ਬਿਨਾਂ ਸ਼ੱਕ ਦੁੱਧ ਮਨੁੱਖੀ ਸਿਹਤ ਲਈ ਇਕ ਸੰਪੂਰਨ ਖ਼ੁਰਾਕ ਹੈ। ਇਸ ਨੂੰ ਸਿੱਧੇ ਤੌਰ ’ਤੇ ਇਸਤੇਮਾਲ ਕਰਨ ਤੋਂ ਇਲਾਵਾ ਇਹ ਦਹੀਂ, ਲੱਸੀ, ਪਨੀਰ, ਘਿਓ ਆਦਿ ਦੀ ਸ਼ਕਲ ਵਿਚ ਵੀ ਵਰਤਿਆ ਜਾਂਦਾ ਹੈ। ਇਸ ਵਿਚ ਮਿਲਾਵਟ ਦਾ ਧੰਦਾ ਵੀ ਆਮ ਜਿਹੀ ਗੱਲ ਬਣ ਗਈ ਹੈ। ਦੁੱਧ ਵਿਚ ਪਾਣੀ ਮਿਲਾਉਣਾ ਤਾਂ ਬਹੁਤ ਸਮੇਂ ਤੋਂ ਪ੍ਰਚਲਿਤ ਹੈ। ਇਸ ਨਾਲ ਖ਼ਰੀਦਦਾਰ ਨੂੰ ਮਾਇਕ ਘਾਟਾ ਜ਼ਰੂਰ ਪੈਂਦਾ ਹੈ ਪਰ ਇਹ ਸਿਹਤ ਲਈ ਬਹੁਤਾ ਨੁਕਸਦਾਰ ਨਹੀਂ ਪਰ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇਸ ਵਿਚ ਕਈ ਤਰ੍ਹਾਂ ਦੇ ਜ਼ਹਿਰੀਲੇ ਰਸਾਇਣ ਮਿਲਾ ਦਿੱਤੇ ਜਾਂਦੇ ਹਨ ਤਾਂ ਇਹ ਮਨੁੱਖਤਾ ਲਈ ਅੰਮ੍ਰਿਤ ਦੀ ਥਾਂ ਜ਼ਹਿਰ ਬਣ ਜਾਂਦਾ ਹੈ। ਅੱਜ-ਕੱਲ੍ਹ ਬਹੁਤ ਸਾਰੇ ਵਪਾਰੀ ਦੁੱਧ ਨੂੰ ਤਾਜ਼ਾ ਰੱਖਣ ਲਈ ਇਸ ਵਿਚ ਕਈ ਤਰ੍ਹਾਂ ਦੇ ਰਸਾਇਣ ਮਿਲਾ ਦਿੰਦੇ ਹਨ। ਇਸ ਨਾਲ ਦੁੱਧ ਛੇਤੀ ਖ਼ਰਾਬ ਨਹੀਂ ਹੁੰਦਾ। ਸਵੇਰ ਦਾ ਦੁੱਧ ਸ਼ਾਮ ਨੂੰ ਅਤੇ ਸ਼ਾਮ ਦਾ ਸਵੇਰ ਨੂੰ ਲਿਆਉਣ ਵਾਸਤੇ ਇਨ੍ਹਾਂ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਮਨੁੱਖਤਾ ਨਾਲ ਅਨਿਆਂ ਅਤੇ ਭਾਰੀ ਜੁਰਮ ਹੈ। ਦੁੱਧ ਦੀ ਕੁਆਲਿਟੀ ਵਧਾਉਣ ਲਈ ਇਸ ਵਿਚ ਆਮ ਤੌਰ ’ਤੇ ਫਾਰਮਲੀਨ, ਹਾਈਡ੍ਰੋਜਨ ਆਕਸਾਈਡ ਬੋਰੈਕਸ, ਕਾਸਟਿਕ ਸੋਡਾ ਆਦਿ ਦੀ ਮਿਲਾਵਟ ਕਰ ਦਿੱਤੀ ਜਾਂਦੀ ਹੈ। ਇਨ੍ਹਾਂ ਰਸਾਇਣਾਂ ਦੀ ਵਰਤੋਂ ਪੇਟ ਦੀਆਂ ਤਕਲੀਫਾਂ ਦੇ ਨਾਲ-ਨਾਲ ਲਿਵਰ ਦੀ ਖ਼ਰਾਬੀ ਅਤੇ ਕੈਂਸਰ ਵਰਗੇ ਰੋਗਾਂ ਨੂੰ ਜਨਮ ਦਿੰਦੀ ਹੈ। ਛੋਟੇ-ਵੱਡੇ ਠੇਕੇਦਾਰ ਅਤੇ ਵਪਾਰੀ ਲੋਕ ਆਪਣੇ ਵਪਾਰਕ ਹਿੱਤਾਂ ਨੂੰ ਵਧਾਉਣ ਦੇ ਲਈ ਦੁੱਧ ਵਿਚ ਕ੍ਰੀਮ-ਪਾਣੀ ਮਿਲਾ ਦਿੰਦੇ ਹਨ। ਇਸ ਨਾਲ ਦੁੱਧ ਦੀ ਫੈਟ ਦੀ ਮਾਤਰਾ ਵਧ ਜਾਂਦੀ ਹੈ ਅਤੇ ਇਹ ਲੋਕ ਵੱਧ ਮੁਨਾਫ਼ਾ ਲੈ ਜਾਂਦੇ ਹਨ। ਦੁੱਧ ਵਿਚ ਥੰਧਿਆਈ ਵਧਾਉਣ ਵਾਸਤੇ ਸਿਹਤ ਲਈ ਹਾਨੀਕਾਰਕ ਪਦਾਰਥ ਗੁਲੂਕੋਜ਼ (ਤਰਲ ਗੁਲੂਕੋਜ਼) ਮਿਲਾ ਦਿੱਤਾ ਜਾਂਦਾ ਹੈ। ਇਸ ਨਾਲ ਅੰਤੜੀਆਂ ਅਤੇ ਮਿਹਦੇ ਵਿਚ ਜ਼ਖ਼ਮ ਹੋ ਸਕਦੇ ਹਨ। ਫੈਕਟਰੀਆਂ ਵਾਲੇ ਇਸ ਤਰ੍ਹਾਂ ਦੇ ਦੁੱਧ ਨੂੰ ਵਾਪਸ ਕਰ ਦਿੰਦੇ ਹਨ ਪਰ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਇਹ ਸਾਰਾ ਦੁੱਧ ਆਮ ਲੋਕਾਂ ਵਿਚ ਸਸਤੀ ਕੀਮਤ ਵਿਚ ਵੇਚ ਦਿੱਤਾ ਜਾਂਦਾ ਹੈ। ਦੁੱਧ ਨੂੰ ਗਾੜ੍ਹਾ ਕਰਨ ਲਈ ਉਸ ਵਿਚ ਬਨਸਪਤੀ, ਚਰਬੀ ਜਾਂ ਰਿਫਾਇੰਡ ਆਇਲ ਪਾਉਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਬਹੁਤ ਹੀ ਖ਼ਤਰਨਾਕ ਪਦਾਰਥ ਹਨ ਕਿਉਂਕਿ ਇਹ ਸਿੱਧੇ ਦੁੱਧ ਵਿਚ ਨਹੀਂ ਮਿਲਦੇ। ਇਸ ਵਿਚ ਸਰਫ ਦਾ ਪਾਣੀ ਜਾਂ ਈਜ਼ੀ ਮਿਲਾ ਕੇ ਪਾਇਆ ਜਾਂਦਾ ਹੈ। ਲੋਕ ਇਹ ਜ਼ਹਿਰੀਲਾ ਦੁੱਧ ਪੀਣ ਲਈ ਮਜਬੂਰ ਹੋ ਰਹੇ ਹਨ। ਹੁਣ ਤਾਂ ਵਪਾਰੀਆਂ ਨੇ ਪੂਰੇ ਦਾ ਪੂਰਾ ਦੁੱਧ ਹੀ ਸਿੰਥੈਟਿਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਦੁੱਧ ਦਿਲ ਦੇ ਰੋਗਾਂ, ਕੈਂਸਰ, ਲਕਵਾ ਅਤੇ ਦਿਮਾਗੀ ਦੌਰਿਆਂ ਨੂੰ ਸਿੱਧਾ ਸੱਦਾ ਹੈ।ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੰਪਨੀਆਂ ਵੱਲੋਂ ਪ੍ਰਮਾਣਿਤ ਪੈਕਟਬੰਦ ਦੁੱਧ ਹੀ ਖ਼ਰੀਦਣ। ਸਰਕਾਰ ਨਕਲੀ ਦੁੱਧ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ।
ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ : ਖੋਸਾ ਪਾਂਡੋ, (ਮੋਗਾ) ।