ਅਨਿਲ ਠਾਕੁਰ, ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀਆਂ ਨਿੱਜੀ ਯੂਨੀਵਰਸਿਟੀਆਂ ’ਚ ਪੀਐੱਚਡੀ ਕਰਵਾਉਣ ਦੇ ਨਾਂ ’ਤੇ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਨੇ ਆਪਣੀ ਰਿਪੋਰਟ ਹਿਮਾਚਲ ਪ੍ਰਦੇਸ਼ ਨਿੱਜੀ ਵਿੱਦਿਅਕ ਅਦਾਰਾ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪ ਦਿੱਤੀ ਹੈ। ਰਿਪੋਰਟ ਮੁਤਾਬਕ, ਸੂਬੇ ’ਚ ਚੱਲ ਰਹੀਆਂ ਨਿੱਜੀ ਯੂਨੀਵਰਸਿਟੀਆਂ ਨੇ ਪੀਐੱਚਡੀ ’ਚ ਦਾਖ਼ਲਾ ਦੇਣ ’ਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੇ ਨਿਯਮਾਂ ਦੀ ਅਣਦੇਖੀ ਕੀਤੀ ਹੈ। ਬਿਨਾਂ ਦਾਖ਼ਲਾ ਪ੍ਰੀਖਿਆ ਡਿਗਰੀ ਕਰਵਾਈ ਜਾ ਰਹੀ ਹੈ। ਕਿਸ ਵਿਭਾਗ ’ਚ ਕਿੰਨੀਆਂ ਸੀਟਾਂ ਹਨ, ਇਸ ਦਾ ਪਹਿਲਾਂ ਪ੍ਰਚਾਰ ਕਰਨਾ ਪੈਂਦਾ ਹੈ, ਇਸ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ, ਜਦਕਿ ਨਿੱਜੀ ਯੂਨੀਵਰਸਿਟੀਆਂ ਨੇ ਇਸ ਨੂੰ ਪੂਰੀ ਤਰ੍ਹਾਂ ਲੁਕਾਇਆ ਹੈ।
ਯੂਜੀਸੀ ਨੇ ਪੀਐੱਚਡੀ ਗਾਈਡ ਲਈ ਉਮਰ ਹੱਦ ਤੈਅ ਕੀਤੀ ਹੈ। 70 ਸਾਲ ਤੋਂ ਜ਼ਿਆਦਾ ਉਮਰ ਵਾਲਾ ਗਾਈਡ ਨਹੀਂ ਬਣ ਸਕਦਾ, ਜਦਕਿ ਨਿੱਜੀ ਯੂਨੀਵਰਸਿਟੀਆਂ ’ਚ ਕਈ ਖੋਜਕਰਤਾਵਾਂ ਦੇ ਗਾਈਡ ਦੀ ਉਮਰ 72 ਤੋਂ 75 ਸਾਲ ਵੀ ਹੈ। ਨਿਯਮਾਂ ਤਹਿਤ ਖੋਜਕਰਤਾ ਨੂੰ 18 ਮਹੀਨੇ ਕੈਂਪਸ ’ਚ ਰਹਿ ਕੇ ਖੋਜ ਕਾਰਜ ਕਰਨਾ ਪੈਂਦਾ ਹੈ। ਇਹ ਨਿਯਮ ਵੀ ਪੂਰਾ ਨਹੀਂ ਹੋਇਆ। ਆਚਾਰੀਆ, ਸਹਿ-ਆਚਾਰੀਆ ਤੇ ਸਹਾਇਕ ਆਚਾਰੀਆ ਜਿੰਨੇ ਖੋਜਕਰਤਾ ਲੈ ਸਕਦੇ ਹਨ, ਇਸ ਨਿਯਮ ਦੀ ਵੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ। ਰੈਗੂਲੇਟਰੀ ਕਮਿਸ਼ਨ ਨੇ ਇਨ੍ਹਾਂ ਯੂਨੀਵਰਸਿਟੀਆਂ ਨੂੰ ਨੋਟਿਸ ਜਾਰੀ ਕਰ ਕੇ 15 ਦਿਨਾਂ ਅੰਦਰ ਜਵਾਬ ਮੰਗਿਆ ਹੈ।
--------
ਇਹ ਹੈ ਨਿਯਮ
ਪੀਐੱਚਡੀ ਕਰਵਾਉਣ ਲਈ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਤਹਿਤ ਨਿਯਮ ਤੈਅ ਹਨ। ਆਚਾਰੀਆ ਅੱਠ ਖੋਜਕਰਤਾਵਾਂ ਨੂੰ ਇਕ ਸਮੇਂ ’ਚ ਪੀਐੱਚਡੀ ਕਰਵਾ ਸਕਦਾ ਹੈ। ਸਹਿ-ਆਚਾਰੀਆ ਛੇ, ਸਹਾਇਕ ਆਚਾਰੀਆ ਚਾਰ ਖੋਜਕਰਤਾਵਾਂ ਨੂੰ ਪੀਐੱਚਡੀ ਕਰਵਾ ਸਕਦੇ ਹਨ। ਜਦੋਂ ਖੋਜਕਰਤਾ ਦਾ ਖੋਜ ਕਾਰਜ ਪੂਰਾ ਹੋ ਜਾਵੇ ਤੇ ਡਿਗਰੀ ਐਵਾਰਡ ਹੋ ਜਾਵੇ ਤਾਂ ਉਸ ਤੋਂ ਬਾਅਦ ਹੀ ਉਹ ਹੋਰ ਖੋਜਕਰਤਾਵਾਂ ਨੂੰ ਪੀਐੱਚਡੀ ਕਰਵਾ ਸਕਦੇ ਹਨ।
ਸਹਾਇਕ ਆਚਾਰੀਆ ਵੀ ਪੰਜ ਸਾਲ ਵਿੱਦਿਅਕ ਤਜਰਬੇ ਦੇ ਬਾਅਦ ਹੀ ਪੀਐੱਚਡੀ ਲਈ ਪਾਤਰ ਹੋਣਗੇ। ਪੀਐੱਚਡੀ ’ਚ ਦਾਖ਼ਲੇ ਲਈ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀ ਗਾਈਡਲਾਈਨ ਮੰਨੀ ਜਾਂਦੀ ਹੈ। ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਕਰਵਾਉਂਦਾ ਹੈ। ਇਸ ਦੇ ਆਧਾਰ ’ਤੇ ਹੀ ਦਾਖ਼ਲਾ ਮਿਲਦਾ ਹੈ। ਇਸ ਤੋਂ ਇਲਾਵਾ ਨੈੱਟ, ਐੱਮਫਿਲ ਜੇਕਰ ਕਿਸੇ ਨੇ ਕੀਤੀ ਹੋਵੇ ਤਾਂ ਉਸ ਦੇ ਵਾਧੂ ਅੰਕ ਮਿਲਦੇ ਹਨ।
------------
ਇਸ ਤਰ੍ਹਾਂ ਹੋਈ ਨਿਯਮਾਂ ਦੀ ਅਣਦੇਖੀ
ਕੁਝ ਨਿੱਜੀ ਯੂਨੀਵਰਸਿਟੀਆਂ ਨੇ ਸਹਾਇਕ ਆਚਾਰੀਆਂ ਨੂੰ ਨਿਯੁਕਤ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਅਧੀਨ ਪੀਐੱਚਡੀ ਕਰਵਾਉਣਾ ਸ਼ੁਰੂ ਕਰ ਦਿੱਤਾ। ਆਚਾਰੀਆ, ਸਹਿ-ਆਚਾਰੀਆ ਤੇ ਸਹਾਇਕ ਆਚਾਰੀਆ ਲਈ ਪੀਐੱਚਡੀ ਕਰਵਾਉਣ ਦਾ ਜਿਹੜਾ ਨਿਯਮ ਹੈ, ਉਸ ਦੀ ਵੀ ਅਣਦੇਖੀ ਹੋਈ ਹੈ। ਕਈ ਯੂਨੀਵਰਸਿਟੀਆਂ ਨੇ ਇਨ੍ਹਾਂ ਸਾਰਿਆਂ ਦੇ ਅਧੀਨ ਅੱਠ-ਅੱਠ ਖੋਜਕਰਤਾਵਾਂ ਨੂੰ ਪੀਐੱਚਡੀ ਕਰਵਾਉਣ ਦਾ ਕੰਮ ਦਿੱਤਾ।
---------
ਸ਼ਿਕਾਇਤਾਂ ਤੋਂ ਬਾਅਦ ਜਾਂਚ ਕਮੇਟੀ ਗਠਿਤ ਕੀਤੀ ਸੀ। ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਕੁਝ ਯੂਨੀਵਰਸਿਟੀਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਜਵਾਬ ਆਉਣ ਤੋਂ ਬਾਅਦ ਇਸ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੇਜਰ ਜਨਰਲ (ਰਿਟਾਇਰਡ) ਅਤੁਲ ਕੌਸ਼ਿਕ, ਚੇਅਰਮੈਨ ਨਿੱਜੀ ਵਿੱਦਿਅਕ ਅਦਾਰਾ ਰੈਗੂਲੇਟਰੀ ਕਮਿਸ਼ਨ।