ਪਦਮ ਪੁਰਸਕਾਰ ਤਿੰਨ ਵਰਗਾਂ (ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ) ਵਿਚ ਦਿੱਤੇ ਜਾਣ ਵਾਲੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਹਨ। ਇਹ ਪੁਰਸਕਾਰ ਕਲਾ, ਸਮਾਜਿਕ ਕਾਰਜ, ਜਨਤਕ ਮਾਮਲਿਆਂ, ਵਿਗਿਆਨ ਅਤੇ ਇੰਜੀਨੀਅਰਿੰਗ, ਦਵਾਈ, ਵਪਾਰ ਅਤੇ ਉਦਯੋਗ, ਖੇਡਾਂ ਅਤੇ ਹੋਰ ਗਤੀਵਿਧੀਆਂ ਦੇ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਅਣਗਿਣਤ ਨਾਇਕਾਂ ਦੁਆਰਾ ਕੀਤੇ ਗਏ ਕੰਮਾਂ ਨੂੰ ਪਛਾਣਨ ਲਈ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਜਾਂ ਤਾਂ ਉੱਚ ਪੱਧਰਾਂ ਨੂੰ ਸਥਾਪਤ ਕੀਤਾ ਹੈ ਅਤੇ ਵਿਲੱਖਣ ਸੇਵਾ ਪ੍ਰਦਾਨ ਕੀਤੀ ਹੈ ਜਾਂ ਸਬੰਧਤ ਖੇਤਰਾਂ, ਸਮਾਜ ਜਾਂ ਰਾਸ਼ਟਰ ਦੀ ਭਲਾਈ ਲਈ ਅਸਾਧਾਰਨ ਯੋਗਦਾਨ ਪਾਇਆ ਹੈ।
ਰਾਸ਼ਟਰਪਤੀ ਵੱਲੋਂ ਗਣਤੰਤਰ ਦਿਵਸ ’ਤੇ 6 ਪਦਮ ਵਿਭੂਸ਼ਣ, 9 ਪਦਮ ਭੂਸ਼ਣ ਅਤੇ 91 ਪਦਮਸ਼੍ਰੀ ਸਮੇਤ ਕੁੱਲ ਐਲਾਨੇ 106 ਪਦਮ ਪੁਰਸਕਾਰ ਜੇਤੂਆਂ ਵਿੱਚੋਂ 26 ਵਿਅਕਤੀ ਅਜਿਹੇ ਹਨ ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿਚ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਅਣਗੌਲੇ ਯੋਧਿਆਂ ਦਾ ਜੀਵਨ ਨੌਜਵਾਨ ਪੀੜ੍ਹੀ ਲਈ ਸੱਚਮੁੱਚ ਪ੍ਰੇਰਨਾਦਾਇਕ ਹੈ। ਸੰਨ 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਉੱਚ ਨਾਗਰਿਕ ਪੁਰਸਕਾਰਾਂ ਦੀ ਲਾਬੀ-ਆਧਾਰਤ ਗ੍ਰਾਂਟ ਨੂੰ ਦੇਸ਼ ਵਿਆਪੀ ਭਾਗੀਦਾਰੀ ਚੋਣ ਪ੍ਰਕਿਰਿਆ ਵਿਚ ਬਦਲਣ ਦਾ ਫ਼ੈਸਲਾ ਲਿਆ।
ਹੁਣ ਇਹ ਐਵਾਰਡ ਸਿਰਫ਼ ਮੰਤਰੀਆਂ ਜਾਂ ਸਿਆਸੀ ਪ੍ਰਭਾਵ ਵਾਲੇ ਵਿਅਕਤੀਆਂ ਦੀਆਂ ਸਿਫ਼ਾਰਸ਼ਾਂ ’ਤੇ ਹੀ ਨਹੀਂ ਦਿੱਤੇ ਜਾਂਦੇ ਬਲਕਿ ਜ਼ਮੀਨੀ ਪੱਧਰ ਦੇ ਵਿਅਕਤੀਆਂ ਨੂੰ ਵੀ ਦਿੱਤੇ ਜਾਂਦੇ ਹਨ। ਸੰਨ 2014 ਤੋਂ ਪਹਿਲਾਂ ਝਾਤੀ ਮਾਰੀਏ ਤਾਂ ਇਹ ਐਵਾਰਡ ਦੇਣ ਦੇ ਨਿਯਮ ਵੱਖਰੇ ਸਨ। ਨਵੀਂ ਨੀਤੀ ਤਹਿਤ ਪਿਛਲੇ 9 ਸਾਲਾਂ ਦੌਰਾਨ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਲੋਕਾਂ ਨੂੰ ਪਦਮ ਪੁਰਸਕਾਰਾਂ ਦੀ ਵੰਡ ਜ਼ਿਆਦਾ ਕੀਤੀ ਗਈ ਜਿਸ ਕਾਰਨ ਵਾਣੀ ਜੈਰਾਮ, ਕਪਿਲ ਕਪੂਰ, ਭੀਕੂ ਰਾਮਜੀ ਇਦਾਤੇ, ਹੀਰਾਬਾਈ ਲੋਬੀ, ਰਮੇਸ਼ ਪਤੰਗੇ, ਲਕਸ਼ਮਣ ਸਿੰਘ, ਸਵਾਮੀ ਚਿੰਨਾ ਜੀਅਰ, ਮੰਗਲਾ ਕਾਂਤੀ ਰਾਏ ਅਤੇ ਗੁਲਾਮ ਮੁਹੰਮਦ ਜ਼ਜ਼ ਵਰਗੇ ਅਨਜਾਣ ਚਿਹਰਿਆਂ ਨੂੰ ਪਦਮ ਪੁਰਸਕਾਰਾਂ ਲਈ ਚੁਣਿਆ ਗਿਆ ਹੈ।
ਸੰਨ 2014 ਤੋਂ ਬਾਅਦ ਪਦਮ ਪੁਰਸਕਾਰਾਂ ਵਿਚ ਔਰਤਾਂ ਦੀ ਭਾਗੀਦਾਰੀ ਵਧੀ ਹੈ ਕਿਉਂਕਿ ਪਿਛਲੀ ਸਰਕਾਰ ਦੇ 10 ਸਾਲਾਂ ਦੌਰਾਨ 19% ਮਹਿਲਾਵਾਂ ਨੂੰ ਇਹ ਪੁਰਸਕਾਰ ਦਿੱਤੇ ਗਏ ਸਨ। ਜਦਕਿ ਮੋਦੀ ਸਰਕਾਰ ਦੇ ਅਗਲੇ 10 ਸਾਲਾਂ ਦੌਰਾਨ 21% ਪਦਮ ਪੁਰਸਕਾਰ ਵੱਖ-ਵੱਖ ਸ਼ੇ੍ਰਣੀਆਂ ਵਿਚ ਔਰਤਾਂ ਨੂੰ ਪ੍ਰਦਾਨ ਕੀਤੇ ਗਏ ਸਨ। ਮਾਣ ਵਾਲੀ ਗੱਲ ਇਹ ਹੈ ਕਿ 2022 ਵਿਚ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਔਰਤਾਂ ਦੀ ਸਭ ਤੋਂ ਵੱਧ ਗਿਣਤੀ ਵੀ ਮੋਦੀ ਸਰਕਾਰ ਵੇਲੇ ਸੀ। ਸੰਨ 2022 ਵਿਚ ਕੁੱਲ 34 ਔਰਤਾਂ ਨੂੰ ਪੁਰਸਕਾਰ ਦਿੱਤੇ ਗਏ ਸਨ। ਸੰਨ 2014 ਤੋਂ ਬਾਅਦ ਪਦਮ ਪੁਰਸਕਾਰਾਂ ਦੀ ਸੂਚੀ ਵਿਚ ਕੁਝ ਅਨਜਾਣ ਚਿਹਰੇ ਅਤੇ ਆਮ ਲੋਕ ਵੇਖਣ ਨੂੰ ਮਿਲੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਦਮ ਪੁਰਸਕਾਰਾਂ ਰਾਹੀਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਗੁਮਨਾਮ ਨਾਇਕਾਂ ਦੁਆਰਾ ਕੀਤੇ ਗਏ ਯਤਨਾਂ ਨੂੰ ਮਾਨਤਾ ਦੇਣ ’ਤੇ ਜ਼ੋਰ ਦਿੱਤਾ ਹੈ।
ਇਹ ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ 2004-2014 ਦੌਰਾਨ ਕੁੱਲ 162 ਅਣਗੌਲੇ ਨਾਇਕਾਂ ਨੂੰ ਸਨਮਾਨਤ ਕੀਤਾ ਗਿਆ ਸੀ ਜਦੋਂਕਿ 2014-2023 ਦੌਰਾਨ 188 ਤੋਂ ਵੱਧ ਅਜਿਹੇ ਨਾਇਕਾਂ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ ਜੋ ਪਿਛਲੇ ਨੌਂ ਸਾਲਾਂ ਦੌਰਾਨ ਦਿੱਤੇ ਗਏ ਪੁਰਸਕਾਰਾਂ ਦੀ ਕੁੱਲ ਸੰਖਿਆ ਦਾ 19% ਹੈ। ਆਂਧਰ ਪ੍ਰਦੇਸ਼ ਦੇ ਰਹਿਣ ਵਾਲੇ 99 ਸਾਲਾ ਡਾ. ਸੰਕੁਰਥਰੀ ਚੰਦਰਸ਼ੇਖਰ ਨੂੰ ਇਸ ਸਾਲ 3 ਲੱਖ ਤੋਂ ਵੱਧ ਅੱਖਾਂ ਦੇ ਮਰੀਜ਼ਾਂ ਦੇ ਇਲਾਜ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਪਦਮਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਹੈ।
ਇਨ੍ਹਾਂ ਵਿੱਚੋਂ ਲਗਪਗ 90% ਮਰੀਜ਼ਾਂ ਦੇ ਆਪ੍ਰੇਸ਼ਨ ਉਨ੍ਹਾਂ ਨੇ ਮੁਫ਼ਤ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗ ਦੇ 3500 ਤੋਂ ਵੱਧ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ। ਸੰਨ 1985 ਦੇ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਵਿਚ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਨੇ ਜੀਵਨ ਭਰ ਸਮਾਜ ਦੀ ਸੇਵਾ ਕਰਨ ਦਾ ਪ੍ਰਣ ਲਿਆ ਸੀ। ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਰਹਿਣ ਵਾਲੇ ਮੁਨੀਸ਼ਵਰ ਚੰਦਾਵਰ ਨੂੰ ਵੀ ਇਸ ਸਾਲ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਸਾਲ 1971 ਦੀ ਜੰਗ ਦੇ ਯੋਧਾ ਹਨ ਜੋ ਪਿਛਲੇ ਪੰਜ ਦਹਾਕਿਆਂ ਤੋਂ ਸਮਾਜ ਦੇ ਗ਼ਰੀਬ ਅਤੇ ਕਮਜ਼ੋਰ ਵਰਗ ਦਾ ਨਿਰਸਵਾਰਥ ਇਲਾਜ ਕਰ ਰਹੇ ਹਨ। ਫਾਦਰ ਆਫ ਆਰਗੈਨਿਕ ਫਾਰਮਿੰਗ ਵਜੋਂ ਜਾਣੇ ਜਾਂਦੇ ਤੁਲਾਰਾਮ ਉਪਰੇਤੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਸਿੱਕਿਮ ਦੇ ਰਹਿਣ ਵਾਲੇ 98 ਸਾਲਾ ਤੁਲਾਰਾਮ ਇਕ ਅਜਿਹੇ ਕਿਸਾਨ ਹਨ ਜਿਨ੍ਹਾਂ ਨੇ ਨਾ ਸਿਰਫ਼ ਖਾਦਾਂ ਦੀ ਵਰਤੋਂ ਕੀਤੇ ਬਿਨਾਂ ਖੇਤੀ ਦੇ ਇਕ ਸਵੈ-ਨਿਰਭਰ ਮਾਡਲ ਨੂੰ ਅਪਣਾਇਆ ਸਗੋਂ ਰਾਜ ਦੇ ਹੋਰ ਕਿਸਾਨਾਂ ਨੂੰ ਵੀ ਰਸਾਇਣ ਆਧਾਰਤ ਖੇਤੀ ਮਾਡਲ ਨੂੰ ਛੱਡ ਕੇ ਕੁਦਰਤੀ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ। ਤੁਲਸੀ ਗੌੜਾ, ਜੋ ਕਰਨਾਟਕ ਦੇ ਹਲਕੀ ਆਦਿਵਾਸੀ ਕਬੀਲੇ ਨਾਲ ਸਬੰਧਤ ਹੈ, ਨੂੰ 2021 ਵਿਚ ਪਦਮਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।
ਬਹੱਤਰ ਸਾਲਾ ਗੌੜਾ ਨੇ ਕਦੇ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਪਰ ਪੌਦਿਆਂ ਅਤੇ ਜੜ੍ਹੀ-ਬੂਟੀਆਂ ਦੀਆਂ ਵਿਭਿੰਨ ਪ੍ਰਜਾਤੀਆਂ ਦੇ ਵਿਸ਼ਾਲ ਗਿਆਨ ਕਾਰਨ ਉਨ੍ਹਾਂ ਨੂੰ ਜੰਗਲ ਦਾ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ। ਬਾਰਾਂ ਸਾਲਾਂ ਦੀ ਉਮਰ ਤੋਂ ਲੈ ਕੇ ਹੁਣ ਤਕ ਉਨ੍ਹਾਂ ਨੇ ਹਜ਼ਾਰਾਂ ਰੁੱਖ ਲਗਾਏ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਹੈ। ਇਸ ਪੁਰਸਕਾਰ ਦੁਆਰਾ ਕੁਦਰਤ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਪਛਾਣ ਦਿੱਤੀ ਗਈ ਹੈ। ਕੇਰਲ ਦੇ ਵਾਇਨਾਡ ਦੇ ਚੇਰੂਵਯਲ ਰਮਨ ਨੂੰ ਉਨ੍ਹਾਂ ਦੀ ਵਿਲੱਖਣ ਕੋਸ਼ਿਸ਼ ਲਈ 2022 ਵਿਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।
ਉਹ ਆਦਿਵਾਸੀ ਕਬੀਲੇ ਨਾਲ ਸਬੰਧ ਰੱਖਦੇ ਹਨ। ਰਮਨ, ਜਿਨ੍ਹਾਂ ਨੂੰ ਕੇਰਲ ਵਿਚ ‘ਨੇਲਾਚਨ’ ਕਿਹਾ ਜਾਂਦਾ ਹੈ, ਸਵਦੇਸ਼ੀ ਗਿਆਨ ਦਾ ਇਕ ਜੀਵਤ ਭੰਡਾਰ ਹਨ। ਉਨ੍ਹਾਂ ਨੂੰ ਚਾਵਲ ਦੀਆਂ 50 ਤੋਂ ਵੱਧ ਸਥਾਨਕ ਕਿਸਮਾਂ ਨੂੰ ਸੁਰੱਖਿਅਤ ਰੱਖਣ ਦਾ ਸਿਹਰਾ ਵੀ ਜਾਂਦਾ ਹੈ। ਲੰਗਰ ਬਾਬਾ ਵਜੋਂ ਜਾਣੇ ਜਾਂਦੇ ਜਗਦੀਸ਼ ਲਾਲ ਅਹੂਜਾ ਨੂੰ ਦੁਰਲੱਭ ਪਰਉਪਕਾਰੀ ਲੋਕਾਂ ਵਿਚ ਗਿਣਿਆ ਜਾਂਦਾ ਹੈ। ਉਹ ਦੋ ਦਹਾਕਿਆਂ ਤੋਂ ਹਰ ਰੋਜ਼ ਪੀਜੀਆਈ ਚਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਮੁਫ਼ਤ ਲੰਗਰ ਛਕਾਉਂਦੇ ਸਨ। ਉਹ 2500 ਤੋਂ ਵੱਧ ਲੋਕਾਂ ਨੂੰ ਦਿਨ ਵਿਚ ਦੋ ਵਾਰ ਖਾਣਾ ਖੁਆਉਂਦੇ ਸਨ। ਸੰਨ 2020 ਵਿਚ ਪਦਮਸ਼੍ਰੀ ਨਾਲ ਸਨਮਾਨਤ ਜਗਦੀਸ਼ ਲਾਲ ਅਹੂਜਾ ਨੇ ਆਪਣੇ ਪਰਉਪਕਾਰੀ ਕੰਮ ਨੂੰ ਜਾਰੀ ਰੱਖਣ ਲਈ ਆਪਣੀਆਂ ਜਾਇਦਾਦਾਂ ਤਕ ਵੇਚ ਦਿੱਤੀਆਂ ਸਨ। ਜ਼ਿਕਰਯੋਗ ਹੈ ਕਿ ਪਦਮ ਪੁਰਸਕਾਰਾਂ ਨੂੰ ਛੱਡ ਕੇ ਦੁਨੀਆ ਵਿਚ ਕੋਈ ਵੀ ਅਜਿਹਾ ਪੁਰਸਕਾਰ ਨਹੀਂ ਹੈ ਜੋ ਭੂਗੋਲ, ਭਾਈਚਾਰੇ, ਲਿੰਗ ਅਤੇ ਖੇਤਰ ਦੀ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੋਵੇ ਅਤੇ ਸਨਮਾਨ ਕਰਦਾ ਹੋਵੇ। ਇਸ ਲਈ ਸਮਾਂ ਆ ਗਿਆ ਹੈ ਕਿ ਪਦਮ ਪੁਰਸਕਾਰਾਂ ਦੀ ਪਹੁੰਚ ਨੂੰ ਵਿਸ਼ਾਲ ਕੀਤਾ ਜਾਵੇ ਅਤੇ ਇਸ ਨੂੰ ਵਿਸ਼ਵ ਪੱਧਰ ’ਤੇ ਲਿਜਾਇਆ ਜਾਵੇ।
-ਸਤਨਾਮ ਸਿੰਘ ਸੰਧੂ
-(ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ)।