ਮੌਜੂਦਾ ਸਮੇਂ ਜੋ ਕੁਝ ਭਾਰਤ, ਮਲੇਸ਼ੀਆ, ਕੀਨੀਆ, ਸਾਊਥ ਅਫ਼ਰੀਕਾ, ਬ੍ਰਾਜ਼ੀਲ, ਚਿੱਲੀ ਆਦਿ ਦੇਸ਼ਾਂ ਵਿਚ ਹੋ ਰਿਹਾ, ਉਹੀ ਕੁਝ ਵਿਕਸਤ ਮੁਲਕਾਂ ਬਰਤਾਨੀਆ, ਕੈਨੇਡਾ ਅਤੇ ਅਮਰੀਕਾ ਵਿਚ ਹੋ ਰਿਹਾ ਹੈ। ਜੀਵਨ ਸਵਰਗ ਕਿੱਧਰੇ ਵੀ ਨਹੀਂ। ਅਮਰੀਕਾ ਵਿਚ ਸੰਨ 1900 ਵਿਚ ਸਰਕਾਰ ਤਿੰਨਾਂ ਪੱਧਰਾਂ, ਸਥਾਨਕ, ਪ੍ਰਾਂਤਕ ਅਤੇ ਫੈਡਰਲ ਪੱਧਰ ’ਤੇ ਅਮਰੀਕੀਆਂ ਦੀ ਕਮਾਈ ’ਤੇ 9% ਟੈਕਸ ਲਗਾਉਂਦੀ ਸੀ। ਅੱਜ ਵਿਸ਼ਵ ਦੀ ਸਭ ਤੋਂ ਅਮੀਰ, ਵਿਕਸਤ ਅਤੇ ਤਾਕਤਵਰ ਸਰਕਾਰ 32 ਪ੍ਰਤੀਸ਼ਤ ਟੈਕਸ ਠੋਕ ਰਹੀ ਹੈ।
ਰਾਜਨੀਤੀਵਾਨ ਭਾਵੇਂ ਭਾਰਤ ਦੇ ਹੋਣ, ਬ੍ਰਾਜ਼ੀਲ, ਯੂਕੇ ਜਾਂ ਅਮਰੀਕਾ ਦੇ, ਚੋਣਾਂ ਜਿੱਤਣ ਲਈ ਆਤਮਘਾਤੀ ਮਿਸ਼ਨ ’ਤੇ ਤੁਰ ਪੈਂਦੇ ਹਨ। ਸੱਤਾਧਾਰੀਆਂ ਦੇ ਲੋਕ-ਲੁਭਾਊ ਪ੍ਰੋਗਰਾਮਾਂ ਦੀ ਡਟ ਕੇ ਨਿੰਦਾ ਕਰਦੇ ਹਨ ਪਰ ਵੋਟਰਾਂ ਤੇ ਖ਼ਾਸ ਕਰਕੇ ਸੀਨੀਅਰ ਨਾਗਰਿਕਾਂ ਨੂੰ ਹੋਰ ਵਧੀਆ ਸਹੂਲਤਾਂ ਨਾਲ ਮਾਲਾਮਾਲ ਕਰਨ ਦੇ ਪ੍ਰੋਗਰਾਮ ਐਲਾਨ ਕਰਦੇ ਹੋਏ ਉਨ੍ਹਾਂ ਦੀਆਂ ਵੋਟਾਂ ਬਟੋਰਨ ਦਾ ਯਤਨ ਕਰਦੇ ਹਨ। ਕੈਨੇਡਾ ਅੰਦਰ 20,000 ਤੋਂ ਵੱਧ ਸਰਜਰੀਆਂ ਸਿਰਫ਼ ਓਂਟਾਰੀਓ ਪ੍ਰਾਂਤ ਵਿਚ ਬਕਾਇਆ ਹਨ। ਹਰ ਸਾਲ 14000 ਹੋਰ ਕਰਨੀਆਂ ਪੈਣਗੀਆਂ ਜੋ ਗਿਣਤੀ ਵਧ ਵੀ ਸਕਦੀ ਹੈ। ਪ੍ਰੀਮੀਅਰ (ਮੁੱਖ ਮੰਤਰੀ) ਡਗ ਫੋਰਡ ਦੀ ਕਾਢ ਵੇਖੋ। ਇਨ੍ਹਾਂ ਦੇ ਪ੍ਰਬੰਧ ਲਈ ਹੋਰ ਲੋੜੀਂਦੇ ਡਾਕਟਰਾਂ ਦੀ ਭਰਤੀ ਨਾਲੋਂ ਅਜੋਕੇ ਡਾਕਟਰਾਂ ਨੂੰ ਰੋਜ਼ਾਨਾ ਮਰੀਜ਼ ਵੇਖਣ ਦੀ ਡਿਊਟੀ ਤੋਂ ਫਾਰਗ ਕਰਨ ਲਈ ਫਾਰਮੇਸੀ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ। ਇਨ੍ਹਾਂ ਤਹਿਤ ਕੁੱਲ 4700 ਫਾਰਮਾਸਿਸਟਾਂ ’ਚੋਂ ਅੱਧਿਆਂ ਨੂੰ ਕਰੀਬ 13 ਬਿਮਾਰੀਆਂ ਸਬੰਧਤ ਮਰੀਜ਼ਾਂ ਨੂੰ ਵੇਖਣ ਤੇ ਦਵਾਈਆਂ ਨਿਰਧਾਰਤ ਕਰਨ ਦੀ ਜ਼ਿੰਮੇਂਵਾਰੀ ਸੌਂਪ ਦਿੱਤੀ ਹੈ। ਜੇਕਰ ਅਜਿਹਾ ਭਾਰਤ, ਮਲੇਸ਼ੀਆ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਆਦਿ ਦੇਸ਼ਾਂ ਵਿਚ ਕੀਤਾ ਹੁੰਦਾ ਤਾਂ ਸੜਕਾਂ, ਰੇਲਾਂ, ਰਸਤੇ ਬੰਦ, ਪ੍ਰਸ਼ਾਸਨ ਦੇ ਘੇਰਾਓ ਪ੍ਰੋਗਰਾਮ, ਧਰਨੇ, ਮੁਜ਼ਾਹਰੇ ਸ਼ੁਰੂ ਹੋ ਜਾਂਦੇ। ਅਮੀਰ-ਗ਼ਰੀਬ ਦੀ ਆਮਦਨ ਵਿਚ ਪਾੜਾ ਵਧ ਰਿਹਾ ਹੈ। ਮੱਧ ਵਰਗ ਬੁਰੀ ਤਰ੍ਹਾਂ ਪਿਸ ਰਿਹਾ ਹੈ। ਕੋਰੋਨਾ ਮਹਾਮਾਰੀ ਵਿਚ ਕੈਨੇਡਾ ਵਿਚ ਖਰਬਪਤੀਆਂ ਦੀ ਜਾਇਦਾਦ ਵਿਚ 51% ਵਾਧਾ ਹੋਇਆ ਹੈ। ਪਿਛਲੇ 10 ਸਾਲਾਂ ’ਚ ਹਰ 100 ਡਾਲਰਾਂ ਦੀ ਕਮਾਈ ਦੌਲਤ ’ਚੋਂ ਇਕ ਪ੍ਰਤੀਸ਼ਤ ਅਮੀਰਾਂ ਨੂੰ 34 ਜਦਕਿ 50% ਗ਼ਰੀਬਾਂ ਨੂੰ ਸਿਰਫ਼ 5 ਡਾਲਰ ਮਿਲੇ ਹਨ। ਭਾਵ 7 ਗੁਣਾ ਵੱਧ। ਆਕਸਫਾਮ ਕੈਨੇਡਾ ਦੇ ਕਾਰਜਕਾਰੀ ਡਾਇਰੈਕਟਰ ਲਾਰੇਨ ਰੇਵਨ ਅਨੁਸਾਰ ਜਿੱਥੇ ਆਮ ਤੇ ਮੱਧ ਵਰਗ ਦੇ ਕੈਨੇਡੀਅਨਾਂ ਨੂੰ ਖਾਣ-ਪੀਣ ਦੀਆਂ ਕੀਮਤਾਂ ’ਚ ਵਾਧੇ ਕਰ ਕੇ ਰੋਟੀ ਦੇ ਲਾਲੇ ਪਏ ਹੋਏ ਹਨ, ਉਨ੍ਹਾਂ ਦੇ ਸੁਪਨੇ ਚੂਰ ਹੋ ਰਹੇ ਹਨ, ਉੱਥੇ ਹੀ ਖਰਬਪਤੀ ਖ਼ੂਬ ਹੱਥ ਰੰਗ ਰਹੇ ਹਨ। ਬੀਤੇ ਸਾਲ ਨਵੰਬਰ ਵਿਚ 50 ਖਰਬਪਤੀਆਂ ਦੀ ਜਾਇਦਾਦ 249 ਬਿਲੀਅਨ ਡਾਲਰ ਹੋ ਗਈ ਜਦਕਿ ਹੇਠਲੀ 40% ਆਬਾਦੀ ਦੀ 248 ਬਿਲੀਅਨ ਡਾਲਰ ਸੀ।
ਸਰਮਾਏਦਾਰ ਅਮਰੀਕਾ ਵਿਚ ਸਥਿਤੀ ਇਸ ਤੋਂ ਵੀ ਬਦਤਰ ਵੇਖਣ ਨੂੰ ਮਿਲੀ। ਜਿੱਥੇ ਅਮਰੀਕੀ ਖਰਬਪਤੀਆਂ ਦਾ ਧਨ ਵਧ ਕੇ 4576 ਬਿਲੀਅਨ ਹੋ ਗਿਆ ਉੱਥੇ ਹੀ 60 ਪ੍ਰਤੀਸ਼ਤ ਅਮਰੀਕੀਆਂ ਕੋਲ ਸਿਰਫ਼ 5068 ਬਿਲੀਅਨ ਡਾਲਰ ਦੌਲਤ ਹੈ। ਬਰਤਾਨੀਆ ਦੇ ਖਰਬਪਤੀਆਂ ਕੋਲ ਕੋਰੋਨਾ ਮਹਾਮਾਰੀ ਦੇ ਬਾਵਜੂਦ ਦੌਲਤ 186.6 ਬਿਲੀਅਨ ਡਾਲਰ ਹੋ ਗਈ ਜਦਕਿ 40 ਪ੍ਰਤੀਸ਼ਤ ਲੋਕਾਂ ਕੋਲ ਸਿਰਫ਼ 342 ਬਿਲੀਅਨ ਦੌਲਤ ਹੈ। ਆਕਸਫਾਮ ਕੈਨੇਡਾ ਅਨੁਸਾਰ ਪਿਛਲੇ 2 ਸਾਲਾਂ ਵਿਚ ਗਲੋਬਲ ਪੱਧਰ ’ਤੇ ਅਮੀਰ, ਕਾਰਪੋਰੇਟਾਂ ਅਤੇ ਸਰਮਾਏਦਾਰਾਂ ਦੀ ਤਿਜੌਰੀ ਲਗਾਤਾਰ ਭਾਰੀ ਹੋ ਰਹੀ ਹੈ। ਪੂਰੇ ਵਿਸ਼ਵ ਦਾ ਇਹ ਹਾਲ ਹੈ ਕਿ ਨਵੀਨਤਮ ਕਮਾਈ ਜਾ ਰਹੀ ਦੌਲਤ ਵਿੱਚੋਂ ਖਰਬਪਤੀ ਅਮੀਰ ਰੋਜ਼ਾਨਾ 2.7 ਬਿਲੀਅਨ ਡਾਲਰ ਕਮਾ ਰਹੇ ਹਨ। ਕੁੱਲ ਦੌਲਤ ਦਾ 63 ਪ੍ਰਤੀਸ਼ਤ ਭਾਵ 26 ਟ੍ਰਿਲੀਅਨ ਡਾਲਰ ਉਨ੍ਹਾਂ ਦੀਆਂ ਤਿਜੌਰੀਆਂ ਵਿਚ ਜਮ੍ਹਾ ਹੋ ਰਿਹਾ ਹੈ। ਬਾਕੀ ਵਿਸ਼ਵ ਭਰ ਦੇ ਨਾਗਰਿਕਾਂ ਕੋਲ ਸਿਰਫ਼ 16 ਟ੍ਰਿਲੀਅਨ ਡਾਲਰ ਭਾਵ 37 ਪ੍ਰਤੀਸ਼ਤ ਜਾ ਰਿਹਾ ਹੈ। ਭਾਰਤ ਦੀ ਤਰਜ਼ ’ਤੇ ਕੈਨੇਡਾ ’ਚ ਵੀ ਘਪਲੇਬਾਜ਼ੀਆਂ ਹੋ ਰਹੀਆਂ ਹਨ। ਇਕ ਪਰਿਵਾਰ ਵਿਦੇਸ਼ ਸੈਰ ’ਤੇ ਗਿਆ ਹੋਇਆ ਸੀ ਤਾਂ ਪਿੱਛੋਂ ਘਰ ਵੇਚ ਦਿੱਤਾ ਗਿਆ ਜਾਅਲੀ ਦਸਤਾਵੇਜ਼ਾਂ ਰਾਹੀਂ। ਕੁਝ ਕੁ ਅੱਧ ਵਿਚਾਲੇ ਪਕੜੇ ਗਏ ਹਨ। ਮਹਿੰਗਾਈ ਨੇ ਜਿੱਥੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਉੱਥੇ ਅਮਰੀਕਾ, ਕੈਨੇਡਾ, ਯੂਕੇ, ਫਰਾਂਸ ਆਦਿ ਵਰਗੇ ਪੱਛਮੀ ਵਿਕਸਤ ਦੇਸ਼ਾਂ ਵਿਚ ਹੇਠਲੇ ਅਤੇ ਮੱਧ ਵਰਗ ਦੀਆਂ ਚੀਕਾਂ ਨਿਕਲੀਆਂ ਪਈਆਂ ਹਨ। ਲੋਕਾਂ ਦੀ ਖ਼ਰੀਦ ਸ਼ਕਤੀ ਥੱਕ-ਹਾਰ ਗਈ ਹੈ। ਸਸਕੈਚਵਨ ਸੂਬੇ ਵਿਚ ਹੋਟਲ ਵਿਚ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਢੇ ਚਾਰ ਡਾਲਰ ਭੁਗਤਾਨ ਕੀਤਾ ਜਾਂਦਾ ਹੈ।
ਟੋਰਾਂਟੋ, ਬਰੈਂਪਟਨ, ਸਰੀ ਵਰਗੇ ਸ਼ਹਿਰਾਂ ਵਿਚ ਬੇਸਮੈਂਟ ਵਿਚ ਇਕ ਕਮਰਾ ਹਜ਼ਾਰ ਡਾਲਰ, ਦੋ ਕਮਰੇ 1700-1800 ਡਾਲਰ ਦੇ ਕਿਰਾਏ ’ਤੇ ਮਸਾਂ ਮਿਲ ਰਹੇ ਹਨ। ਮਕਾਨਾਂ ਦੀ ਘਾਟ ਕਰਕੇ ਭਰ ਸਰਦੀ ਵਿਚ ਲੋਕ ਤੰਬੂਆਂ ਵਿਚ ਰਹਿਣ ਲਈ ਮਜਬੂਰ ਹਨ। ਨੋਵਾ ਸਕੋਸ਼ੀਆ ਪ੍ਰਾਂਤ ਦੀ ਇਕ ਔਰਤ ਜੇਨਟ ਡਰਮੋਡੀ ਨੇ ਮਕਾਨ ਡਿਵੈਲਪਰਾਂ ਨੂੰ ਕਿਹਾ ਕਿ ਉਸ ਦੀ ਵਾਟਰ ਫਰੰਟ ਵਾਲੀ ਮਹਿੰਗੀ ਜ਼ਮੀਨ ਇਕ ਚੰਗਾ ਮਕਾਨ ਬਣਾ ਕੇ ਦੇਣ ਬਦਲੇ ਲੈ ਲਵੋ ਕਿਉਂਕਿ ਪੈਸੇ ਦੀ ਘਾਟ ਕਰ ਕੇ ਉਹ ਸਾਰੀ ਉਮਰ ਮਕਾਨ ਨਹੀਂ ਖ਼ਰੀਦ ਸਕੇਗੀ। ਟੋਰਾਂਟੋ ਅੰਦਰ ਬੱਸਾਂ ਦਾ ਕਿਰਾਇਆ 10 ਸੈਂਟ ਵਧਾਉਣ ਕਰਕੇ ਮਹਿੰਗੀ ਫੂਡ ਅਤੇ ਗਰੋਸਰੀ ਖ਼ਰੀਦਣ ਤੋਂ ਆਤੁਰ ਲੋਕ ਬੱਸਾਂ ਦੀ ਸਵਾਰੀ ਨਹੀਂ ਕਰ ਰਹੇ। ਮੁਸਾਫਰਾਂ ਦੀ ਘਾਟ ਕਾਰਨ ਟੋਰਾਂਟੋ ਬੱਸ ਸੇਵਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਲੁਭਾਅ ਰਹੀ ਹੈ। ਮੁਸਾਫਰਾਂ ਦੀ ਘਾਟ ਬੱਸ ਸੇਵਾ ਵਿਚ ਕਟੌਤੀ ਲਈ ਮਜਬੂਰ ਕਰੇਗੀ। ਮੈਕਸੀਕੋ ਵਿਚ ਨਸ਼ਾ ਗੈਂਗਸਟਰਾਂ ਨੇ ਦੇਸ਼ ਦੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਵਖਤ ਪਾਇਆ ਹੋਇਆ ਹੈ। ਇਹ ਗੈਂਗ ਕੌਮਾਂਤਰੀ ਪੱਧਰ ’ਤੇ ਵਿਚਰ ਰਹੇ ਹਨ।
ਇਨ੍ਹਾਂ ਕੋਲ ਅਤਿ-ਆਧੁਨਿਕ ਹਥਿਆਰ ਹਨ ਅਤੇ ਤਕਨੀਕੀ ਟਰੇਨਿੰਗ ਨਾਲ ਲੈਸ ਹਨ। ਉਹ ਪਿਛਲੇ ਦਿਨੀਂ ਜੇਲ੍ਹ ਵਿੱਚੋਂ ਹਥਿਆਰਬੰਦ ਹਮਲੇ ਰਾਹੀਂ ਆਪਣੇ ਸਰਗਨੇ ਅਤੇ ਸਾਥੀਆਂ ਨੂੰ ਛੁਡਾ ਕੇ ਲੈ ਗਏ। ਫਿਰੌਤੀਆਂ, ਕਤਲ, ਨਾਗਰਿਕਾਂ ਨੂੰ ਗਾਇਬ ਕਰਨਾ, ਨਸ਼ਾ ਤਸਕਰੀ ਆਮ ਪ੍ਰਕਿਰਿਆ ਹੈ। ਸਿਨਾਲੋਆ ਰਾਜ ਦੇ ਜੀਸਸ ਮਾਰੀਆ ਸ਼ਹਿਰ ਵਿੱਚੋਂ 100 ਤੋਂ ਵੱਧ ਲੋਕ ਗਾਇਬ ਕਰ ਦਿੱਤੇ ਗਏ। ਇਹ ਪ੍ਰਕਿਰਿਆ ਆਮ ਜੁਰਮ ਬਣੀ ਪਈ ਹੈ। ਹੈਡੀ ਅੰਦਰ ਗੈਂਗਸਟਰਾਂ ਨੇ ਰਾਜਧਾਨੀ ਦੇ ਝੁੱਗੀ-ਝੌਪੜੀ ਖੇਤਰਾਂ ’ਤੇ ਕਬਜ਼ਾ ਕਰ ਰੱਖਿਆ ਹੈ। ਪੁਲਿਸ ਅਤੇ ਫ਼ੌਜ ਨੂੰ ਵਖਤ ਪਾਇਆ ਹੋਇਆ ਹੈ। ਲੋਕਾਂ ਦਾ ਭਰੋਸਾ ਹਾਸਲ ਕਰ ਕੇ ਉਨ੍ਹਾਂ ਨੇ ਹਲਕੇ ਵੰਡੇ ਹੋਏ ਹਨ। ਇਹ ਗੈਂਗ ਕਈ ਹਿੱਸਿਆਂ ਵਿਚ ਆਪਣਾ ਸ਼ਾਸਨ ਚਲਾ ਰਹੇ ਹਨ। ਕਤਲੋ-ਗਾਰਤ ਰੋਜ਼ ਦਾ ਕੰਮ ਬਣ ਚੁੱਕਾ ਹੈ। ਅਮਰੀਕਾ ਜੋ ਵਿਸ਼ਵ ਅੰਦਰ ਮਾਨਵ ਅਧਿਕਾਰਾਂ ਦਾ ਰੌਲਾ ਪਾਉਂਦਾ ਨਹੀਂ ਥੱਕਦਾ, ਉੱਥੇ ਪੁਲਿਸ, ਪੰਜਾਬ ਜਾਂ ਭਾਰਤ ਦੇ ਕੁਝ ਦੂਸਰੇ ਪ੍ਰਾਂਤਾਂ ਦੀ ਝੂਠੇ ਪੁਲਿਸ ਮੁਕਾਬਲਿਆਂ, ਅਣ-ਮਨੁੱਖੀ ਤਸੀਹੇ ਦੇ ਕੇ ਮਾਰ-ਮੁਕਾਉਣ, ਹਿਰਾਸਤੀ ਕਤਲਾਂ ਲਈ ਬਦਨਾਮ ਪੁਲਿਸ ਨਾਲੋਂ ਵੀ ਅੱਗੇ ਨਿਕਲ ਚੁੱਕੀ ਹੈ। ਸੱਤ ਜਨਵਰੀ 2023 ਨੂੰ ਮੈਮਫਿਸ ਪੁਲਿਸ ਦੇ ਚਾਰ ਕਾਲੇ ਆਫੀਸਰਾਂ ਨੇ ਟਾਇਰ ਨਿਕੋਲਸ ਮੋਟਰ-ਸਾਈਕਲ ਸਵਾਰ ਕਾਲੇ ਨੌਜਵਾਨ ਨੂੰ ਏਨੀ ਬੇਦਰਦੀ ਨਾਲ ਕੁੱਟਿਆ ਕਿ ਉਹ ਤਿੰਨ ਦਿਨ ਬਾਅਦ ਮਰ ਗਿਆ। ਉਹ ਰੌਂਦਾ ਰਿਹਾ। ਕਿਸੇ ਨੇ ਇਕ ਨਾ ਸੁਣੀ। ਅਣ-ਮਨੁੱਖੀ ਪੁਲਿਸ ਦੀ ਵੀਡੀਓ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੀ ਹਿਲਾ ਕੇ ਰੱਖ ਦਿੱਤਾ। ਯੂਕਰੇਨ ਜੰਗ ਕਰਕੇ ਸਵੀਡਨ ਤੇ ਫਿਨਲੈਂਡ ਨਾਟੋ ਸੰਗਠਨ ’ਚ ਸ਼ਮੂਲੀਅਤ ਲਈ ਅਰਜ਼ੀ ਦਿੰਦੇ ਹਨ। ਇਸ ਲਈ ਨਾਟੋ ਦੇ 30 ਮੈਂਬਰਾਂ ਦੀ ਸਰਬਸੰਮਤੀ ਲੋੜੀਂਦੀ ਹੈ। ਪਰ ਤੁਰਕੀ ਅੜਿੱਕਾ ਪਾ ਦਿੰਦਾ ਹੈ। ਗੁੱਸੇ ’ਚ ਡੈਨਮਾਰਕ ਦਾ ਸੱਜੇ ਪੱਖੀ ਆਗੂ ਰੁਸਮੁਸ ਪਾਲਡਨ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ 21 ਜਨਵਰੀ ਦੇ ਮੁਜ਼ਾਹਰੇ ਦੌਰਾਨ ਪਵਿੱਤਰ ਕੁਰਾਨ ਨੂੰ ਅੱਗ ਲਾ ਦਿੰਦਾ ਹੈ ਜਿਸ ਕਰਕੇ ਪੂਰੇ ਵਿਸ਼ਵ ਦਾ ਮੁਸਲਿਮ ਭਾਈਚਾਰਾ ਭੜਕ ਉੱਠਦਾ ਹੈ।
ਬਿ੍ਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਦੀਮ ਜਾਹਾਵੀ ਕਰੋੜਾਂ ਡਾਲਰਾਂ ਦੀ ਟੈਕਸ ਚੋਰੀ ਕਰ ਕੇ ਹਟਾਇਆ ਜਾਂਦਾ ਹੈ, ਡੋਨਾਲਡ ਟਰੰਪ ਹਾਰ ਨੂੰ ਜਿੱਤ ਵਿਚ ਬਦਲਣ ਲਈ 6 ਜਨਵਰੀ 2021 ਨੂੰ ਕੈਪੀਟਨ ਹਿੱਲ ’ਤੇ ਹਮਲਾ ਕਰਾ ਦਿੰਦਾ ਹੈ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪਰਦੇ ਪਿੱਛੇ ਪ੍ਰਧਾਨ ਮੰਤਰੀ ਬਣਿਆ ਉਸ ਦਾ ਪੁੱਤਰ ਰਾਜੀਵ ਗਾਂਧੀ ਸਿੱਖ ਕਤਲ-ਏ-ਆਮ ਕਰਾਉਂਦਾ ਹੈ, ਅਫ਼ਗਾਨ ਰਾਸ਼ਟਰਪਤੀ ਅਸ਼ਰਫ ਗਨੀ ਤਾਲਿਬਾਨੀ ਕਬਜ਼ੇ ਤੋਂ ਬਾਅਦ ਧਨ ਨਾਲ ਜਹਾਜ਼ ਭਰ ਕੇ ਫੁਰਰ ਹੋ ਜਾਂਦਾ ਹੈ। ਵਿਸ਼ਵ ਦੇ ਸਭ ਰਾਜਨੇਤਾ ਜੁਰਮ ਦੇ ਹਮਾਮ ’ਚ ਨੰਗੇ ਹਨ। ਚੀਨ ਅੱਜ ਆਬਾਦੀ ਘਟਣ ਕਾਰਨ ਚਿੰਤਤ ਹੈ। ਉਸ ਦੀ ਵਸੋਂ ਬੀਤੇ ਵਰ੍ਹੇ 850000 ਘਟੀ। ਟਿਊਨੇਸ਼ੀਆ, ਵੈਨਜ਼ੂਏਲਾ, ਅਫ਼ਰੀਕੀ ਦੇਸ਼ਾਂ ਦੇ ਲੋਕ ਗੁਰਬਤ, ਭੁੱਖਮਰੀ, ਬੇਰੁਜ਼ਗਾਰੀ ਕਾਰਨ ਵਿਦੇਸ਼ ਭੱਜ ਰਹੇ ਹਨ। ਅਮਰੀਕੀ, ਯੂਰਪੀ ਦੇਸ਼ਾਂ ਦੀਆਂ ਸਰਹੱਦਾਂ ’ਤੇ ਲੱਖਾਂ ਲੋਕ ਘੁਸਪੈਠ ਕਰਦੇ ਨਿੱਤ ਵੇਖੇ ਜਾ ਸਕਦੇ ਹਨ। ਸੈਂਕੜੇ ਰੋਜ਼ ਮਰ ਰਹੇ ਹਨ। ਕੋਈ ਕਿੱਧਰੇ ਸੁਖੀ ਨਹੀਂ ਲੱਭਦਾ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)।
ਸੰਪਰਕ : +1289 829 2929