ਪਿਆਰੇ ਸ਼ਿਵ! ਤੇਰੀਆਂ ਕਵਿਤਾਵਾਂ ਹੀ ਐਨੀਆਂ ਪਿਆਰੀਆਂ ਨੇ ਕਿ ਮੱਲੋਮੱਲੀ ਤੈਨੂੰ ‘ਪਿਆਰੇ’ ਲਿਖਿਆ ਗਿਆ। ਉਂਜ ਤਾਂ ਮੈਨੂੰ ਤੇਰੇ ਨਾਲ ਬਹੁਤ ਸ਼ਿਕਵੇ ਹਨ। ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਲਿਖ ਕੇ ਤੂੰ ਬਹੁਤ ਰੂਹਾਂ ਕਲਪਾ ਗਿਆ ਏਂ :
‘‘ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ’’
ਲਿਖ ਕੇ ਵੀ ਤੂੰ ਲੋਕਾਂ ਨੂੰ ਭਰਮਾ ਗਿਆ ਏਂ। ਕਈ ਬਿਰਹਾ ਮਾਰੇ ਜੋਬਨ ਰੁੱਤੇ ਫੁੱਲ ਜਾਂ ਤਾਰਾ ਬਣਨ ਦੇ ਭਰਮ ਵਿਚ ਡੁੱਬੇ ਚਾਅ ਨਾਲ ਜੋਬਨ ਰੁੱਤੇ ਤੁਰ ਵੀ ਗਏ ਹੋਣਗੇ ਜਾਂ ਸ਼ਾਇਦ ਇਹ ਮੇਰੀ ਹੀ ਖਾਮ-ਖ਼ਿਆਲੀ ਹੈ। ਅਕਤੂਬਰ 1982 ਵਿਚ ਦੀਵਾਲੀ ਵਾਲੇ ਦਿਨ ਮੇਰਾ ਵੱਡਾ ਭਰਾ ਪੈਂਤੀਆਂ ਸਾਲਾਂ ਦੀ ਜੋਬਨ ਰੁੱਤੇ ਬੱਸ ਹਾਦਸੇ ਵਿਚ ਦੁਨੀਆ ਤੋਂ ਤੁਰ ਗਿਆ ਸੀ। ਭਰੀ ਬੱਸ ਨਹਿਰ ਵਿਚ ਜਾ ਡਿੱਗੀ ਸੀ ਤੇ ‘ਜੋਬਨ ਰੁੱਤੇ’ ਤੁਰ ਜਾਣ ਦਾ ਸੱਲ ਅਜੇ ਵੀ ਹਰਾ ਹੈ। ਜਿਸ ਨੂੰ ਸ਼ਿਵ ਨੇ ਮੁਹੱਬਤ ਕੀਤੀ , ਉਸ ਦੇ ਦਿਲ ਵਿਚ ਵਸਦੀ ਰਹੀ ਪਰ ਉਹ ਜਾਤ-ਪਾਤ ਦੀ ਦੀਵਾਰ ਕਾਰਨ ਉਸ ਦੇ ਘਰ ਨਾ ਵਸ ਸਕੀ। ਸ਼ਿਵ! ਕਿਤੇ ਅੰਦਰਖਾਤੇ ਮੈਨੂੰ ਤੇਰੇ ਨਾਲ ਬੜਾ ਹੀ ਗਿਲਾ ਸੀ। ਉਹ ਰੋਸ ਅੱਜ ਅੱਖਰਾਂ ਵਿਚ ਢਲ ਗਿਆ ਹੈ।
ਮੈਨੂੰ ਲੱਗਦਾ ਹੈ ਕਿ ਮੇਰੇ ਇਨ੍ਹਾਂ ਗਿਲੇ-ਸ਼ਿਕਵਿਆਂ ਨਾਲ ਪਲ ਭਰ ਤੇਰੀ ਰੂਹ ਵੀ ਝੰਜੋੜੀ ਜਾਵੇਗੀ ਜਦੋਂ ਤੈਨੂੰ ਪਤਾ ਲੱਗੇਗਾ ਕਿ ਮੇਰੀ ਜ਼ਿੰਦਗੀ ’ਚ ਫਿਰ ਉਹੀ ਮਨਹੂਸ ਕਹਾਣੀ ਦੁਹਰਾਈ ਗਈ। ਮੇਰਾ ਇਕਲੌਤਾ ਪੁੱਤਰ ਵੀ 4 ਅਪ੍ਰੈਲ 2005 ਨੂੰ ਕਾਰ ਹਾਦਸੇ ਵਿਚ ਇਕੱਤੀਆਂ ਸਾਲਾਂ ਦੀ ਜੋਬਨ ਰੁੱਤੇ ਫੁੱਲ ਜਾਂ ਤਾਰਾ ਬਣਨ ਲਈ ਇਸ ਦੁਨੀਆ ਤੋਂ ਸਦਾ ਲਈ ਤੁਰ ਗਿਆ! ਪੰਜਾਂ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਉਹ ਮੇਰੀ ਗੋਦ ਆਇਆ ਸੀ ਪਰ ਵਿਛੜਨ ਲੱਗਿਆਂ ਪੰਜ ਘੰਟੇ ਵੀ ਨਾ ਲਾਏ। ਇਕ-ਡੇਢ ਘੰਟੇ ਦੇ ਅੰਦਰ ਉਹ ਆਪਣੇ ਬਦਨਸੀਬ ਬਾਪ ਦੇ ਹੱਥੋਂ ਬਾਂਹ ਛੁਡਾ ਗਿਆ ਜੋ ਉਸ ਨੇ ਆਪਣੇ ਰਾਜੇ ਪੁੱਤਰ ਦੀ ਨਬਜ਼ ’ਤੇ ਹੱਥ ਰੱਖ ਕੇ ਆਪਣੀ ਹਿੱਕ ਨਾਲ ਘੁੱਟੀ ਹੋਈ ਸੀ।
ਅਸੀਂ ਪਤੀ-ਪਤਨੀ, ਉਸ ਦੀ ਪਤਨੀ, ਦੂਜੀ ਭੈਣ -ਭਣੋਈਆ ਤੇ ਡਾਕਟਰ ਕੁਝ ਵੀ ਨਾ ਕਰ ਸਕੇ। ਉਹ ਤਾਂ ਜਿਵੇਂ ਬਸ ਜਾਂਦੇ ਰਾਹੀਆਂ ਨਾਲ ਰਲ ਗਿਆ। ਅਜਿਹਾ ਘਰੋਂ ਗਿਆ ਕਿ ਮੁੜ ਉਸ ਛੇ ਫੁੱਟ ਉੱਚੇ ਲੰਬੇ ਤਕੜੇ ਗੱਭਰੂ ਨੂੰ ਜਿਹੜਾ ਨਾਭੀ ਪੱਗ ਬੰਨ੍ਹ ਕੇ ਸਜ-ਧਜ ਕੇ ਘਰੋਂ ਗਿਆ ਸੀ, ਹਸਪਤਾਲ ਦੀ ਐਂਬੂਲੈਂਸ ਚਿੱਟੇ ਕੱਪੜੇ ਵਿਚ ਲਪੇਟ ਕੇ ਘਰ ਲਿਆਈ! ਅਜੇ ਸਵਾ ਤਿੰਨ ਸਾਲ ਪਹਿਲਾਂ ਜਿਹੜੇ ਮਾਮਿਆਂ ਨੇ ਉਸ ਦੇ ਵਿਆਹ ਦਾ ਸ਼ਗਨਾਂ ਦਾ ਜੋੜਾ ਖ਼ਰੀਦ ਕੇ ਲਿਆਂਦਾ ਸੀ, ਉਸੇ ਭਾਣਜੇ ਲਈ ਸਫ਼ੇਦ ਕੱਫਣ ਖ਼ਰੀਦਣ ਲੱਗਿਆਂ ਉਨ੍ਹਾਂ ਦੇ ਕਾਲਜੇ ਲੀਰੋ-ਲੀਰ ਹੋ ਗਏ। ਮਾਂ-ਬਾਪ, ਛੋਟੀਆਂ ਭੈਣਾਂ ਤੇ ਸ਼ਗਨਾਂ ਦੇ ਜੋੜੇ ਦੇਣ ਵਾਲੇ ਕੁਝ ਨਾ ਕਰ ਸਕੇ। ਬੇਵੱਸ ਹੋਏ ਟੁੱਟ ਕੇ ਰਹਿ ਗਏ। ਜਿਸ ਨੂੰ ਤੇਰੇ ਵਰਗੇ ਮੁਹੱਬਤੀ ਜਿਊੜੇ ਨੇ ਬਹੁਤ ਸ਼ਿੱਦਤ ਨਾਲ ਮੁਹੱਬਤ ਕੀਤੀ, ਰੁਸਵਾਈਆਂ ਤੇ ਕਠਿਨਾਈਆਂ ਝੱਲ ਕੇ ਉਸ ਨਾਲ ਵਿਆਹ ਕਰਵਾਇਆ, ਉਸ ਨੂੰ ਕੇਵਲ ਸਤਾਈਆਂ ਸਾਲਾਂ ਦੀ ਜੋਬਨ ਰੁੱਤੇ ਬੁੱਢੀ ਕਰ ਗਿਆ। ਕੁੱਲ ਸਵਾ ਤਿੰਨ ਸਾਲ ਸੁਪਨੇ ਵਾਂਗ ਉਸ ਨਾਲ ਬਿਤਾ ਗਿਆ। ਸ਼ਿਵ! ਲਿਖਦਿਆਂ ਕਲਮ ਵੀ ਕੰਬਦੀ ਹੈ ਅਤੇ ਕਲੇਜਾ ਵੀ। ਆਪਣੇ ਦੋ ਸਾਲਾਂ ਦੇ ਪੂਨਮ ਦੇ ਚੰਨ ਵਰਗੇ ਪੁੱਤਰ ਤੇ ਸੱਤਾਂ ਮਹੀਨਿਆਂ ਦੀ ਅੱਧ ਖਿੜੇ ਗੁਲਾਬ ਵਰਗੀ ਧੀ ਨੂੰ ਬੇਵਸ ਦੇਖਦਾ ਛੱਡ ਗਿਆ।
ਸ਼ਿਵ! ਉਹ ਆਸ਼ਕ ਤਾਂ ਜ਼ਰੂਰ ਸੀ, ਪੱਕਾ ਤੇ ਸਿਦਕਵਾਨ ਸੱਚਾ ਆਸ਼ਕ ਜਿਸ ਨੇ ਦੁਨੀਆ ਦੀ ਪਰਵਾਹ ਨਾ ਕੀਤੀ ਤੇ ਲਾ ਕੇ ਤੋੜ ਨਿਭਾਈਆਂ ਪਰ ਮੈਂ ਤੈਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹ ਕਰਮਾਂ ਵਾਲਾ ਕਿਵੇਂ ਹੋਇਆ? ਉਸ ਵਰਗੇ ਮਾੜੇ ਕਰਮਾਂ ਵਾਲਾ ਕੌਣ ਹੋਵੇਗਾ? ਮੈਂ ਤਾਂ ਉਹਨੂੰ ਬਿਰਹੜੇ ਨਹੀਂ ਲਿਖਣ ਦਿੱਤੇ। ਉਸ ਦੇ ਦਿਲ ਵਿਚ ਵਸਣ ਵਾਲੀ ਆਪਣੇ- ਪਰਾਇਆਂ ਨਾਲ ਟੱਕਰ ਲੈ ਕੇ ਉਹਦੇ ਘਰ ਵੀ ਲਿਆ ਵਸਾਈ। ਪਰ ਉਹ ਤੁਰ ਗਿਆ ਤੇਰੇ ਅਨੁਸਾਰ ਫੁੱਲ ਜਾਂ ਤਾਰਾ ਬਣਨ ਲਈ ਪਰ ਸਾਡਾ ਹੱਸਦਾ-ਵਸਦਾ ਘਰ ਉਸ ਬਿਨਾਂ ਵੀਰਾਨ ਹੋ ਗਿਆ। ਉਸ ਦੀ ਇਕੱਲੀ ਰਹਿ ਗਈ ਸਾਥਣ ਜਿਸ ਨੂੰ ਉਹ ਮੌਤ ਦਾ ਹਰਾਇਆ ਜੀਵਨ ਦੇ ਸਫ਼ਰ ਵਿਚ ਮਜਬੂਰਨ ਅੱਧਵਾਟੇ ਛੱਡ ਗਿਆ, ਉਸ ਨੂੰ ਤੇ ਉਸ ਦੇ ਮਾਸੂਮ ਬੱਚਿਆਂ ਨੂੰ ਰੋਂਦੇ ਮੈਂ ਅਭਾਗੀ ਮਾਂ ਕਿਵੇਂ ਜਰਾਂ?
ਸ਼ਿਵ! ਮੈਨੂੰ ਦੱਸ ਮੇਰਾ ਕੜੀ ਵਰਗਾ ਗੱਭਰੂ ਤੇ ਸ਼ੌਕੀਨ ਪੁੱਤ ਕਿਸ ਬਾਗ ਜਾਂ ਜੰਗਲ ਵਿਚ ਫੁੱਲ ਬਣ ਕੇ ਖਿੜਿਆ ਹੋਇਆ ਹੈ? ਤਾਂ ਜੋ ਉਸ ਨੂੰ ਘੁੱਟ ਕੇ ਕਲੇਜੇ ਨਾਲ ਲਾ ਸਕਾਂ ਭਾਵੇਂ ਲੱਖਾਂ ਕੰਡੇ ਮੇਰੇ ਸੀਨੇ ਵਿਚ ਪੁੜ ਜਾਣ। ਮੈਂ ਕਾਲੇ ਪਾਣੀਆਂ ਦੀ ਸਜ਼ਾ ਵਰਗੀ ਆਪਣੀ ਜ਼ਿੰਦਗੀ ਉਸ ਕੋਲ ਧੁੱਪਾਂ-ਛਾਵਾਂ, ਗਰਮੀਆਂ-ਸਰਦੀਆਂ ’ਚ ਬੈਠ ਕੇ ਬਿਤਾ ਦੇਵਾਂ। ਮੈਂ ਕਰਮਾਂ ਮਾਰੀ ਮਾਂ ਜੋ ਬੇਹੋਸ਼ੀ ਕਾਰਨ ਜਾਂਦੇ ਪੁੱਤ ਨੂੰ ਦੇਖ ਨਾ ਸਕੀ, ਵਿਦਾ ਨਾ ਕਰ ਸਕੀ ਅਤੇ ਵੈਣ ਨਾ ਪਾ ਸਕੀ। ਸਾਰੀ-ਸਾਰੀ ਰਾਤ ਨੀਂਦ ਨੈਣਾਂ ਦੇ ਬੂਹੇ ’ਤੇ ਨਹੀਂ ਆਉਂਦੀ। ਮੈਂ ਉਸ ਦੀ ਉਡੀਕ ਵਿਚ ਇਹ ਬੂਹੇ ਢੋਅ ਵੀ ਨਹੀਂ ਸਕਦੀ। ਮੈਂ ਤਾਂ ਤਾਰਿਆਂ ’ਚੋਂ ਆਪਣੇ ਰਾਜੇ ਪੁੱਤ ਨੂੰ ਲੱਭਦਿਆਂ ਰਾਤ ਗੁਜ਼ਾਰ ਦਿੰਦੀ ਹਾਂ ਭਾਵੇਂ ਮੈਂ ਜਾਣਦੀ ਹਾਂ ਕਿ ਉਹਨੇ ਕਦੇ ਨਹੀਂ ਲੱਭਣਾ। ਕਿਹਾ ਜਾਂਦਾ ਹੈ ਕਿ ਮੁਹੱਬਤ ਅੰਨ੍ਹੀ ਹੁੰਦੀ ਹੈ ਤੇ ਸ਼ਿਵ! ਮਮਤਾ ਵੀ ਤਾਂ ਅੰਨ੍ਹੀ ਹੀ ਹੁੰਦੀ ਹੈ। ਬਿਰਹੜੇ ਲਿਖਣ ਵਾਲਿਆ! ਇਕ ਸਵਾਲ ਹੋਰ ਪੁੱਛਣਾ ਹੈ ਜੋ ਵਾਰ-ਵਾਰ ਮੇਰੇ ਜ਼ਿਹਨ ਵਿਚ ਘੁੰਮਦਾ ਹੈ।
ਮੈਨੂੰ ਇਹ ਦੱਸ ਜਦੋਂ ਤੂੰ ਜੋਬਨ ਰੁੱਤੇ ਤੁਰ ਜਾਣ ਵਾਲਿਆਂ ਬਾਰੇ ਲਿਖਿਆ ਕਿ ਉਹ ਮਰ ਕੇ ਫੁੱਲ ਜਾਂ ਤਾਰਾ ਬਣ ਜਾਂਦੇ ਹਨ, ਤੂੰ ਇਹ ਕਿਉਂ ਨਹੀਂ ਲਿਖਿਆ ਕਿ ਉਨ੍ਹਾਂ ਦੀਆਂ ਮਾਵਾਂ ਮਰ ਕੇ ਕੀ ਬਣਨਗੀਆਂ? ਕਿਉਂਕਿ ਔਲਾਦ ਤਾਂ ਮਾਂ ਦੀ ਆਂਦਰ ਹੁੰਦੀ ਹੈ... ਉਸ ਦੇ ਜਿਗਰ ਦਾ ਟੁਕੜਾ ਹੁੰਦੀ ਹੈ! ਤੂੰ ਇਹੋ ਜਿਹਾ ਕੋਈ ਭਰਮ ਭੁਲੇਖਾ ਮਾਂ ਨੂੰ ਵੀ ਪਾ ਜਾਂਦਾ ਜਿਹੜੀ ਜਿਊਂਦੇ ਜੀਅ ਕਬਰ ਵਿਚ ਪੈ ਜਾਂਦੀ ਹੈ। ਮੈਨੂੰ ਤਾਂ ਲੱਗਦਾ ਹੈ ਕਿ ਜੋਬਨ ਰੁੱਤੇ ਤੁਰ ਜਾਣ ਵਾਲਿਆਂ ਦੀਆਂ ਮਾਵਾਂ ਦੀਆਂ ਰੂਹਾਂ ਵੀ ਭਟਕਦੀਆਂ ਰਹਿੰਦੀਆਂ ਹੋਣਗੀਆਂ।
ਉਹ ਮਾਵਾਂ ਸਦੈਵ ਕਾਲ ਲਈ ਵਿਛੜੇ ਆਪਣੇ ਧੀਆਂ-ਪੁੱਤਾਂ ਨੂੰ ਲੱਭਦੀਆਂ ਦਿਨ-ਰਾਤ ਭਟਕਦੀਆਂ ਹੋਣਗੀਆਂ। ਭਟਕਣ ਦੀ ਇਸ ਜੂਨ ’ਚੋਂ ਕਦੇ ਵੀ ਉਨ੍ਹਾਂ ਦੀ ਮੁਕਤੀ ਨਹੀਂ ਹੁੰਦੀ ਹੋਵੇਗੀ ਜਾਂ ਫਿਰ ਉਹ ਮਾਵਾਂ ਵਾ-ਵਰੋਲਾ ਬਣ ਜਾਂਦੀਆਂ ਹੋਣਗੀਆਂ ਕਿਉਂਕਿ ਵਾ-ਵਰੋਲਾ ਤਪਦੇ ਉਜਾੜ ਜਿਹੇ ਰਾਹਾਂ ’ਚ ਘੁੰਮਦਾ- ਘੁੰਮਦਾ ਖ਼ਤਮ ਹੋ ਜਾਂਦਾ ਹੈ। ਪਤਾ ਨਹੀਂ ਉਹ ਐਨੀ ਬੇਚੈਨੀ ਤੇ ਬੇਕਰਾਰੀ ਨਾਲ ਕੀ ਲੱਭਦਾ ਹੈ?
ਪਿਆਰੇ ਸ਼ਿਵ! ਫਿਰ ਮੱਲੋਮੱਲੀ ਤੈਨੂੰ ਪਿਆਰੇ ਸ਼ਿਵ ਲਿਖਿਆ ਗਿਆ। ਜੋਬਨ ਰੁੱਤੇ ਤੁਰ ਜਾਣ ਵਾਲਿਆ! ਤੇਰੀਆਂ ਨਜ਼ਮਾਂ ਹੀ ਐਨੀਆਂ ਪਿਆਰੀਆਂ ਨੇ ਕਿ ਤੇਰੇ ’ਤੇ ਨਾ ਚਾਹੁੰਦਿਆਂ ਵੀ ਪਿਆਰ ਆਉਂਦਾ ਹੈ। ਤੇਰੀ ਕਵਿਤਾ ਦੇ ਭੋਲੇ-ਭਾਲੇ ਬੋਲ ਚੇਤੇ ਆਉਂਦੇ ਨੇ ਜਿਹੜੇ ਤੂੰ ਮਾਂ ਨੂੰ ਸੰਬੋਧਨ ਕਰਦਿਆਂ ਲਿਖੇ ਨੇ :
ਮਾਏ ਨੀਂ ਮਾਏ! ਮੇਰੇ ਗੀਤਾਂ ਦੇ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ...।
ਅੱਗੇ ਜਾ ਕੇ ਲਿਖਦਾ ਏਂ :
ਅਜੇ ਤਾਂ ਮੈਂ ਬਾਲੜੀ, ਮੈਂ ਆਪੇ ਮੱਤਾਂ ਜੋਗੜੀ
ਮੱਤ ਕਿਹੜਾ ਏਸ ਨੂੰ ਦਵੇ...।
ਸ਼ਿਵ! ਮੈਂ ਜੋਬਨ ਰੁੱਤੇ ਤੁਰ ਜਾਣ ਵਾਲੇ ਪੁੱਤ ਦੀ ਵਿਜੋਗਣ ਮਾਂ ਤੈਨੂੰ ਇਕ ਮੱਤ ਦੇਵਾਂ? ਇਹ ਜਿਹੜੇ ਵਾ-ਵਰੋਲੇ ਹੁੰਦੇ ਨੇ ਮੇਰੇ ਜਾਂ ਮੇਰੇ ਵਰਗੀਆਂ ਜਿਊਂਦੀਆਂ ਜਾਂ ਮੋਈਆਂ ਮਾਵਾਂ ਦੀ ਭਟਕਦੀ ਰੂਹ ਹੁੰਦੇ ਨੇ। -ਮੋਬਾਈਲ : 98728- 98599
-ਪਰਮਜੀਤ ਕੌਰ ਸਰਹਿੰਦ
-response@jagran.com