ ਦੇ ਨਿਰਮਾਣ ਵਾਂਗ ਭਵਿੱਖ ਦਾ ਨਿਰਮਾਣ ਕਰਨਾ ਵੀ ਓਨਾ ਹੀ ਔਖਾ ਹੁੰਦਾ ਹੈ। ਆਰਕੀਟੈਕਚਰ ਬਿਲਡਿੰਗ ਡਿਜ਼ਾਈਨ ਦੀ ਕਲਾ ਅਤੇ ਵਿਗਿਆਨ ਹੈ। ਡਿਜ਼ਾਈਨ ਤਿਆਰ ਕਰਨ ਲਈ ਨਕਸ਼ਾ-ਨਵੀਸ ਬਿਲਡਿੰਗ ਕੋਡ ਤੇ ਦੂਜੇ ਨਿਯਮਾਂ ਦੀ ਪਾਲਣਾ ਕਰਦਾ ਹੈ। ਇਕ ਸਮਾਂ ਹੁੰਦਾ ਸੀ ਜਦੋਂ ਆਰਕੀਟੈਕਟ ਪੈਨਸਿਲ ਨਾਲ ਕਾਗਜ ’ਤੇ ਨਕਸ਼ੇ ਤਿਆਰ ਕਰਦੇ ਸਨ। ਅੱਜ-ਕੱਲ੍ਹ ਡਿਜ਼ਾਈਨ ਤੇ ਉਸਾਰੀ ਦੀਆਂ ਡਰਾਇੰਗਾਂ ਤਿਆਰ ਕਰਨ ਲਈ ਕੰਪਿਊਟਰ-ਏਡਿਡ ਡਿਜ਼ਾਈਨ ਅਤੇ ਡਰਾਫਟਿੰਗ (CADD), ਬਿਲਡਿੰਗ ਇਨਫਰਮੇਸ਼ਨ ਮੋਡਲਿੰਗ (BIM) ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਕੋਰਸ ’ਚ ਸਟ੍ਰੱਕਚਰਲ ਡਰਾਇੰਗਾਂ, ਵਰਕਿੰਗ ਡਰਾਇੰਗਾਂ, ਇਮਾਰਤ ਦੇ ਵੱਖ-ਵੱਖ ਹਿੱਸਿਆਂ ਦੀਆਂ ਵਿਸਥਾਰਤ ਡਰਾਇੰਗਾਂ ਸ਼ਾਮਿਲ ਹੁੰਦੀਆਂ ਹਨ। ਉਸ ਨੂੰ ਮਹੱਤਵਪੂਰਨ ਮਟੀਰੀਅਲਜ਼ ਜਿਵੇਂ ਪੱਥਰ, ਇੱਟਾਂ, ਚੂਨਾ, ਸੀਮੈਂਟ, ਪੇਂਟ, ਲੱਕੜ, ਬਾਹਰੀ ਤੇ ਅੰਦਰੂਨੀ ਫਿਨਿਸ਼ਾਂ, ਗਲਾਸ, ਪਲਾਸਟਿਕ, ਬਿਲਡਿੰਗ ਹਾਰਡਵੇਅਰ, ਛੱਤ ਦਾ ਮਟੀਰੀਅਲ ਆਦਿ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ। ਆਰਕੀਟੈਕਟ ਦਾ ਕਾਰੋਬਾਰ ਕਰਨ ਦੇ ਚਾਹਵਾਨਾਂ ਨੂੰ ਕਾਊਂਸਲ ਆਫ ਆਰਕੀਟੈਕਚਰ (COA) ਤੋਂ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਉਸ ਕੋਲ ਆਰਕੀਟੈਕਟ ਲਈ ਘੱਟੋ-ਘੱਟ ਯੋਗਤਾ ਹੋਣੀ ਲਾਜ਼ਮੀ ਹੁੰਦੀ ਹੈ।
ਕੋਰਸ
ਤਿੰਨ ਸਾਲਾ ਆਰਕੀਟੈਕਚਰਲ ਅਸਿਸਟੈਂਟਸ਼ਿਪ ਡਿਪਲੋਮਾ।
ਪੰਜ ਸਾਲਾ ਬੈਚਲਰ ਆਫ ਆਰਕੀਟੈਕਚਰ (ਬੀ.ਆਰਕੀਟੈਕਚਰ) ਡਿਗਰੀ ਕੋਰਸ।
ਯੋਗਤਾ
ਤਿੰਨ ਸਾਲਾ ਡਿਪਲੋਮਾ ਕੋਰਸ ’ਚ ਦਾਖ਼ਲੇ ਲਈ ਯੋਗਤਾ ਘੱਟੋ-ਘੱਟ 35 ਫ਼ੀਸਦੀ ਅੰਕਾਂ ਨਾਲ ਦਸਵੀਂ ਪਾਸ ਹੋਣਾ ਲਾਜ਼ਮੀ ਹੈ।
ਪੰਜ ਸਾਲਾ ਬੈਚਲਰ ਆਫ ਆਰਕੀਟੈਕਚਰ (ਬੀ. ਆਰਕੀਟੈਕਚਰ) ਡਿਗਰੀ ਪ੍ਰੋਗਰਾਮ ਲਈ 10+2 ਪ੍ਰਣਾਲੀ ਅਧੀਨ ਫਿਜ਼ਿਕਸ, ਕੈਮਿਸਟਰੀ ਤੇ ਮੈਥੇਮੈਟਿਕਸ ’ਚ 50 ਫ਼ੀਸਦੀ ਅੰਕਾਂ ਅਤੇ 10+2 ਵਿੱਚੋਂ ਸਮੁੱਚੇ 50 ਫ਼ੀਸਦੀ ਅੰਕਾਂ ਨਾਲ 10+2 ਪਾਸ ਜਾਂ ਮੈਥੇਮੈਟਿਕਸ ਲਾਜ਼ਮੀ ਵਿਸ਼ੇ ਨਾਲ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਤਿੰਨ ਸਾਲਾ ਪੋਲੀਟੈਕਨਿਕ ਡਿਪਲੋਮਾ ਪਾਸ ਹੋਣਾ ਲਾਜ਼ਮੀ ਹੈ।
ਦਾਖ਼ਲਾ ਵਿਧੀ
ਪੋਲੀਟੈਕਨਿਕ ਕਾਲਜਾਂ ’ਚ ਆਰਕੀਟੈਕਚਰਲ ਅਸਿਸਟੈਂਟਸ਼ਿਪ ਡਿਪਲੋਮਾ ਕੋਰਸ ’ਚ ਦਾਖ਼ਲਾ ਦਸਵੀਂ ਕਲਾਸ ’ਚੋਂ ਪ੍ਰਾਪਤ ਅੰਕਾਂ ਦੀ ਮੈਰਿਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ।
ਭਾਰਤ ’ਚ ਸਥਿਤ ਆਰਕੀਟੈਕਚਰ ਕਾਲਜਾਂ ਵਿਚ ਬੀ. ਆਰਕੀਟੈਕਚਰ ਡਿਗਰੀ ਕੋਰਸ ’ਚ ਦਾਖ਼ਲਾ ਲੈਣ ਲਈ ਕਾਊਂਸਲ ਆਫ ਆਰਕੀਟੈਕਚਰ ਦੁਆਰਾ ਸੰਚਾਲਿਤ ਰਾਸ਼ਟਰੀ ਪੱਧਰ ਦਾ ਟੈਸਟ ਨੈਸ਼ਨਲ ਐਪਟੀਚਿਊਡ ਟੈਸਟ ਇਨ ਆਰਕੀਟੈਕਚਰ ((NATA) ਦੇਣਾ ਪੈਂਦਾ ਹੈ।
ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਜਿਵੇਂ ਐੱਨਆਈਟੀਜ਼ ’ਚ ਬੀ. ਆਰਕੀਟੈਕਚਰ ਡਿਗਰੀ ਕੋਰਸ ’ਚ ਦਾਖ਼ਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਸੰਚਾਲਿਤ ਜੇਈਈ (ਮੇਨ) ਦਾ ਪੇਪਰ-2 ਦੇਣਾ ਪੈਂਦਾ ਹੈ।
ਨੌਕਰੀ ਦੇ ਮੌਕੇ
ਆਰਕੀਟੈਕਚਰ/ਪਲਾਨਿੰਗ ਵਿਭਾਗਾਂ ’ਚ ਸਰਕਾਰੀ ਨੌਕਰੀ।
ਸਰਕਾਰੀ ਦਫ਼ਤਰਾਂ ਜਿਵੇਂ ਪੀਡਬਲਿਊਡੀ, ਪਬਲਿਕ ਹੈੱਲਥ, ਸਿੰਚਾਈ, ਟਾਊਨ ਪਲਾਨਿੰਗ, ਕਾਰਪੋਰੇਸ਼ਨ ਦਫ਼ਤਰਾਂ’ਚ ਡਰਾਫਟਸਮੈਨ ਵਜੋਂ ਆਰਕੀਟੈਕਚਰਲ, ਇੰਟੀਰੀਅਰ ਡਿਜ਼ਾਈਨ ਦਫ਼ਤਰਾਂ ਵਿਚ ਡਿਜ਼ਾਈਨਰ।
ਰੇਲਵੇ, ਏਅਰਪੋਰਟ, ਨਿਰਮਾਣ ਕੰਪਨੀਆਂ, ਸਟੇਟ ਹਾਊਸਿੰਗ ਬੋਰਡ, ਅਰਬਨ ਡਿਵੈਲਪਮੈਂਟ ਅਥਾਰਟੀ ’ਚ ਨੌਕਰੀ।
ਸਵੈ-ਰੁਜ਼ਗਾਰ।
- ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ