ਸਿੱਖਿਆ ਡੈਸਕ, DISHA Cell : ਜੇਕਰ ਤੁਸੀਂ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋਣ ਦਾ ਸੁਪਨਾ ਦੇਖ ਰਹੇ ਹੋ, ਤਾਂ ਭਾਰਤੀ ਹਵਾਈ ਸੈਨਾ ਦਾ ਦਿਸ਼ਾ ਸੈੱਲ (DISHA Cell) ਇਸ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਸਾਲ 2005 ਵਿੱਚ ਹਵਾਈ ਸੈਨਾ ਦੁਆਰਾ ਸਥਾਪਿਤ ਦਿਸ਼ਾ ਸੈੱਲ, ਆਈਏਐੱਫ ਦੇ ਜਵਾਨਾਂ ਦੇ ਦਾਖਲੇ ਦੀ ਸਹੂਲਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਸੈੱਲ ਦੀ ਸਥਾਪਨਾ ਦਿੱਲੀ ਵਿੱਚ ਹਵਾਈ ਸੈਨਾ ਦੇ ਹੈੱਡਕੁਆਰਟਰ ਵਿੱਚ ਕੀਤੀ ਗਈ ਹੈ। ਦਿਸ਼ਾ ਦਾ ਉਦੇਸ਼ ਭਾਰਤੀ ਹਵਾਈ ਸੈਨਾ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਨੌਜਵਾਨਾਂ ਤੱਕ ਪਹੁੰਚਣਾ ਹੈ। ਆਓ ਜਾਣਦੇ ਹਾਂ ਕਿ ਇਹ ਕਿਵੇਂ ਮਦਦ ਕਰਦਾ ਹੈ :
ਇਹ ਸੈੱਲ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਏਐਫਸੀਏਟੀ) ਲਈ ਸੂਚਨਾਵਾਂ ਤਿਆਰ ਕਰਨ ਲਈ ਵੀ ਜ਼ਿੰਮੇਵਾਰ ਹੈ। AFCAT ਭਾਰਤੀ ਹਵਾਈ ਸੈਨਾ ਦੁਆਰਾ ਵੱਖ-ਵੱਖ ਫਲਾਇੰਗ ਅਤੇ ਜ਼ਮੀਨੀ ਡਿਊਟੀ ਸ਼ਾਖਾਵਾਂ ਲਈ ਨੌਜਵਾਨ ਉਮੀਦਵਾਰਾਂ ਦੀ ਚੋਣ ਕਰਨ ਲਈ ਇੱਕ ਸਕ੍ਰੀਨਿੰਗ ਟੈਸਟ ਹੈ।
ਦਿਸ਼ਾ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਨਾਲ ਸਬੰਧਤ ਉਮੀਦਵਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਆਪਣੀ ਅਧਿਕਾਰਤ ਕਰੀਅਰ ਵੈੱਬਸਾਈਟ ਅਤੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲ ਚਲਾਉਂਦੀ ਹੈ।
ਇਹ ਸੈੱਲ ਨੌਜਵਾਨ ਉਮੀਦਵਾਰਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਸਕਦਾ ਹੈ।
IPEV ਡਰਾਈਵ ਵੀ ਹੁੰਦੀ ਹੈ ਸੰਚਾਲਿਤ
ਇੰਡਕਸ਼ਨ ਪਬਲੀਸਿਟੀ ਪ੍ਰਦਰਸ਼ਨੀ ਵਾਹਨ ਜਾਂ IPEV ਡਰਾਈਵ ਦਿਸ਼ਾ ਸੈੱਲ ਦੁਆਰਾ ਚਲਾਈ ਜਾਂਦੀ ਹੈ। IPEV ਨੂੰ 5 ਅਕਤੂਬਰ, 2015 ਨੂੰ ਲਾਂਚ ਕੀਤਾ ਗਿਆ ਸੀ। IPEV ਇੱਕ ਸੋਧੀ ਹੋਈ ਵੋਲਵੋ ਬੱਸ ਹੈ। ਇਸ ਵਿੱਚ ਹਵਾਈ ਸੈਨਾ ਨਾਲ ਸਬੰਧਤ ਪ੍ਰਦਰਸ਼ਨੀ ਲਗਾਈ ਜਾਂਦੀ ਹੈ, ਤਾਂ ਜੋ ਲੋਕਾਂ ਨੂੰ ਭਾਰਤੀ ਹਵਾਈ ਸੈਨਾ ਬਾਰੇ ਜਾਗਰੂਕ ਕੀਤਾ ਜਾ ਸਕੇ। IPEV ਵਿੱਚ ਰਿਸੈਪਸ਼ਨ ਜ਼ੋਨ ਵਿੱਚ LED ਪੈਨਲ ਹਨ ਜਿੱਥੇ ਭਾਰਤੀ ਹਵਾਈ ਸੈਨਾ ਦੀਆਂ ਪ੍ਰੇਰਣਾਦਾਇਕ ਵੀਡੀਓਜ਼ ਚਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਟੱਚ ਸਕਰੀਨ ਦੀ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਲੋਕ ਭਾਰਤੀ ਹਵਾਈ ਸੈਨਾ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਿਮੂਲੇਟਰ ਜ਼ੋਨ ਹੈ। ਇਸ ਵਿੱਚ ਭਾਰਤੀ ਹਵਾਈ ਸੈਨਾ ਦੇ ਵੱਖ-ਵੱਖ ਆਪਰੇਸ਼ਨਾਂ ਦਾ ਵਰਚੁਅਲ ਅਨੁਭਵ ਵੀਆਰ ਹੈੱਡਸੈੱਟ ਰਾਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦਿਸ਼ਾ ਸੈੱਲ ਹੋਰਨਾਂ ਮਾਧਿਅਮਾਂ ਰਾਹੀਂ ਵੀ ਨੌਜਵਾਨਾਂ ਨੂੰ ਭਾਰਤੀ ਹਵਾਈ ਸੈਨਾ ਬਾਰੇ ਜਾਗਰੂਕ ਕਰਦਾ ਰਹਿੰਦਾ ਹੈ।