ਜਦੋਂ ਵੀ ਸੁਧਾਰ ਕਰਨਾ ਹੋਵੇ ਜਾਂ ਵਿਗੜੇ ਹਾਲਾਤ ਨੂੰ ਸਹੀ ਕਰਨਾ ਹੋਵੇ ਤਾਂ ਉਸ ਦੀ ਜੜ੍ਹ ਤਕ ਪਹੁੰਚਣਾ ਚਾਹੀਦਾ ਹੈ। ਚੋਰੀਆਂ, ਲੁੱਟਾਂ-ਖੋਹਾਂ, ਕਤਲ, ਨਸ਼ੇ ਵੇਚਣ ਜਾਂ ਹੋਰ ਗ਼ਲਤ ਕੰਮ ਕਰਨ ਵਾਲਾ ਵੀ ਹੋ ਸਕਦਾ ਹੈ ਕਿ ਮਜਬੂਰੀ ਵਿਚ ਇਹ ਕੰਮ ਕਰਦਾ ਹੋਵੇ। ਕੌੜਾ ਸੱਚ ਇਹ ਹੈ ਕਿ ਸਿਆਸਤਦਾਨਾਂ ਨੂੰ ਗ਼ਰੀਬ ਤੇ ਅਨਪੜ੍ਹ ਲੋਕ ਵਧੇਰੇ ਚੰਗੇ ਲੱਗਦੇ ਹਨ। ਜੇ ਸਿੱਖਿਆ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਮਿਆਰੀ ਸਿੱਖਿਆ ਨਹੀਂ ਦਿੱਤੀ ਜਾ ਰਹੀ। ਬੜੀਆਂ ਅਜੀਬੋ-ਗ਼ਰੀਬ ਨੀਤੀਆਂ ਬਣਾਈਆਂ ਹਨ। ਕਦੇ ਪੰਜਵੀਂ ਤਕ ਬੱਚਿਆਂ ਨੂੰ ਫੇਲ੍ਹ ਨਹੀਂ ਕਰਨਾ ਤੇ ਕਦੇ ਅੱਠਵੀਂ ਤਕ। ਇੰਜ ਤਾਂ ਬੱਚੇ ਪੜ੍ਹਾਈ ’ਚ ਰੁਚੀ ਹੀ ਨਹੀਂ ਲੈਣਗੇ ਤੇ ਅਧਿਆਪਕ ਪੜ੍ਹਾਉਣ ਵੱਲ ਧਿਆਨ ਨਹੀਂ ਦੇਣਗੇ। ਅੱਠਵੀਂ ਪਾਸ ਕਰਨ ਤੋਂ ਬਾਅਦ ਵੀ ਅਜਿਹੇ ਬੱਚੇ ਪੜ੍ਹਾਈ ਪੱਖੋਂ ਕੋਰੇ ਹੀ ਹੁੰਦੇ ਹਨ। ਪੜ੍ਹਾਈ ਵਿਚ ਨਾਕਾਮ ਜ਼ਿਆਦਾਤਰ ਬੱਚੇ ਤੇ ਨੌਜਵਾਨ ਗ਼ਲਤ ਕੰਮਾਂ ਵੱਲ ਤੁਰ ਪੈਂਦੇ ਹਨ। ਇਹ ਤਾਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੀ ਗੱਲ ਹੈ। ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਕੇ, ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈਣ ਤੋਂ ਬਾਅਦ ਵੀ ਕਾਫ਼ੀ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਡਿਗਰੀਆਂ ਲੈਣ ਤੋਂ ਬਾਅਦ ਜੇ ਨੌਜਵਾਨ ਅਪਰਾਧ ਵਾਲੇ ਪਾਸੇ ਜਾਂਦੇ ਹਨ ਤਾਂ ਕਸੂਰਵਾਰ ਉਹ ਘੱਟ, ਸਿਸਟਮ ਵਧੇਰੇ ਹੈ। ਬਹੁਤ ਤਕਲੀਫ਼ ਹੁੰਦੀ ਹੈ ਜਦੋਂ ਪੜ੍ਹੇ-ਲਿਖੇ ਤੇ ਸੋਹਣੇ ਗੱਭਰੂ ਗੈਂਗਸਟਰ ਬਣ ਜਾਂਦੇ ਹਨ। ਜਦੋਂ ਉਹ ਮਰਦੇ ਹਨ ਤਾਂ ਉਨ੍ਹਾਂ ਦੀਆਂ ਮਾਵਾਂ ਦੀ ਤਕਲੀਫ਼ ਉਹੀ ਜਾਣਦੀਆਂ ਹਨ। ਇਹ ਬਿਲਕੁਲ ਸਹੀ ਹੈ ਕਿ ਜੇ ਸਕੂਲ ਵਧੀਆ ਹੋਣ ਤਾਂ ਜੇਲ੍ਹਾਂ ਦੀ ਲੋੜ ਹੀ ਨਾ ਪਵੇ। ਨੈਤਿਕ ਕਦਰਾਂ-ਕੀਮਤਾਂ ਤੇ ਸਹਿਣਸ਼ੀਲਤਾ ਦੀ ਵੀ ਘਾਟ ਹੈ। ਵਿਖਾਵਾ, ਬਹੁਤ ਜਲਦੀ ਵੱਡੇ ਘਰ/ਕੋਠੀਆਂ ਤੇ ਵੱਡੀਆਂ ਮਹਿੰਗੀਆਂ ਕਾਰਾਂ ਦੀ ਲਾਲਸਾ ਨੇ ਵੀ ਨੌਜਵਾਨਾਂ ਨੂੰ ਗ਼ਲਤ ਰਾਹੇ ਪਾਇਆ ਹੈ। ਅੱਜ-ਕੱਲ੍ਹ ਛੋਟੀਆਂ ਚੋਰੀਆਂ, ਖੋਹਾਂ ਤੋਂ ਲੈ ਕੇ ਵੱਡੀਆਂ ਚੋਰੀਆਂ ਤੇ ਕਾਰਾਂ ਆਦਿ ਖੋਹਣਾ ਆਮ ਜਿਹੀ ਗੱਲ ਹੋ ਗਈ ਹੈ। ਅਸਲ ’ਚ ਬੇਰੁਜ਼ਗਾਰੀ ਤੇ ਨਸ਼ਿਆਂ ਨੇ ਨੌਜਵਾਨਾਂ ਨੂੰ ਗ਼ਲਤ ਕੰਮਾਂ ਵਾਲੇ ਪਾਸੇ ਧੱਕਣ ਦਾ ਕੰਮ ਕੀਤਾ ਹੈ। ਜੇਲ੍ਹਾਂ ’ਚ ਵੀ ਸਹੂਲਤਾਂ ਜ਼ਰੂਰੀ ਹਨ ਪਰ ਜਿਵੇਂ ਜੇਲ੍ਹਾਂ ਭਰੀਆਂ ਹੋਈਆਂ ਹਨ, ਉਸ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕਈ ਵਾਰ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਕੈਦੀਆਂ ਨੂੰ ਨਹੀਂ ਛੱਡਿਆ ਜਾਂਦਾ। ਕਈ ਵਾਰ ਛੋਟੇ ਅਪਰਾਧ ’ਚ ਜੇਲ੍ਹ ਗਿਆ ਬੰਦਾ ਹੋਰ ਵਿਗੜ ਕੇ ਬਾਹਰ ਆਉਂਦਾ ਹੈ। ਭਾਵੇਂ ਜੇਲ੍ਹਾਂ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ ਪਰ ਜੇਲ੍ਹ ਵਿਚ ਜਾਣ ਦੀ ਨੌਬਤ ਹੀ ਨਾ ਆਵੇ, ਇਸ ਤਰ੍ਹਾਂ ਦਾ ਮਾਹੌਲ ਸਮਾਜ ਵਿਚ ਹੋਣਾ ਚਾਹੀਦਾ ਹੈ। ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਵਧੀਆ ਤੇ ਮਿਆਰੀ ਸਿੱਖਿਆ ਹਰ ਕਿਸੇ ਨੂੰ ਦੇਵੇ। ਸਰਕਾਰਾਂ ਨੂੰ ਮੁਫ਼ਤ ਮਿਆਰੀ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀ ਗਾਰੰਟੀ ਦੇਣੀ ਚਾਹੀਦੀ ਹੈ। ਇਸ ਨਾਲ ਜੇਲ੍ਹਾਂ ਵੱਡੀਆਂ ਬਣਾਉਣ ’ਤੇ ਵਧੇਰੇ ਪੈਸੇ ਖ਼ਰਚਣ ਦੀ ਲੋੜ ਹੀ ਨਹੀਂ ਪਵੇਗੀ।
-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ। ਮੋਬਾਈਲ : 98150-30221