ਸਵਾਮੀ ਵਿਵੇਕਾਨੰਦ ਨੇ ਨੌਜਵਾਨ ਵਰਗ ਦੀ ਤਾਕਤ ਬਾਰੇ ਕਿਹਾ ਸੀ ਕਿ “ਮੈਨੂੰ ਯੁਵਾ ਸ਼ਕਤੀ ’ਤੇ ਵਿਸ਼ਵਾਸ ਹੈ। ਇਨ੍ਹਾਂ ਵਿੱਚੋਂ ਮੇਰੇ ਵਰਕਰ ਨਿਕਲਣਗੇ ਜੋ ਆਪਣੀ ਬਹਾਦਰੀ ਨਾਲ ਦੁਨੀਆ ਨੂੰ ਬਦਲ ਦੇਣਗੇ।’’ ਦੇਸ਼ ਦੇ ਵਿਕਾਸ ਵਿਚ ਨੌਜਵਾਨਾਂ ਦਾ ਅਹਿਮ ਯੋਗਦਾਨ ਹੈ। ਦੇਸ਼ ਅਤੇ ਸਮਾਜ ਵਿਚ ਚੰਗੀ ਤਬਦੀਲੀ ਲਿਆਉਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਹਰਗਿਜ਼ ਨਕਾਰਿਆ ਨਹੀਂ ਜਾ ਸਕਦਾ। ਨੌਜਵਾਨ ਵਰਗ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੇ ਸਮਰੱਥ ਹੁੰਦਾ ਹੈ। ਇਤਿਹਾਸ ਵੀ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਨੌਜਵਾਨਾਂ ਦੀ ਸੋਚ ਆਪਣੇ ਦੇਸ਼ ਅਤੇ ਸਮਾਜ ਦੇ ਅਨੁਕੂਲ ਹੋਵੇ। ਜਵਾਨ ਹੋਣ ਦਾ ਮਤਲਬ ਇਹ ਨਹੀਂ ਕਿ ਸਰੀਰ ਜਵਾਨ-ਜਹਾਨ ਹੋਵੇ ਜਾਂ ਮਜ਼ਬੂਤ ਹੋਵੇ ਸਗੋਂ ਬੁੱਧੀ ਅਤੇ ਸੋਚ ਵੀ ਜਵਾਨ ਹੋਣੀ ਚਾਹੀਦੀ ਹੈ। ਅਜਿਹੀ ਬੁੱਧੀ ਅਤੇ ਸੋਚ ਜੋ ਦੇਸ਼ ਅਤੇ ਸਮਾਜ ਦੇ ਭਲੇ ਵਾਲੀ ਹੋਵੇ। ਸੋਚਣੀ ਹਮੇਸ਼ਾ ਹਾਂ-ਪੱਖੀ ਹੋਣੀ ਚਾਹੀਦੀ ਹੈ। ਸ਼ਰਮਨਾਕ ਗੱਲ ਇਹ ਹੈ ਕਿ ਅੱਜ ਵੀ ਸਾਡਾ ਦੇਸ਼ ਅਨੇਕਾਂ ਸਮਾਜਿਕ ਬੁਰਾਈਆਂ ਮੁੱਖ ਤੌਰ ’ਤੇ ਜਾਤ-ਪਾਤ, ਦਾਜ ਪ੍ਰਥਾ, ਬੇਮੇਲ ਵਿਆਹ ਆਦਿ ਦੇ ਮੱਕੜਜਾਲ ’ਚੋਂ ਬਾਹਰ ਨਹੀਂ ਨਿਕਲ ਸਕਿਆ ਹੈ। ਇਨ੍ਹਾਂ ਸਮਾਜਿਕ ਕੁਰੀਤੀਆਂ ਤੋਂ ਮੁਕਤੀ ਅਤੇ ਰੂੜ੍ਹੀਵਾਦੀ ਮਾਨਸਿਕਤਾ ਤੋਂ ਛੁਟਕਾਰੇ ਲਈ ਨੌਜਵਾਨ ਵਰਗ ਵੱਡੀ ਭੂਮਿਕਾ ਨਿਭਾ ਸਕਦਾ ਹੈ। ਨੌਜਵਾਨਾਂ ਨੂੰ ਬਿਨਾਂ ਦਾਜ ਅਤੇ ਜਾਤ-ਪਾਤ ਦੇ ਭੇਦਭਾਵ ਤੋਂ ਬਿਨਾਂ ਵਿਆਹ ਕਰਵਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਵਿਆਹ ਲਈ ਜੇਕਰ ਲੜਕਾ, ਲੜਕੀ ਦੀ ਜਾਤ ਜਾਂ ਕੁੰਡਲੀ ਨਹੀਂ ਦੇਖਦਾ, ਜੇਕਰ ਉਸ ਦੇ ਗੁਣ, ਚਰਿੱਤਰ ਅਤੇ ਵਿਹਾਰ ਨੂੰ ਦੇਖਦਾ ਹੈ ਤਾਂ ਵਿਆਹ ਕਦੇ ਵੀ ਕਿਸੇ ਲਈ ਸਮੱਸਿਆ ਨਹੀਂ ਬਣ ਸਕਦਾ। ਅਕਸਰ ਦੇਖਿਆ ਗਿਆ ਹੈ ਕਿ ਕੁਝ ਲੋਕ ਜਾਤ-ਪਾਤ ਅਤੇ ਕੁੰਡਲੀ ਨੂੰ ਮਹੱਤਵ ਦੇ ਕੇ ਵਿਆਹ ਕਰਵਾ ਲੈਂਦੇ ਹਨ ਪਰ ਇਨ੍ਹਾਂ ’ਚੋਂ ਕੁਝ ਦਾ ਜਲਦੀ ਹੀ ਤਲਾਕ ਹੁੰਦਾ ਦੇਖਿਆ ਗਿਆ ਹੈ। ਅੱਜ ਵੀ ਭਾਰਤ ਵਿਚ ਬੇਮੇਲ ਵਿਆਹਾਂ ਦੀ ਸਮੱਸਿਆ ਹੈ। ਅਕਸਰ ਕੁੜੀਆਂ ਦਾ ਵਿਆਹ ਉਨ੍ਹਾਂ ਦੀ ਮਰਜ਼ੀ ਪੁੱਛ ਕੇ ਨਹੀਂ ਕੀਤਾ ਜਾਂਦਾ। ਜੇਕਰ ਨੌਜਵਾਨ ਦੇਸ਼ ਅੰਦਰ ਫੈਲੀਆਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਬੁਰਾਈਆਂ ਨੂੰ ਦੂਰ ਕਰਨ ਲਈ ਸੰਜੀਦਗੀ ਨਾਲ ਰੁਚੀ ਵਿਖਾਉਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਇਨ੍ਹਾਂ ਬੁਰਾਈਆਂ ਤੋਂ ਮੁਕਤ ਹੋ ਜਾਵੇਗਾ। ਨੌਜਵਾਨ ਪੀੜ੍ਹੀ ਨੂੰ ਦੇਸ਼, ਸਮਾਜ ਅਤੇ ਪਰਿਵਾਰ ਦੀ ਤਰੱਕੀ ਲਈ ਆਪਣੇ-ਆਪ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਦੂਰ ਰੱਖਣ ਲਈ ਆਪਣੇ ਹਿੱਸੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੱਲ ਸਮਾਜਿਕ ਬੁਰਾਈਆਂ ਦੀ ਕਰੀਏ ਤਾਂ ਇਨ੍ਹਾਂ ਦੀ ਸੂਚੀ ਬਹੁਤ ਲੰਬੀ ਹੈ। ਉਨ੍ਹਾਂ ਦਾ ਵੱਡਾ ਕਾਰਨ ਅਨਪੜ੍ਹਤਾ ਅਤੇ ਰੂੜ੍ਹੀਵਾਦ ਹੈ। ਉਨ੍ਹਾਂ ਤੋਂ ਮੁਕਤ ਹੋਣ ਲਈ ਵਿੱਦਿਆ ਦਾ ਚਾਨਣ ਚੁਫੇਰੇ ਫੈਲਣਾ ਬਹੁਤ ਜ਼ਰੂਰੀ ਹੈ। ਕਹਿਣ ਦਾ ਅਰਥ ਇਹ ਹੈ ਕਿ ਲੋਕ ਪੜ੍ਹਾਈ-ਲਿਖਾਈ ਜ਼ਰੂਰ ਕਰਨ।
-ਰਾਜੇਸ਼ ਕੁਮਾਰ ਚੌਹਾਨ, ਜਲੰਧਰ।
ਮੋਬਾਈਲ : 90236-93142