-ਵਰਿੰਦਰ ਸਿੰਘ ਵਾਲੀਆ
ਲੰਬੇ ਸੰਘਰਸ਼ ਤੇ ਜੱਦੋ-ਜਹਿਦ ਤੋਂ ਬਾਅਦ ਬਣੇ ਪੰਜਾਬੀ ਸੂਬੇ ਦੀ ਵਰ੍ਹੇਗੰਢ, ‘ਕੀ ਖੱਟਿਆ ਤੇ ਕੀ ਗਵਾਇਆ’ ਦਾ ਮੰਥਨ ਕਰਨ ਵਾਲਾ ਦਿਹਾੜਾ ਹੈ। ਨਫ਼ੇ ਨਾਲੋਂ ਨੁਕਸਾਨ ਵੱਧ ਹੋਣ ਕਾਰਨ ‘ਪੰਜਾਬ ਦਿਵਸ’ ਉੱਤੇ ਉਤਸਵ ਵਰਗਾ ਮਾਹੌਲ ਨਹੀਂ ਹੁੰਦਾ। ਅਲਗੋਜ਼ੇ, ਤੂੰਬੀਆਂ ਅਤੇ ਢੋਲਕੀਆਂ-ਛੈਣੇ ਉਦਾਸ ਰਹਿੰਦੇ ਹਨ। ਪੰਜਾਬ, ਜਿਸ ਨੂੰ ਕਦੇ ਵੱਖਰਾ ‘ਦੇਸ਼’ ਮੰਨਿਆ ਜਾਂਦਾ ਸੀ, ਦੀਆਂ ਹੱਦਾਂ-ਸਰਹੱਦਾਂ ਸੁੰਗੜਦੀਆਂ ਅਤੇ ਫ਼ੈਲਦੀਆਂ ਆਈਆਂ ਹਨ। ਕਾਬੁਲ ਵਾਂਗ ਪੰਜਾਬ ਦੇ ਜਾਇਆਂ ਨੂੰ ਵੀ ਨਿੱਤ ਦੀਆਂ ਮੁਹਿੰਮਾਂ ਨੇ ਕਦੇ ਚੈਨ ਨਾਲ ਸੌਣ ਨਹੀਂ ਦਿੱਤਾ। ਵਿਦੇਸ਼ੀ ਧਾੜਵੀਆਂ ਲਈ ਪੰਜਾਬ ‘ਮੁੱਖ ਦੁਆਰ’ ਹੋਣ ਕਰਕੇ ਇੱਥੋਂ ਦੇ ਵਾਸੀ ਦੇਸ਼ ਦੇ ਦੁਸ਼ਮਣਾਂ ਨਾਲ ਛਾਤੀਆਂ ਡਾਹ ਕੇ ਲੋਹਾ ਲੈਂਦੇ ਆਏ ਹਨ। ਉਹ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆਂ ਨੂੰ ਉਡੀਕਣ ਲਈ ਜੰਗਲ ਵਿਚ ਧੂਣੀ ਰਮਾਉਂਦੇ। ਘੋੜਿਆਂ ਦੀਆਂ ਕਾਠੀਆਂ ’ਤੇ ਸੌਂਦੇ ਤੇ ਧਾੜੇ ਮਾਰਨ ਵਾਲਿਆਂ ਨੂੰ ਲੋਹੇ ਦੇ ਚਨੇ ਚਬਾਉਣ ਲਈ ਖੰਡੇ ਖੜਕਾਉਂਦੇ। ਦੂਜਿਆਂ ਦੀਆਂ ਕਬਰਾਂ ਵਿਚ ਪੈਣ ਵਾਲੇ ਪੰਜਾਬੀਆਂ ਬਾਰੇ ਅਖਾਣ ਹੈ, ‘‘ਪੰਜਾਬ ਦੇ ਜਵਾਨ ਤੇ ਸ਼ੇਰਾਂ ਦੀ ਸੰਤਾਨ ਇਕ ਬਰਾਬਰ ਹੈ।’’ ਹਨੇਰਗਰਦੀ ਵੇਲੇ ਜਦੋਂ ਦੇਸ਼ ਵਾਸੀ ਘਰਾਂ ਅੰਦਰ ਤੜੇ ਰਹਿੰਦੇ ਤਾਂ ਝੂਲ ਰਹੇ ਝੰਡੇ ਪੰਜਾਬੀ ਸ਼ੇਰਾਂ ਦੀ ਹੋਂਦ ਜਤਾਉਂਦੇ ਹੋਏ ਹਮਲਾਵਰਾਂ ਨੂੰ ਵੰਗਾਰਦੇ। ਲਹੂ-ਵੀਟਵੀਂ ਜੰਗ ਦੀ ਤਵਾਰੀਖ਼ ਘੋੜਿਆਂ ਦੇ ਸੁੰਮਾਂ ਨਾਲ ਲਿਖੀ ਜਾਂਦੀ। ਚੰਡੀ ਚਮਕਣ ਨਾਲ ਬੱਦਲ ਗਰਜਦੇ। ਹਿੰਦੁਸਤਾਨ ਦੀ ਅਣਖ-ਆਬਰੂ ਦਾ ਰਾਖਾ ਹੋਣ ਕਾਰਨ ਹੀ ਪੰਜਾਬ ਨੂੰ ‘ਭਾਰਤ ਦੀ ਖੜਗ ਭੁਜਾ’ ਅਖਵਾਉਣ ਦਾ ਮਾਣ ਹਾਸਲ ਹੋਇਆ ਸੀ। ਲਾਸਾਨੀ ਕੁਰਬਾਨੀਆਂ ਦੇ ਬਾਵਜੂਦ ਸਮੇਂ ਨੇ ਪੰਜਾਬ ਨਾਲ ਕਦੇ ਇਨਸਾਫ਼ ਨਹੀਂ ਕੀਤਾ। ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਚੜ੍ਹਦੇ (ਪੂਰਬ) ਵੱਲ ਸਰਸਵਤੀ ਅਤੇ ਲਹਿੰਦੇ ਵੱਲ ਸਿੰਧ (ਅਟਕ ਦਰਿਆ) ਪੰਜਾਬ ਦੀਆਂ ਹੱਦਾਂ ਹੋਇਆ ਕਰਦੇ ਸਨ। ਸਤਲੁਜ, ਬਿਆਸ, ਰਾਵੀ, ਝਨਾਅ ਅਤੇ ਜਿਹਲਮ ਉਪਰੋਕਤ ਦੋਵਾਂ ਦਰਿਆਵਾਂ ਦੇ ਵਿਚਕਾਰ ਹੋਣ ਕਾਰਨ ਇਸ ਖਿੱਤੇ ਨੂੰ ‘ਸਪਤ-ਸਿੰਧੂ’ ਕਿਹਾ ਜਾਂਦਾ ਸੀ। ਦੋ ਨਦੀਆਂ ਮਨਫ਼ੀ ਹੋਣ ਤੋਂ ਬਾਅਦ ਖਿੱਤੇ ਦਾ ਨਾਮ ਪੰਜ-ਨਦ (ਪੰਜ ਨਦੀਆਂ) ਪੈ ਗਿਆ ਜੋ ਮੁਸਲਮਾਨ ਹਮਲਾਵਰਾਂ ਦੇ ਕਬਜ਼ੇ ਉਪਰੰਤ ਪੰਜ-ਆਬ ਅਖਵਾਉਣ ਲੱਗਾ। ਇਹ ਫ਼ਾਰਸੀ ਦੇ ਦੋ ਸ਼ਬਦਾਂ ‘ਪੰਜ’ ਅਤੇ ‘ਆਬ’ ਦਾ ਸਮਾਸੀ ਹੈ ਜਿਸ ਦਾ ਭਾਵ ਪੰਜ ਪਾਣੀ ਹੈ। ‘ਪੰਜਾਬ ਦੀ ਲੋਕਧਾਰਾ’ ਵਿਚ ਸੋਹਿੰਦਰ ਸਿੰਘ ਬੇਦੀ ਲਿਖਦੇ ਹਨ, ‘‘ਭਾਰਤ ਦੇ ਸੁਤੰਤਰ ਹੋਣ ਤੋਂ ਪਹਿਲਾਂ ਦਾ ਪੰਜਾਬ ਇਕ ਬੜਾ ਵਿਸ਼ਾਲ ਖੰਡ ਸੀ। ਉੱਤਰ ਵੱਲ ਇਹ ਹਿਮਾਲਾ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਤਕ ਫੈਲਿਆ ਹੋਇਆ ਸੀ। ਪੱਛਮ ਵੱਲ ਸਿੰਧ ਦਰਿਆ, ਇਸ ਨੂੰ ਉੱਤਰੀ-ਦੱਖਣੀ ਸਰਹੱਦੀ ਸੂਬੇ ਦੇ ਪਠਾਣੀ ਇਲਾਕੇ ਤੋਂ ਨਿਖੇੜਦਾ ਸੀ। ਦੱਖਣ ਵੱਲ ਇਕ ਪਾਸੇ ਇਹ ਸਿੰਧ ਦੇ ਸੂਬੇ ਅਤੇ ਦੂਜੇ ਪਾਸੇ ਰਾਜਪੂਤਾਨੇ ਨੂੰ ਜਾ ਛੁਹੰਦਾ ਸੀ। ਜਮਨਾ ਇਸ ਦੀ ਪੂਰਬੀ ਹੱਦ ਸੀ।’’ ਦੇਸ਼ ਦੀ ਅਣਕਿਆਸੀ ਵੰਡ ਨੇ ਬੰਗਾਲ ਅਤੇ ਪੰਜਾਬ ਦੇ ਟੁਕੜੇ ਕਰ ਦਿੱਤੇ। ਮਸ਼ਰਕੀ ਅਤੇ ਮਗਰਬੀ ਪੰਜਾਬਾਂ ਦੇ ਹਿੱਸੇ ਢਾਈ-ਢਾਈ ਦਰਿਆ ਆਏ। ਕਲਕਲ ਵਹਿੰਦਾ ਰਾਵੀ ਦੋਨਾਂ ਦੇਸ਼ਾਂ ਦੀ ਸਾਂਝ ਦਾ ਸੂਚਕ ਬਣਿਆ ਰਿਹਾ। ਬਟਵਾਰੇ ਦੇ ਬਾਵਜੂਦ ਪੰਜਾਬੀਆਂ ਦਾ ਵਿਰਸਾ ਤਕਸੀਮ ਨਾ ਹੋਇਆ। ਮੁਸਲਮਾਨਾਂ ਲਈ ਨਾਨਕ ਅੱਜ ਵੀ ‘ਨਾਨਕ ਸ਼ਾਹ ਫ਼ਕੀਰ ਹੈ’ ਜਿਸ ਦੇ ਦਰ ’ਤੇ ਜਾ ਕੇ ਉਹ ਇਲਾਹੀ ਦਾਤਾਂ ਨਾਲ ਝੋਲੀਆਂ ਭਰਦੇ ਹਨ। ਨਾਨਕ ਨਾਮਲੇਵਾ ਸਿੰਧੀਆਂ ਵਰਗੀ ਸ਼ਰਧਾ ਹੋਰ ਕਿਧਰੇ ਨਹੀਂ ਲੱਭਦੀ। ਪੰਜਾਬੀ ਦੇ ਆਦਿ ਕਵੀ ਦੇ ਨਾਮ ’ਤੇ ਫ਼ਰੀਦਕੋਟ ਸ਼ਹਿਰ ਦਾ ਨਾਮਕਰਨ ਦਰਸਾਉਂਦਾ ਹੈ ਕਿ ਕੰਡਿਆਲੀ ਤਾਰ ਸੂਫ਼ੀਆਂ-ਸੰਤਾਂ ਤੇ ਤਮਾਮ ਦਰਵੇਸ਼ੀ ਰੂਹਾਂ ਨੂੰ ਵੰਡ ਨਾ ਸਕੀ। ਦਰਅਸਲ, ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ-ਬਦਨੀਅਤੀ ਨੇ ਪੰਜਾਬੀਆਂ ਨੂੰ ਤਕਸੀਮ ਕਰਨ ਲਈ ਡੂੰਘੀ ਸਾਜ਼ਿਸ਼ ਰਚੀ ਸੀ ਜਿਸ ਵਿਚ ਉਹ ਕਾਫ਼ੀ ਹੱਦ ਤਕ ਕਾਮਯਾਬ ਰਹੇ। ਗੋਰੇ ਹਾਕਮਾਂ ਨੂੰ ਇਲਮ ਸੀ ਕਿ ਜੇ ਪੰਜਾਬੀ ਇਕੱਠੇ ਰਹੇ ਤਾਂ ਉਹ ਬਿ੍ਰਟਿਸ਼ ਸਰਕਾਰ ਲਈ ਕਿਸੇ ਵੇਲੇ ਵੀ ਵੰਗਾਰ ਬਣ ਸਕਦੇ ਹਨ। ਉਨ੍ਹਾਂ ਦੀ ਸ਼ਕਤੀ ਨੂੰ ਖਦੇੜਨ-ਉਧੇੜਨ ਲਈ ਲੁਕਵੀਆਂ ਚਾਲਾਂ ਚੱਲੀਆਂ ਗਈਆਂ। ਇਨ੍ਹਾਂ ਕੁਚਾਲਾਂ ਨੇ ਪੰਜਾਬੀਆਂ ਨੂੰ ਹਮੇਸ਼ਾ ਰਿਸਦੇ/ਚਸਕਦੇ ਰਹਿਣ ਵਾਲੇ ਜ਼ਖ਼ਮ ਦੇ ਦਿੱਤੇ। ਤੱਤੀ ਤਵੀ ’ਤੇ ਆਸਣ ਲਾਉਣ ਵਾਲੀ ਵਿਰਾਸਤ ਸਾਂਭੀ ਬੈਠੇ ਪੰਜਾਬੀ ਸਮੇਂ ਦੇ ਹਾਕਮਾਂ ਦੇ ਚੱਕਰਵਿਊ ਵਿਚ ਫਸਦੇ ਗਏ। ਮਜ਼ਹਬੀ ਘੱਲੂਕਾਰਿਆਂ ਕਰਕੇ ਮਚਦੇ ਆ ਰਹੇ ਕੋਹਰਾਮ ਨੇ ਸਾਂਝੇ ਪੰਜਾਬ ਨੂੰ ਬੇਹੱਦ ਨੁਕਸਾਨ ਕੀਤਾ ਹੈ। ਕਿਸੇ ਸਮੇਂ ਮਾਣ ਨਾਲ ਕਿਹਾ ਜਾਂਦਾ ਸੀ ਕਿ ‘ਪੰਜਾਬ ਵਿਚ ਜੰਮਣਾ ਸਵਾਬ’ ਹੈ। ‘ਪੰਜਾਬ ਵਰਗੀ ਬਾਦਸ਼ਾਹਤ ਹੋਰ ਕਿਧਰੇ ਨਹੀਂ’ ਵਰਗਾ ਅਖਾਣ ਹੁਣ ਬੀਤੇ ਦੀ ਬਾਤ ਬਣ ਕੇ ਰਹਿ ਗਿਆ ਹੈ। ਅੱਜ ‘ਬਾਰਾਂ ਦੁੱਧ ਦੀਆਂ ਧਾਰਾਂ’ ਲਕੋਕਤੀ ਵੀ ਅਰਥਹੀਣ ਹੋ ਗਈ ਹੈ। ਘੱਟੋ-ਘੱਟ ਦਸ ਲੱਖ ਪੰਜਾਬੀ ਦੇਸ਼ ਦੀ ਵੰਡ ਵੇਲੇ ਰੱਬ ਨੂੰ ਪਿਆਰੇ ਹੋ ਗਏ ਤੇ ਇਸ ਤੋਂ ਦੁੱਗਣੇ ਪੰਜਾਬੀਆਂ ਨੂੰ ਆਰਥਿਕ ਤੌਰ ’ਤੇ ਵੱਡਾ ਨੁਕਸਾਨ ਝੇਲਣਾ ਪਿਆ ਹੈ। ਆਜ਼ਾਦੀ ਤੋਂ ਬਾਅਦ ਜਦੋਂ ਕੁਝ ਸੂਬਿਆਂ ਨੂੰ ਭਾਸ਼ਾ ਦੇ ਆਧਾਰ ’ਤੇ ਵੰਡਿਆ ਗਿਆ ਤਾਂ ‘ਪੰਜਾਬੀ ਸੂਬਾ’ ਬਣਾਉਣ ਲਈ ਇਕ ਦਹਾਕਾ ਹੋਰ ਇੰਤਜ਼ਾਰ ਕਰਨਾ ਪਿਆ। ਲੰਬੀ ਜੱਦੋ-ਜਹਿਦ ਅਤੇ ਲਾਸਾਨੀ ਕੁਰਬਾਨੀਆਂ ਤੋਂ ਬਾਅਦ ਜਦੋਂ ‘ਲੰਗੜਾ’ ਪੰਜਾਬੀ ਸੂਬਾ ਮਿਲਿਆ ਤਾਂ ਮੋਰਚੇ ਲਾਉਣ ਵਾਲਿਆਂ ਦੀ ਰੂਹ ਛਲਣੀ ਹੋ ਗਈ। ਕਹਿੰਦੇ ਹਨ ਕਿ ਜਦੋਂ ਨਸੀਬ ਹੀ ਸੌਂ ਜਾਣ ਤਾਂ ਫਿਰ ਸਾਰੀ ਉਮਰ ਨਸੀਬਾਂ ਨੂੰ ਰੋਣ ’ਤੇ ਲੰਘ ਜਾਂਦੀ ਹੈ। ਆਪਣੇ ਬਾਹੂਬਲ ’ਤੇ ਅੰਤਾਂ ਦਾ ਮਾਣ ਕਰਨ ਵਾਲਾ ਜਦੋਂ ਜੰਡ ’ਤੇ ਤਰਕਸ਼ ਟੰਗ ਕੇ ਘੂਕ ਸੌਂ ਜਾਂਦਾ ਹੈ ਤਾਂ ਫਿਰ ‘ਮਲਕਲ ਮੌਤ’ ਨੂੰ ਦੋਸ਼ ਦੇਣ ਲਈ ਕਸੀਦੇ ਲਿਖੇ ਜਾਂਦੇ ਹਨ। ਪਹਾੜਾਂ ਨਾਲ ਮੱਥਾ ਲਾਉਣ/ਖਹਿਣ ਵਾਲੇ ਪੰਜਾਬੀਆਂ ਦੀ ਬਸ ਇਹੀ ਹੋਣੀ ਹੈ। ਉਨ੍ਹਾਂ ਦੇ ਜਦੋਂ ਨਸੀਬ ਜਾਗਣੇ ਹੁੰਦੇ ਹਨ ਤਾਂ ਉਨ੍ਹਾਂ ਦੀ ਅੱਖ ਲੱਗ ਜਾਂਦੀ ਹੈ। ਮਾਂ-ਬੋਲੀ ਤੇ ਭਾਸ਼ਾ ਨੇ ਕਿਸੇ ਸਮੇਂ ਬੰਗਾਲੀਆਂ ਨੂੰ ਇਕ ਧਾਗੇ ਵਿਚ ਪਰੋਇਆ ਸੀ ਜਿਸ ਦੀ ਬਦੌਲਤ ਦੁਨੀਆ ਦੇ ਨਕਸ਼ੇ ’ਤੇ ‘ਬੰਗਲਾਦੇਸ਼’ ਨਾਂ ਦਾ ਨਵਾਂ ਮੁਲਕ ਉੱਭਰ ਆਇਆ ਸੀ। ਮਾਤ-ਭਾਸ਼ਾ ਲਈ ਢਾਕਾ ਵਿਖੇ ਵਿਦਿਆਰਥੀਆਂ ਨੇ ਆਪਣੀ ਲਾਸਾਨੀ ਕੁਰਬਾਨੀ ਦੇ ਕੇ ਆਜ਼ਾਦੀ ਦੀ ਲਹਿਰ ਨੂੰ ਹੁਲਾਰਾ ਦਿੱਤਾ ਸੀ। ਇਨ੍ਹਾਂ ਵਿਦਿਆਰਥੀਆਂ ਦੀ ਸ਼ਹਾਦਤ ਕਰਕੇ ਹੀ ਹਰ ਸਾਲ 21 ਫਰਵਰੀ ਨੂੰ ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ ਮਨਾਇਆ ਜਾਂਦਾ ਹੈ। ਦੂਜੇ ਪਾਸੇ ਪੰਜਾਬੀਆਂ ਦੀ ਸਾਂਝੀ ਵਿਰਾਸਤ ਨੂੰ ਗ੍ਰਹਿਣ ਲੱਗਣ ਕਾਰਨ ਪੰਜਾਬ ਦੀਆਂ ਹੱਦਾਂ-ਸਰਹੱਦਾਂ ਸੁੰਗੜਦੀਆਂ ਗਈਆਂ। ਇਹੀ ਕਾਰਨ ਹੈ ਕਿ ‘ਪੰਜਾਬ ਦਿਵਸ’ ’ਤੇ ਪੰਜਾਬੀਆਂ ਨੂੰ ਬਹੁਤੀ ਖ਼ੁਸ਼ੀ ਨਹੀਂ ਹੁੰਦੀ।