ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਦੀ ਤੇਜ਼ ਹੁੰਦੀ ਇਨਫੈਕਸ਼ਨ ਤੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇੰਜੀਨੀਅਰਿੰਗ ਕੋਰਸਾਂ ’ਚ ਦਾਖ਼ਲੇ ਦੀ ਜੇਈਈ-ਮੇਨਜ਼ ਸਮੇਤ ਜਨਵਰੀ-ਫਰਵਰੀ ’ਚ ਤਜਵੀਜ਼ਸ਼ੁਦਾ ਦੂਜੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਅੱਗੇ ਵਧਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਨ੍ਹਾਂ ਨੂੰ ਹੁਣ ਸਥਿਤੀ ਠੀਕ ਹੋਣ ਤੋਂ ਬਾਅਦ ਮਾਰਚ-ਅਪ੍ਰੈਲ ’ਚ ਕਰਵਾਉਣ ਦੀ ਯੋਜਨਾ ਹੈ। ਫ਼ਿਲਹਾਲ ਜਿਨ੍ਹਾਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਨਵਰੀ-ਫਰਵਰੀ ’ਚ ਐਲਾਨੀਆਂ ਗਈਆਂ ਸਨ, ਉਨ੍ਹਾਂ ਸਾਰੀਆਂ ਨੂੰ ਹੁਣ ਨਵੀਆਂ ਤਰੀਕਾਂ ਦੇ ਐਲਾਨ ਤਕ ਮੁਲਤਵੀ ਕੀਤਾ ਜਾ ਰਿਹਾ ਹੈ। ਨਾਲ ਹੀ ਜਿਹਡ਼ੀਆਂ ਪ੍ਰੀਖਿਆਵਾਂ ਤਜਵੀਜ਼ਸ਼ੁਦਾ ਸਨ, ਉਨ੍ਹਾਂ ਨੂੰ ਵੀ ਅੱਗੇ ਵਧਾਉਣ ਦੀ ਤਿਆਰੀ ਹੈ।
ਇਹੀ ਕਾਰਨ ਹੈ ਕਿ ਜੇਈਈ-ਮੇਨਜ਼ ਵਰਗੀਆਂ ਪ੍ਰੀਖਿਆਵਾਂ ਦੇ ਕੋਰਸ ਹਾਲੇ ਤਕ ਐਲਾਨੇ ਨਹੀਂ ਗਏ, ਜਦਕਿ ਸਾਧਾਰਨ ਤੌਰ ’ਤੇ ਇਹ ਦਸੰਬਰ ਦੇ ਅਖੀਰ ਤਕ ਜਾਰੀ ਹੋ ਜਾਂਦੇ ਸਨ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨਾਲ ਜੁਡ਼ੇ ਸੂਤਰਾਂ ਦੀ ਮੰਨੀਏ ਤਾਂ ਕੋਰੋਨਾ ਇਨਫੈਕਸ਼ਨ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਪ੍ਰੋਗਰਾਮ ਜਾਰੀ ਕਰਨ ’ਚ ਦੇਰੀ ਹੋ ਰਹੀ ਹੈ। ਜਿਵੇਂ ਹੀ ਇਨਫੈਕਸ਼ਨ ’ਚ ਸੁਧਾਰ ਦੇ ਪੁਖ਼ਤਾ ਸੰਕੇਤ ਮਿਲਣਗੇ, ਪ੍ਰੋਗਰਾਮ ਜਾਰੀ ਕਰ ਦਿੱਤਾ ਜਾਵੇਗਾ। ਮੌਜੂਦਾ ਸਮੇਂ ’ਚ ਜਿਹਡ਼ੀ ਸਥਿਤੀ ਹੈ, ਉਸ ਵਿਚ ਜੇਈਈ-ਮੇਨਜ਼ ਦੀ ਪ੍ਰੀਖਿਆ ਜਨਵਰੀ-ਫਰਵਰੀ ’ਚ ਕਰਵਾਉਣਾ ਮੁਸ਼ਕਲ ਹੈ। ਅਜਿਹੇ ’ਚ ਹੁਣ ਮਾਰਚ ਜਾਂ ਅਪ੍ਰੈਲ ’ਚ ਇਨ੍ਹਾਂ ਨੂੰ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਵੈਸੇ ਵੀ ਉੱਤਰ ਪ੍ਰਦੇਸ਼ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ 10 ਮਾਰਚ ਤਕ ਹੋ ਜਾਣਗੀਆਂ।