ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੁੱਧਵਾਰ ਨੂੰ ਫਿਰੋਜ਼ਪੁਰ ਰੈਲੀ ਸੁਰੱਖਿਆ ਵਿਚ ਵੱਡੀ ਕੁਤਾਹੀ ਕਾਰਨ ਰੱਦ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਬਠਿੰਡਾ ਏਅਰਪੋਰਟ ਤੋਂ ਵਾਪਸ ਜਾਂਦੇ ਹੋਏ ਪੀਐੱਮ ਸੂਬੇ ਦੇ ਅਧਿਕਾਰੀਆਂ ਨੂੰ ਕਹਿ ਕੇ ਗਏ ਕਿ ‘‘ਆਪਣੇ ਸੀਐੱਮ ਨੂੰ ਧੰਨਵਾਦ ਕਹਿਣਾ, ਮੈਂ ਜ਼ਿੰਦਾ ਪਰਤ ਆਇਆ ਹਾਂ।’’ ਪ੍ਰਧਾਨ ਮੰਤਰੀ ਵੱਲੋਂ ਏਨੀ ਗੱਲ ਕਹਿ ਦੇਣਾ ਕੋਈ ਮਾਮੂਲੀ ਗੱਲ ਨਹੀਂ ਹੈ ਕਿਉਂਕਿ ਪੀਐੱਮ ਦੀ ਸੁਰੱਖਿਆ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਜਿਸ ਵਿਚ ਕੁਤਾਹੀ ਦੀ ਗੁੰਜਾਇਸ਼ ਕਿਸੇ ਵੀ ਤਰ੍ਹਾਂ ਬਰਦਾਸ਼ਤ ਕੀਤੀ ਹੀ ਨਹੀਂ ਜਾ ਸਕਦੀ। ਦੇਸ਼ ਵਿਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦੋਂ ਪ੍ਰਧਾਨ ਮੰਤਰੀ ਤੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਸੁਰੱਖਿਆ ਵਿਚ ਢਿੱਲ ਦਾ ਮੁਲਕ ਨੂੰ ਖਮਿਆਜ਼ਾ ਭੁਗਤਣਾ ਪਿਆ ਸੀ। ਇਸ ਦੇ ਬਾਵਜੂਦ ਅਜਿਹਾ ਹੋਣ ਨਾਲ ਸੂਬੇ ਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗਦੇ ਹਨ। ਇਸ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਸਿਆਸੀ ਭੂਚਾਲ ਆ ਗਿਆ ਹੈ। ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਉੱਥੇ ਸੁਖਬੀਰ ਬਾਦਲ ਨੇ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਜਮਹੂਰੀਅਤ ਵਿਚ ਅਜਿਹਾ ਹੋਣ ਦੀ ਨਿਖੇਧੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਤਾਬਕ ਪੀਐੱਮ ਦੀ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਹਿਮਾਨ ਨਿਵਾਜ਼ੀ ਲਈ ਦੁਨੀਆ ਭਰ ਵਿਚ ਮਕਬੂਲ ਹਨ ਤੇ ਸੂਬੇ ਵਿਚ ਤਸ਼ਰੀਫ਼ ਲਿਆਏ ਪ੍ਰਧਾਨ ਮੰਤਰੀ ਖ਼ਾਤਰ ਉਹ ਖ਼ੂਨ ਡੋਲ੍ਹਣ ਲਈ ਵੀ ਤਿਆਰ ਸਨ। ਭਾਜਪਾ ਆਗੂ ਮੁੱਖ ਮੰਤਰੀ ਦੇ ਅਜਿਹੇ ਤਰਕ ਨੂੰ ਅਹਿਮੀਅਤ ਨਹੀਂ ਦੇ ਰਹੇ। ਦਰਅਸਲ ਸਰਹੱਦੀ ਸੂਬੇ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਸੰਨ੍ਹ ਲੱਗਣੀ ਬੇਹੱਦ ਸ਼ਰਮਨਾਕ ਗੱਲ ਹੈ। ਸੁਰੱਖਿਆ ਵਿਚ ਅਜਿਹੀ ਕੁਤਾਹੀ ਨੂੰ ਲਾਪਰਵਾਹੀ ਦੇ ਨਾਲ-ਨਾਲ ਸਾਜ਼ਿਸ਼ ਨਾਲ ਵੀ ਜੋੜਿਆ ਜਾ ਰਿਹਾ ਹੈ। ਮੌਸਮ ਦਾ ਮਿਜ਼ਾਜ ਵਿਗੜਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਕਾਫ਼ਲੇ ਦਾ ਰੂਟ ਬਦਲਣ ਦੀ ਭਿਣਕ ਪ੍ਰਦਰਸ਼ਨਕਾਰੀਆਂ ਕੋਲ ਕਿਵੇਂ ਪੁੱਜ ਗਈ, ਇਹ ਆਪਣੇ-ਆਪ ਵਿਚ ਵੱਡਾ ਸਵਾਲ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ ਹੀ ਵਾਪਸ ਚਲੇ ਗਏ। ਤਿੰਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਅਤੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕੁਝ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਅਜਿਹੀ ਮੰਦਭਾਗੀ ਘਟਨਾ ਕਈ ਸਵਾਲ ਖੜ੍ਹੇ ਕਰਦੀ ਹੈ। ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ 15-20 ਮਿੰਟ ਰੁਕੇ ਰਹਿਣ ਲਈ ਮਜਬੂਰ ਕਰਨਾ ਉੱਚ-ਪੱਧਰੀ ਜਾਂਚ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਦੇ ਕਾਫ਼ਲੇ ਲਈ ਬਦਲਵੇਂ ਰੂਟ ਦਾ ਅਗਾਊਂ ਪ੍ਰਬੰਧ ਕਰਨਾ ਵੀ ਹੈਰਾਨੀਜਨਕ ਹੈ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਫਿਰੋਜ਼ਪੁਰ ਦੀ ਰੈਲੀ ਵਿਚ ਕਈ ਅਹਿਮ ਐਲਾਨ ਕਰ ਸਕਦੇ ਹਨ ਜਿਸ ਤੋਂ ਬਾਅਦ ਚੋਣਾਂ ਦੇ ਐਲਾਨ ਦੀ ਸੰਭਾਵਨਾ ਜਤਾਈ ਜਾ ਸਕਦੀ ਸੀ। ਅਫ਼ਸੋਸ! ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਐਲਾਨੇ ਜਾਣ ਵਾਲੇ ਸੰਭਾਵਿਤ ਤੋਹਫ਼ਿਆਂ ਤੋਂ ਵੀ ਪੰਜਾਬ ਵਿਰਵਾ ਹੋ ਗਿਆ ਹੈ। ਇਹ ਸਮਾਂ ਅਜਿਹੇ ਸੰਗੀਨ ਮੁੱਦੇ ’ਤੇ ਸਿਆਸਤ ਕਰਨ ਦਾ ਨਹੀਂ ਬਲਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਸੰਨ੍ਹ ਲਾਉਣ ਵਾਲਿਆਂ ਨੂੰ ਬੇਨਕਾਬ ਕਰਨ ਦਾ ਹੈ।