ਜਾਗਰਣ ਬਿਊਰੋ, ਨਵੀਂ ਦਿੱਲੀ : ਉੱਚ ਸਿੱਖਿਆ ਦੀ ਪਡ਼੍ਹਾਈ ਹੁਣ ਸਿਰਫ਼ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਹਾਸਲ ਕਰਨ ਲਈ ਨਹੀਂ ਹੋਵੇਗੀ, ਬਲਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਨਾਲ ਤਿਆਰ ਵੀ ਕਰੇਗੀ ਕਿ ਪਡ਼੍ਹਾਈ ਤੋਂ ਬਾਅਦ ਉਨ੍ਹਾਂ ਨੂੰ ਬੇਕਾਰ ਨਾ ਘੁੰਮਣਾ ਪਵੇ। ਉੱਚ ਸਿੱਖਿਆ ਦੇ ਨਵੇਂ ਕੁਆਲੀਫਿਕੇਸ਼ਨ ਫ੍ਰੇਮਵਰਕ ਨੂੰ ਅੰਤਮ ਰੂਪ ਦੇਣ ’ਚ ਲੱਗੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਇਸ ਨੂੰ ਲੈ ਕੇ ਜਿਹਡ਼ਾ ਖਰਡ਼ਾ ਤਿਆਰ ਕੀਤਾ ਹੈ, ਉਸਦੇ ਤਹਿਤ ਉੱਚ ਸਿੱਖਿਆ ਦੇ ਸਾਰੇ ਪੱਧਰਾਂ ’ਤੇ ਵਿਦਿਆਰਥੀਆਂ ਨੂੰ ਹੁਣ ਲਾਜ਼ਮੀ ਤੌਰ ’ਤੇ ਸਕਿੱਲ ਦੀ ਸਿੱਖਿਆ ਵੀ ਦਿੱਤੀ ਜਾਵੇਗੀ। ਇਸ ਤਹਿਤ ਨੈਸ਼ਨਲ ਹਾਇਰ ਐਜੂਕੇਸ਼ਨ ਕੁਆਲੀਫਿਕੇਸ਼ਨ ਫ੍ਰੇਮਵਰਕ (ਐੱਨਐੱਸਕਿਊਐੱਫ) ਨੂੰ ਜੋਡ਼ਿਆ ਜਾ ਰਿਹਾ ਹੈ ਜਿਹਡ਼ਾ ਛੇਤੀ ਹੀ ਨਵੇਂ ਰੂਪ ’ਚ ਸਾਹਮਣੇ ਆਵੇਗਾ। ਇਸਦੇ ਨਾਲ ਹੀ ਇਕ ਨੈਸ਼ਨਲ ਕ੍ਰੈਡਿਟ ਫ੍ਰੇਮਵਰਕ ਵੀ ਤਿਆਰ ਹੋਵੇਗਾ।
ਯੂਜੀਸੀ ਮੁਤਾਬਕ, ਇਸ ਪਹਿਲ ਨਾਲ ਉੱਚ ਸਿੱਖਿਆ ਲਈ ਜਿਹਡ਼ਾ ਨਵੀਂ ਕੁਆਲੀਫਿਕੇਸ਼ਨ ਫ੍ਰੇਮਵਰਕ ਤਿਆਰ ਹੋਵੇਗਾ, ਉਸ ਵਿਚ ਵਿਦਿਆਰਥੀ ਨੂੰ ਉੱਚ ਸਿੱਖਿਆ ਦੀ ਪਡ਼੍ਹਾਈ ਦੌਰਾਨ ਕਿਸੇ ਨਾ ਕਿਸੇ ਇਕ ਸਕਿੱਲ ਨਾਲ ਜੋਡ਼ਿਆ ਜਾਵੇਗਾ, ਜਿਸਦੇ ਆਧਾਰ ’ਤੇ ਉਹ ਕਿਤੇ ਵੀ ਨੌਕਰੀ ਜਾਂ ਫਿਰ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰ ਸਕੇਗਾ।
ਯੂਜੀਸੀ ਨੇ ਇਸ ਦੌਰਾਨ ਉੱਚ ਸਿੱਖਿਆ ਦੇ ਸਾਰੇ ਪੱਧਰਾਂ ਲਈ ਸਕਿੱਲ ਨੂੰ ਸ਼ਾਮਲ ਕਰਦੇ ਹੋਏ ਜਿਹਡ਼ਾ ਨਵਾਂ ਕੁਆਲੀਫਿਕੇਸ਼ਨ ਫ੍ਰੇਮਵਰਕ ਬਣਾਇਆ ਹੈ, ਇਸ ਵਿਚ ਇਕ ਸਾਲ ਦਾ ਸਰਟੀਫਿਕੇਟ ਕੋਰਸ ਕਰਨ ਵਾਲਿਆਂ ਨੂੰ ਸਕਿੱਲ ਦੀ ਸਿਖਲਾਈ ਦਿੱਤੀ ਜਾਵੇਗੀ, ਜਿਸ ਦਾ ਕ੍ਰੈਡਿਟ ਉਸ ਵਿਚ ਦਰਜ ਹੋਵੇਗਾ। ਇਸੇ ਤਰ੍ਹਾਂ ਡਿਪਲੋਮਾ ਜਾਂ ਫਿਰ ਡਿਗਰੀ ਕੋਰਸ ਦੀ ਪਡ਼੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਹਰ ਸਮੈਸਟਰ ’ਚ ਸਕਿੱਲ ਨਾਲ ਜੁਡ਼ੀ ਸਿਖਲਾਈ ਨਾਲ ਕੋਰਸ ਦੇ ਪੂਰਾ ਹੋਣ ’ਤੇ ਇੰਟਰਨਸ਼ਿਪ ਵੀ ਕਰਵਾਈ ਜਾਵੇਗੀ। ਇਨ੍ਹਾਂ ’ਚ ਬੀਏ, ਬੀਐੱਸਸੀ ਤੇ ਬੀਕਾਮ ਵਰਗੀ ਪਡ਼੍ਹਾਈ ਕਰਨ ਵਾਲੇ ਵਿਦਿਆਰਥੀ ਵੀ ਸ਼ਾਮਲ ਹੋਣਗੇ।