ਆਉਂਦੇ ਵਿੱਤੀ ਵਰ੍ਹੇ ਦੌਰਾਨ ਭਾਰਤ ਦੀ ਅਰਥ-ਵਿਵਸਥਾ 6 ਤੋਂ 6.8 ਫ਼ੀਸਦੀ ਦੀ ਦਰ ਨਾਲ ਵਿਕਾਸ ਕਰੇਗੀ। ਇਹ ਅੰਕੜਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਤੀ ਵਰ੍ਹੇ 2023-24 ਦਾ ਆਮ ਬਜਟ ਪੇਸ਼ ਕਰਨ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਜਾਰੀ ਕੀਤੇ ਸਾਲ 2022-23 ਦੇ ਆਰਥਿਕ ਸਰਵੇਖਣ ’ਚ ਦਿੱਤਾ ਗਿਆ ਹੈ। ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਹਾਲੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 8 ਫ਼ੀਸਦੀ ਰਹਿਣ ਦੀ ਆਸ ਕਾਇਮ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਤੇਲ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਘੱਟ ਹਨ, ਤਦ ਤਕ ਦੇਸ਼ ਵਿਕਾਸ ਦੀ ਅਨੁਮਾਨਤ ਦਰ ਤਕ ਜ਼ਰੂਰ ਪੁੱਜ ਜਾਵੇਗਾ। ਇਹ ਬਹੁਤ ਵੱਡੀ ਰਾਹਤ ਹੋਵੇਗੀ ਜੇ ਇਸੇ ਤਰ੍ਹਾਂ ਵਾਪਰ ਜਾਂਦਾ ਹੈ। ਇੱਧਰ ਕੇਂਦਰ ਸਰਕਾਰ ਨੇ ਦੇਸ਼ ਦੇ ਛੋਟੇ ਤੇ ਦਰਮਿਆਨੇ ਉੱਦਮਾਂ ’ਤੇ ਪੂਰੀਆਂ ਆਸਾਂ ਲਾਈਆਂ ਹੋਈਆਂ ਹਨ। ਸਰਕਾਰ ਨੂੰ ਇਹ ਵੀ ਆਸ ਹੈ ਕਿ ਦੇਸ਼ ’ਚ ਜਿੰਨਾ ਵੀ ਨਵਾਂ ਨਿਵੇਸ਼ ਹੋ ਰਿਹਾ ਹੈ, ਉਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਨਿੱਜੀ ਖੇਤਰ ’ਚ ਪੂੰਜੀ ਲੱਗਣ ਲੱਗ ਪਈ ਹੈ। ਨਿਰਮਾਣ ਖੇਤਰ ਵਿਚ ਇਕ ਵਾਰ ਫਿਰ ਰੌਣਕਾਂ ਲੱਗਣ ਲੱਗ ਪਈਆਂ ਹਨ। ਯਕੀਨੀ ਤੌਰ ’ਤੇ ਇਹ ਸਾਰੇ ਸੰਕੇਤ ਹਾਂ-ਪੱਖੀ ਹਨ ਤੇ ਹਾਲੇ ਤਕ ਇਹੋ ਜਾਪਦਾ ਹੈ ਕਿ ਕੌਮਾਂਤਰੀ ਮੰਦਹਾਲੀ ਦਾ ਦੇਸ਼ ’ਤੇ ਕੋਈ ਅਸਰ ਨਹੀਂ ਪਵੇਗਾ। ਸਰਕਾਰ ਨੂੰ ਇਹ ਵੀ ਜਾਪਦਾ ਹੈ ਕਿ ਦੇਸ਼ ਅੰਦਰ ਅਸਲ ਅਰਥਾਂ ਵਿਚ ਸਨਅਤੀਕਰਨ ਤਾਂ ਹਾਲੇ ਹੋਣਾ ਹੈ। ਇਸ ਦਿਸ਼ਾ ’ਚ ਅਥਾਹ ਸੰਭਾਵਨਾਵਾਂ ਬਾਕੀ ਹਨ। ਆਰਥਿਕ ਸਰਵੇਖਣ ਇਹ ਵੀ ਦੱਸਦਾ ਹੈ ਕਿ ਪਹਿਲਾਂ 66 ਫ਼ੀਸਦੀ ਭਾਰਤੀ ਪਰਿਵਾਰ ਆਪਣੀ ਜੇਬ ’ਚੋਂ ਪੈਸਾ ਖ਼ਰਚ ਕੇ ਆਪਣਾ ਇਲਾਜ ਕਰਵਾਉਂਦੇ ਸਨ ਪਰ ਹੁਣ ਸਰਕਾਰ ਦੇ ਸਿਹਤ ਬੀਮਾ ਪ੍ਰੋਗਰਾਮ ਸਦਕਾ ਇਹ ਗਿਣਤੀ ਘਟ ਕੇ 48 ਫ਼ੀਸਦੀ ਰਹਿ ਗਈ ਹੈ। ਅਨੰਤ ਨਾਗੇਸ਼ਵਰਨ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦਾ ਡਿਜੀਟਲ ਬੁਨਿਆਦੀ ਢਾਂਚਾ ਵੀ ਭਾਰਤ ਦੇ ਜੀਡੀਪੀ ਦੀ ਸੰਭਾਵੀ ਵਿਕਾਸ ਦਰ ਵਿਚ 60 ਤੋਂ 100 ਪੁਆਇੰਟ ਦਾ ਵਾਧਾ ਕਰ ਸਕਦਾ ਹੈ। ਇੰਜ ਆਰਥਿਕ ਸਰਵੇਖਣ ਤੋਂ ਤਾਂ ਦੇਸ਼ ਦੇ ਅਰਥਚਾਰੇ ਦੀ ਹਰ ਪਾਸਿਓਂ ਸਕਾਰਾਤਮਕ ਤਸਵੀਰ ਹੀ ਸਾਹਮਣੇ ਆ ਰਹੀ ਹੈ। ਅੱਜ ਬੁੱਧਵਾਰ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਆਮ ਨਾਗਰਿਕਾਂ ਨੂੰ ਕਾਫ਼ੀ ਆਸਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਖ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਆਮ ਖਪਤਕਾਰ ਨੂੰ ਮੁੱਖ ਧੁਰਾ ਹੀ ਮੰਨ ਕੇ ਚੱਲ ਰਹੀ ਹੈ। ਇਸ ਬਜਟ ਦੇ ਆਧਾਰ ’ਤੇ ਆਮ ਲੋਕ ਆਪਣੀਆਂ ਯੋਜਨਾਵਾਂ ਉਲੀਕਦੇ ਹਨ। ਆਜ਼ਾਦ ਭਾਰਤ ਦਾ ਪਹਿਲਾ ਬਜਟ 26 ਨਵੰਬਰ 1947 ਨੂੰ ਪਹਿਲੇ ਵਿੱਤ ਮੰਤਰੀ ਆਰ. ਕੇ. ਸ਼ਨਮੁਖਮ ਚੈੱਟੀ ਨੇ ਪੇਸ਼ ਕੀਤਾ ਸੀ ਤੇ ਤਦ ਕੁੱਲ ਆਮਦਨ 171.15 ਕਰੋੜ ਰੁਪਏ ਹੋਣ ਦਾ ਅਨੁਮਾਨ ਪ੍ਰਗਟ ਕੀਤਾ ਗਿਆ ਸੀ ਜਿਸ ਵਿੱਚੋਂ ਇਕੱਲਾ ਰੱਖਿਆ ਬਜਟ ਹੀ 92.74 ਕਰੋੜ ਰੁਪਏ ਸੀ ਤੇ ਵਿੱਤੀ ਘਾਟਾ 24.59 ਕਰੋੜ ਰੁਪਏ ਦਾ ਸੀ। ਉਂਜ ਦੇਸ਼ ਦਾ ਪਹਿਲਾ ਬਜਟ 7 ਅਪ੍ਰੈਲ 1860 ਨੂੰ ਸਕਾਟਲੈਂਡ ਦੇ ਅਰਥ-ਸ਼ਾਸਤਰੀ ਤੇ ਸਿਆਸੀ ਆਗੂ ਜੇਮਜ਼ ਵਿਲਸਨ ਨੇ ਈਸਟ ਇੰਡੀਆ ਕੰਪਨੀ ਵੱਲੋਂ ਉਦੋਂ ਦੀ ਮਹਾਰਾਣੀ ਵਿਕਟੋਰੀਆ ਸਾਹਵੇਂ ਪੇਸ਼ ਕੀਤਾ ਸੀ। ਹੁਣ ਤਕ ਸਭ ਤੋਂ ਲੰਬਾ 2 ਘੰਟੇ 42 ਮਿੰਟ ਦਾ ਬਜਟ ਭਾਸ਼ਣ ਦੇਣ ਦਾ ਰਿਕਾਰਡ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਂ ਹੈ ਜੋ ਉਨ੍ਹਾਂ ਨੇ 1 ਫਰਵਰੀ 2020 ਨੂੰ ਸਾਲ 2020-21 ਦਾ ਆਮ ਬਜਟ ਪੇਸ਼ ਕਰਦਿਆਂ ਦਿੱਤਾ ਸੀ। ਆਸ ਕਰਦੇ ਹਾਂ ਕਿ ਅੱਜ ਪੇਸ਼ ਹੋਣ ਵਾਲਾ ਆਮ ਬਜਟ ਸਭਨਾਂ ਦੀਆਂ ਆਸਾਂ ’ਤੇ ਖ਼ਰਾ ਉਤਰੇਗਾ।