ਜਾਗਰਣ ਬਿਊਰੋ, ਨਵੀਂ ਦਿੱਲੀ : ਇੰਜੀਨੀਅਰਿੰਗ ਕਾਲਜਾਂ ’ਚ ਦਾਖ਼ਲੇ ਨਾਲ ਜੁਡ਼ੇ ਜੁਆਇੰਟ ਐਂਟਰੈਂਸ ਐਗਜ਼ਾਮਿਨੇਸ਼ਨ (ਜੇਈਈ) ਮੇਨ ਦੀ ਸਾਲ 2022 ’ਚ ਵੀ ਚਾਰ ਸੈਸ਼ਨਾਂ ’ਚ ਪ੍ਰੀਖਿਆ ਹੋਵੇਗੀ। ਪਹਿਲਾ ਸੈਸ਼ਨ ਫਰਵਰੀ ’ਚ ਹੋਵੇਗਾ, ਜਦਕਿ ਦੂਜਾ ਮਾਰਚ, ਤੀਜਾ ਅਪ੍ਰੈਲ ਤੇ ਆਖ਼ਰੀ ਤੇ ਚੌਥਾ ਸੈਸ਼ਨ ਮਈ ’ਚ। ਕੋਰੋਨਾ ਸੰਕਟ ਦੇ ਬਰਕਰਾਰ ਰਹਿਣ ਤੇ ਵਿਦਿਆਰਥੀਆਂ ਦੀ ਕਲਾਸ ’ਚ ਪਡ਼੍ਹਾਈ ਦੇ ਲਗਾਤਾਰ ਠੱਪ ਰਹਿਣ ਵਰਗੇ ਕਾਰਨਾਂ ਨੂੰ ਦੇਖਦੇ ਹੋਏ ਐੱਨਟੀਏ (ਨੈਸ਼ਨਲ ਟੈਸਟਿੰਗ ਏਜੰਸੀ) ਨੇ ਇਹ ਸੰਕੇਤ ਦਿੱਤਾ ਹੈ। ਇਸ ਦਾ ਰਸਮੀ ਐਲਾਨ ਛੇਤੀ ਹੋਣ ਦੀ ਉਮੀਦ ਹੈ।
ਜੇਈਈ ਮੇਨ ਦੇ ਪਹਿਲੇ ਸੈਸ਼ਨ ਲਈ ਰਜਿਸਟ੍ਰੇਸ਼ਨ ਦਾ ਕੰਮ ਵੀ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਸਕਦਾ ਹੈ। ਐੱਨਟੀਏ ਨਾਲ ਜੁਡ਼ੇ ਸੂਤਰਾਂ ਦੀ ਮੰਨੀਏ ਤਾਂ ਜੇਈਈ ਮੇਨ 2022 ਦੀ ਪ੍ਰੀਖਿਆ ਪੂਰੀ ਤਰ੍ਹਾਂ ਨਾਲ ਸਾਲ 2021 ਵਾਂਗ ਹੀ ਹੋਵੇਗੀ। ਪ੍ਰੀਖਿਆ ਦੇ ਜ਼ਿਆਦਾ ਤੋਂ ਜ਼ਿਆਦਾ ਕੇਂਦਰ ਹੋਣਗੇ ਤੇ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਜਿਹਡ਼ੇ ਕੰਪਿਊਟਰ ਜਾਂ ਲੈਪਟਾਪ ਦਿੱਤੇ ਜਾਣਗੇ, ਉਹ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਹੋਣਗੇ।
ਜੇਈਈ ਮੇਨ ਦੇ ਪ੍ਰਦਰਸ਼ਨ ਆਧਾਰ ’ਤੇ ਹੀ ਉਮੀਦਵਾਰਾਂ ਨੂੰ ਆਈਆਈਟੀ ’ਚ ਦਾਖ਼ਲੇ ਲਈ ਹੋਣ ਵਾਲੀ ਪ੍ਰੀਖਿਆ ਜੇਈਈ ਐਡਵਾਂਸ ’ਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ। ਹਾਲੇ ਜੇਈਈ ਐਡਵਾਂਸ ਨਾਲ ਜੁਡ਼ੇ ਪ੍ਰੋਗਰਾਮ ਨੂੰ ਲੈ ਕੇ ਸਥਿਤੀ ਸਾਫ਼ ਨਹੀਂ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਜੇਕਰ ਤਜਵੀਜ਼ਸ਼ੁਦਾ ਯੋਜਨਾ ਦੇ ਤਹਿਤ ਜੇਈਈ ਮੇਨ ਦਾ ਆਖ਼ਰੀ ਸੈਸ਼ਨ ਮਈ ’ਚ ਹੋ ਜਾਂਦਾ ਹੈ ਤਾਂ ਜੁਲਾਈ ’ਚ ਐਡਵਾਂਸ ਦੀ ਪ੍ਰੀਖਿਆ ਵੀ ਹੋ ਜਾਵੇਗੀ। ਹਾਲਾਂਕਿ ਇਹ ਬਹੁਤ ਕੁਝ ਕੋਰੋਨਾ ਇਨਫੈਕਸ਼ਨ ਦੀ ਸਥਿਤੀ ’ਤੇ ਨਿਰਭਰ ਕਰੇਗਾ।
ਪਿਛਲੀ ਪ੍ਰੀਖਿਆ ਵੀ ਚਾਰ ਸੈਸ਼ਨਾਂ ’ਚ ਹੋਈ ਸੀ
ਸਾਲ 2021 ’ਚ ਵੀ ਜੇਈਈ ਮੇਨ ਪ੍ਰੀਖਿਆ ਚਾਰ ਸੈਸ਼ਨਾਂ ’ਚ ਕੀਤੀ ਗਈ ਸੀ। ਪਹਿਲਾ ਸੈਸ਼ਨ ਫਰਵਰੀ ’ਚ ਕੀਤਾ ਗਿਆ ਸੀ, ਜਦਕਿ ਬਾਕੀ ਸੈਸ਼ਨ ਮਾਰਚ, ਅਪ੍ਰੈਲ ਤੇ ਮਈ ਮਹੀਨੇ ’ਚ ਤਜਵੀਜ਼ਸ਼ੁਦਾ ਸਨ ਪਰ ਕੋਰੋਨਾ ਇਨਫੈਕਸ਼ਨ ’ਚ ਤੇਜ਼ੀ ਆ ਜਾਣ ਕਾਰਨ ਬਾਅਦ ਦੇ ਦੋ ਸੈਸ਼ਨ ਅੱਗੇ ਵਧਾ ਦਿੱਤੇ ਗਏ ਸਨ ਜਿਸ ਦੀ ਪ੍ਰੀਖਿਆ ਜੁਲਾਈ ਤੇ ਅਗਸਤ ’ਚ ਕਰਾਈ ਗਈ ਸੀ। ਉੱਥੇ ਜੇਈਈ ਐਡਵਾਂਸ ਸਤੰਬਰ ’ਚ ਹੋਈ ਸੀ।