ਸਤਵਿੰਦਰ ਧੜਾਕ, ਮੋਹਾਲੀ : ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਦੀ ਅਗਵਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ (DGSE, Punjab) ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ-ਰੇਖ 'ਚ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਤਹਿਤ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ 'ਚ 9ਵੀਂ, 11ਵੀਂ ਅਤੇ 12ਵੀਂ ਜਮਾਤਾਂ ਵਿੱਚ ਸੈਸ਼ਨ 2022-23 ਦੇ ਦਾਖ਼ਲਿਆਂ ਲਈ ਮੁਕਾਬਲਾ ਪ੍ਰੀਖਿਆ 29 ਮਈ ਨੂੰ ਕਰਵਾਈ ਜਾਵੇਗੀ।
ਇਸ ਸਬੰਧੀ ਮੈਰੀਟੋਰੀਅਸ ਸੁਸਾਇਟੀ ਦੇ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾਖ਼ਲਾ ਮੁਕਾਬਲਾ ਪ੍ਰੀਖਿਆ ਨੂੰ ਕਰਵਾਉਣ ਦੇ ਪ੍ਰਬੰਧ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਕੀਤੇ ਜਾ ਰਹੇ ਹਨ। ਜਿਹੜੇ ਵਿਦਿਆਰਥੀਆਂ ਨੇ ਦਾਖ਼ਲਾ ਪ੍ਰੀਖਿਆ ਲਈ ਅਪਲਾਈ ਕੀਤਾ ਹੈ ਉਹ ਆਪਣੇ ਰੋਲ ਨੰਬਰ ਅਤੇ ਐਡਮਿਟ ਕਾਰਡ ਬਾਰੇ ਜਾਣਕਾਰੀ ਲਈ ਲਗਾਤਾਰ ਸਿੱਖਿਆ ਵਿਭਾਗ ਪੰਜਾਬ ਦੀ ਵੈਬਸਾਇਟ ਐੱਸਐੱਸਏਪੰਜਾਬ ਡਾੱਟ ਓਆਰਜੀ ( www.ssapunjab.org ) 'ਤੇ ਜ਼ਰੂਰ ਦੇਖਦੇ ਰਹਿਣ। ਉਹਨਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਅਲੱਗ ਤੌਰ ‘ਤੇ ਇਸ ਵਾਰ ਕੋਈ ਵੀ ਸੂਚਨਾ ਨਹੀਂ ਭੇਜੀ ਜਾ ਰਹੀ। ਇਸ ਮੁਕਾਬਲਾ ਪ੍ਰੀਖਿਆ ਸਬੰਧੀ ਜੋ ਵੀ ਵਿਭਾਗ ਵੱਲੋਂ ਅਪਡੇਟ ਹੋਵੇਗੀ ਉਹ ਵਿਭਾਗ ਦੀ ਸੈਬਸਾਇਟ ‘ਤੇ ਹੀ ਅਪਲੋਡ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੈਸਨ 2022-23 ਲਈ ਮੈਰੀਟੋਰੀਅਸ ਸਕੂਲਾਂ ਵਿੱਚ 9ਵੀਂ ਜਮਾਤ ਦੀਆਂ 50 ਸੀਟਾਂ ਲਈ 716 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। 11ਵੀਂ ਜਮਾਤ ਦੀਆਂ 4600 ਸੀਟਾਂ ਲਈ 16790 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ।