ਪੰਜਾਬੀਆਂ ’ਚ ਵਿਦੇਸ਼ ਜਾਣ ਦਾ ਰੁਝਾਨ ਮੁੱਢ-ਕਦੀਮਾਂ ਤੋਂ ਹੈ। ਉਹ ਹਰ ਹੀਲੇ ਵਿਦੇਸ਼ਾਂ ’ਚ ਵਸਣਾ ਚਾਹੁੰਦੇ ਹਨ ਭਾਵੇਂ ਉਨ੍ਹਾਂ ਨੂੰ ਕਿੰਨਾ ਵੀ ਜੋਖ਼ਮ ਕਿਉਂ ਨਾ ਉਠਾਉਣਾ ਪਵੇ। ਹੁਣ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਖ਼ਬਰ ਆਈ ਹੈ ਜੋ ਡਾਢੀ ਚਿੰਤਾਜਨਕ ਹੈ। ਵਤਨ ਵਾਪਸ ਭੇਜੇ ਜਾਣ ਵਾਲੇ ਵਿਦਿਆਰਥੀਆਂ ’ਚੋਂ ਵੀ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਜਿਹੜੇ ਮਾਪਿਆਂ ਨੇ 15 ਤੋਂ 20 ਲੱਖ ਰੁਪਏ ਲਾ ਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਸੱਤ ਸਮੁੰਦਰ ਪਾਰ ਭੇਜਿਆ ਹੋਵੇ, ਇਸ ਤਾਜ਼ਾ ਰਿਪੋਰਟ ਨਾਲ ਉਨ੍ਹਾਂ ਦੇ ਦਿਲਾਂ ’ਤੇ ਕੀ ਬੀਤੀ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਕੋਰੋਨਾ ਕਾਲ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਿਹੜੇ ਅੰਕੜੇ ਜਾਰੀ ਕੀਤੇ ਸਨ, ਉਸ ਮੁਤਾਬਕ ਸਾਲ 2019 ਦੌਰਾਨ 7 ਲੱਖ 70 ਹਜ਼ਾਰ ਭਾਰਤੀ ਵਿਦਿਆਰਥੀ ਦੁਨੀਆ ਦੇ 86 ਵੱਖੋ-ਵੱਖਰੇ ਦੇਸ਼ਾਂ ’ਚ ਪੜ੍ਹ ਰਹੇ ਸਨ। ਵਾਇਰਸ ਦੇ ਹੰਗਾਮੇ ਦੌਰਾਨ ਭਾਵੇਂ ਇੰਨੀਆਂ ਜ਼ਿਆਦਾ ਪਾਬੰਦੀਆਂ ਲੱਗੀਆਂ ਹੋਈਆਂ ਸਨ ਪਰ ਫਿਰ ਵੀ ਕਈ-ਕਈ ਗੁਣਾ ਮਹਿੰਗੀਆਂ ਹਵਾਈ ਟਿਕਟਾਂ ਖ਼ਰੀਦ ਕੇ ਵੀ ਉਹ ਉਚੇਰੀ ਸਿੱਖਿਆ ਹਾਸਲ ਕਰਨ ਲਈ ਆਪਣੇ ਪਸੰਦ ਦੇ ਦੇਸ਼ ’ਚ ਜਾਣ ਤੋਂ ਕਦੇ ਨਹੀਂ ਟਲ਼ੇ। ਦੇਸ਼ ਵਿਚ ਪੰਜ ਸਾਲ ਤੋਂ ਲੈ ਕੇ 24 ਸਾਲ ਤਕ ਦੀ ਉਮਰ ਦੇ ਨਾਗਰਿਕਾਂ ਦੀ ਗਿਣਤੀ 58 ਕਰੋੜ ਤੋਂ ਵੱਧ ਹੈ ਤੇ ਉਨ੍ਹਾਂ ’ਚੋਂ 10 ਕਰੋੜ ਦੇ ਕਰੀਬ ਯੋਗ ਉਮਰ ਦੇ ਨੌਜਵਾਨਾਂ ’ਚੋਂ ਤਾਂ ਬਹੁਤ ਸਾਰੇ ਵਿਦੇਸ਼ ਜਾਣ ਦੇ ਚਾਹਵਾਨ ਜ਼ਰੂਰ ਹੋਣਗੇ। ਗ਼ੈਰ-ਸਰਕਾਰੀ ਅੰਕੜਿਆਂ ਮੁਤਾਬਕ ਸਾਲ 2021 ਦੌਰਾਨ 11 ਲੱਖ 33 ਹਜ਼ਾਰ ਤੋਂ ਵੱਧ ਬੱਚੇ ਹੋਰਨਾਂ ਦੇਸ਼ਾਂ ’ਚ ਪੜ੍ਹ ਰਹੇ ਸਨ ਅਤੇ ਮਾਹਿਰਾਂ ਮੁਤਾਬਕ ਅਗਲੇ ਕੁਝ ਸਾਲਾਂ ਦੌਰਾਨ ਇਹ ਗਿਣਤੀ 18 ਲੱਖ ਤਕ ਪੁੱਜ ਜਾਣ ਦਾ ਅਨੁਮਾਨ ਹੈ। ਠੱਗ ਕਿਸਮ ਦੇ ਏਜੰਟ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਵੀ ਆਪਣੇ ਨਿਸ਼ਾਨੇ ’ਤੇ ਲੈਣ ਲੱਗ ਪਏ ਹਨ। ਜੇ ਕਿਤੇ 700 ਵਿਦਿਆਰਥੀਆਂ ਨੇ ਜਲੰਧਰ ਦੇ ਜਾਅਲੀ ਏਜੰਟ ਦੀ ਥਾਂ ਆਪਣੇ ਪੱਧਰ ’ਤੇ ਕੈਨੇਡਾ ਦੇ ਹੰਬਰ ਕਾਲਜ ’ਚ ਦਾਖ਼ਲੇ ਲਈ ਅਪਲਾਈ ਕੀਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਨਾਲ ਅਜਿਹੀ ਧੋਖਾਧੜੀ ਨਾ ਹੁੰਦੀ। ਉਨ੍ਹਾਂ ’ਤੇ ਸਿਰਫ਼ ਦਾਖ਼ਲੇ ਦੇ ਜਾਅਲੀ ਆਫਰ ਲੈਟਰਾਂ ਕਾਰਨ ਕੈਨੇਡਾ ਤੋਂ ਡਿਪੋਰਟ ਹੋਣ ਦੀ ਤਲਵਾਰ ਨਾ ਲਟਕਦੀ। ਜੁਲਾਈ 2021 ਦੇ ਗ਼ੈਰ-ਸਰਕਾਰੀ ਅੰਕੜਿਆਂ ਮੁਤਾਬਕ ਹੀ ਸਭ ਤੋਂ ਵੱਧ 2 ਲੱਖ 19 ਹਜ਼ਾਰ ਭਾਰਤੀ ਵਿਦਿਆਰਥੀ ਸੰਯੁਕਤ ਅਰਬ ਅਮੀਰਾਤ ’ਚ ਪੜ੍ਹਦੇ ਹਨ। ਸਾਡੇ ਬੱਚੇ ਕੈਨੇਡਾ ਨੂੰ ਦੂਜੇ ਨੰਬਰ ’ਤੇ (2.15 ਲੱਖ) ਅਤੇ ਅਮਰੀਕਾ (2.12 ਲੱਖ) ਨੂੰ ਤੀਜੇ ਨੰਬਰ ’ਤੇ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀ ਆਸਟ੍ਰੇਲੀਆ, ਸਾਊਦੀ ਅਰਬ, ਨਿਊਜ਼ੀਲੈਂਡ, ਇੰਗਲੈਂਡ, ਓਮਾਨ, ਚੀਨ, ਜਰਮਨੀ, ਯੂਕਰੇਨ, ਰੂਸ ਤੇ ਫਿਲੀਪੀਨ ’ਚ ਵੀ ਜਾ ਕੇ ਪੜ੍ਹਾਈ ਕਰਨਾ ਪਸੰਦ ਕਰਦੇ ਹਨ। ਸੱਤਰ ਫ਼ੀਸਦੀ ਵਿਦਿਆਰਥੀ ਖ਼ਾਸ ਕੋਰਸ ਕਰਨ ਲਈ, ਬਾਕੀ ਦੇ ਪੋਸਟ-ਗ੍ਰੈਜੂਏਟ ਤੇ ਹੋਰ ਆਮ ਕੋਰਸ ਕਰਨ ਲਈ ਵਿਦੇਸ਼ ਜਾਂਦੇ ਹਨ। ਸਾਲ 2019 ਦੇ ਮੁਕਾਬਲੇ ਹੁਣ ਇੰਗਲੈਂਡ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ 600 ਫ਼ੀਸਦੀ ਦਾ ਵਾਧਾ ਹੋਇਆ ਹੈ। ਇਕ ਅਨੁਮਾਨ ਮੁਤਾਬਕ ਅਗਲੇ ਵਰ੍ਹੇ 2024 ਤਕ ਵਿਦਿਆਰਥੀਆਂ ਰਾਹੀਂ 80 ਅਰਬ ਡਾਲਰ ਭਾਰਤ ਤੋਂ ਹੋਰਨਾਂ ਦੇਸ਼ਾਂ ਨੂੰ ਜਾਇਆ ਕਰਨਗੇ। ਇਨ੍ਹਾਂ ਅੰਕੜਿਆਂ ਕਾਰਨ ਕੇਂਦਰ ਚਿੰਤਤ ਹੈ। ਇਸੇ ਲਈ ਬਹੁਤ ਸਾਰੀਆਂ ਵਿਦੇਸ਼ੀ ’ਵਰਸਿਟੀਆਂ ਨੂੰ ਹੁਣ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ ’ਚ ਕੈਂਪਸ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤਾਂ ਜੋ ਦੇਸ਼ ਦੇ ਵਿਦਿਆਰਥੀ ਆਪਣੇ ਘਰ ’ਚ ਰਹਿ ਕੇ ਹੀ ਵਿਦੇਸ਼ੀ ਡਿਗਰੀਆਂ ਹਾਸਲ ਕਰ ਸਕਣ।