ਨਵੇਂ ਸਾਲ ਦੌਰਾਨ ਵੀ ਕੁਝ ਪੁਰਾਣੀਆਂ ਚੁਣੌਤੀਆਂ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹਿਣ ਵਾਲੀਆਂ ਹਨ, ਜਿਸ ਦਾ ਸਬੂਤ ਹੈ ਪਾਕਿਸਤਾਨ ਵੱਲੋਂ ਘੁਸਪੈਠ ਦੀ ਕੋਸ਼ਿਸ਼। ਸਾਲ ਦੇ ਪਹਿਲੇ ਹੀ ਦਿਨ ਪਾਕਿਸਤਾਨ ਬਾਰਡਰ ਐਕਸ਼ਨ ਟੀਮ ਦਾ ਇਕ ਅੱਤਵਾਦੀ ਕਸ਼ਮੀਰ ਵਿਚ ਘੁਸਪੈਠ ਦੀ ਕੋਸ਼ਿਸ਼ ਵਿਚ ਮਾਰਿਆ ਗਿਆ ਸੀ। ਉਸ ਕੋਲੋਂ ਏ.ਕੇ.-47 ਸਮੇਤ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਹੋਈ ਹੈ।
ਪਾਕਿਸਤਾਨ ਦੀ ਨਾਗਰਿਕਤਾ ਵਾਲੇ ਪਛਾਣ ਪੱਤਰ ਸਮੇਤ ਇਹ ਅੱਤਵਾਦੀ ਫ਼ੌਜ ਦੀ ਵਰਦੀ ਵਿਚ ਵੀ ਸੀ। ਸਾਫ਼ ਹੈ ਕਿ ਪਾਕਿਸਤਾਨੀ ਫ਼ੌਜ ਨੇ ਉਸ ਨੂੰ ਭੇਜਿਆ ਸੀ। ਘੁਸਪੈਠ ਦੀ ਇਸ ਕੋਸ਼ਿਸ਼ ਦੇ ਕੁਝ ਘੰਟੇ ਪਹਿਲਾਂ ਹੀ ਕੰਟਰੋਲ ਰੇਖਾ ’ਤੇ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਸ਼ੁਭਕਾਮਨਾਵਾਂ ਦਾ ਅਦਾਨ-ਪ੍ਰਦਾਨ ਹੋਇਆ ਸੀ। ਪਾਕਿਸਤਾਨੀ ਫ਼ੌਜੀਆਂ ਨੇ ਭਾਰਤੀ ਫ਼ੌਜੀਆਂ ਦੀਆਂ ਮੁਬਾਰਕਬਾਦਾਂ ਦਾ ਜਵਾਬ ਵੀ ਦਿੱਤਾ ਸੀ ਪਰ ਉਨ੍ਹਾਂ ਤੋਂ ਪਹਿਲਾਂ ਦੀ ਤਰ੍ਹਾਂ ਸਾਵਧਾਨ ਰਹਿਣ ਅਤੇ ਸਰਹੱਦ ’ਤੇ ਚੌਕਸੀ ਵਧਾਉਣ ਦੀ ਲੋੜ ਹੈ। ਇਹ ਜ਼ਰੂਰਤ ਇਸ ਲਈ ਹੋਰ ਵਧ ਗਈ ਹੈ ਕਿਉਂਕਿ ਇਸ ਦੇ ਕਿਤੇ ਕੋਈ ਸੰਕੇਤ ਨਹੀਂ ਦਿਸ ਰਹੇ ਹਨ ਕਿ ਪਾਕਿਸਤਾਨ ਭਾਰਤ ਵਿਚ ਅੱਤਵਾਦ ਫੈਲਾਉਣ ਅਤੇ ਆਪਣੇ ਇੱਥੇ ਸਿਖਲਾਈਯਾਫਤਾ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਤੋਂ ਬਾਜ਼ ਆਉਣ ਵਾਲਾ ਹੈ। ਘੁਸਪੈਠ ਦੀ ਤਾਜ਼ਾ ਕੋਸ਼ਿਸ਼ ਤਾਂ ਇਹੀ ਦੱਸ ਰਹੀ ਹੈ ਕਿ ਬਰਫ਼ਬਾਰੀ ਦੇ ਬਾਵਜੂਦ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਹੁੰਦੀ ਰਹੇਗੀ।
ਇਸ ਕੋਸ਼ਿਸ਼ ਨੂੰ ਹਰ ਹਾਲ ਵਿਚ ਨਾਕਾਮ ਕਰਨਾ ਹੋਵੇਗਾ ਕਿਉਂਕਿ ਪਾਕਿਸਤਾਨ ਇਸ ਤੋਂ ਬੇਚੈਨ ਨਜ਼ਰ ਆ ਰਿਹਾ ਹੈ ਕਿ ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਸਾਫ਼ ਹੈ ਕਿ ਪਾਕਿਸਤਾਨ ਨੇ ਕਾਰਗਿਲ ਦੀ ਮੂੰਹ-ਤੋੜ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ। ਇਕ ਅਜਿਹੇ ਸਮੇਂ ਜਦ ਜੰਮੂ-ਕਸ਼ਮੀਰ ਪੁਲਿਸ ਅਤੇ ਉੱਥੇ ਤਾਇਨਾਤ ਸੁਰੱਖਿਆ ਬਲ ਅੱਤਵਾਦੀਆਂ ਦੇ ਸਫ਼ਾਏ ਵਿਚ ਰੁੱਝੇ ਹੋਏ ਹਨ ਅਤੇ ਇਸ ਕਾਰਨ ਵਾਦੀ ਵਿਚ ਉਨ੍ਹਾਂ ਦੀ ਗਿਣਤੀ 200 ਤੋਂ ਵੀ ਘੱਟ ਰਹਿ ਗਈ ਹੈ, ਤਦ ਫਿਰ ਇਸ ਦੇ ਲਈ ਹਰ ਸੰਭਵ ਉਪਾਅ ਕਰਨੇ ਹੋਣਗੇ ਕਿ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਨਵੀਂ ਖੇਪ ਨਾ ਆ ਸਕੇ। ਇਹ ਵੀ ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਨੌਜਵਾਨ ਅੱਤਵਾਦੀ ਬਣਨ ਲਈ ਸਰਹੱਦ ਪਾਰ ਜਾਣ ਤੋਂ ਮੂੰਹ ਮੋੜ ਰਹੇ ਹਨ। ਇਹ ਇਕ ਸ਼ੁਭ ਸੰਕੇਤ ਹੈ ਪਰ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਉਨ੍ਹਾਂ ਨੂੰ ਉਕਸਾਉਣ ਅਤੇ ਭਰਮਾਉਣ ਦਾ ਕੰਮ ਅਜੇ ਵੀ ਜਾਰੀ ਹੈ। ਇਸ ਕੰਮ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਵੀ ਹੈ।
ਇਸ ਨੂੰ ਦੇਖਦੇ ਹੋਏ ਪਾਕਿਸਤਾਨ ਅਤੇ ਖ਼ਾਸ ਤੌਰ ’ਤੇ ਉਸ ਦੀ ਫ਼ੌਜ ਨੂੰ ਇਹ ਸੁਨੇਹਾ ਦੇਣਾ ਹੀ ਹੋਵੇਗਾ ਕਿ ਅੱਤਵਾਦੀਆਂ ਦੀ ਘੁਸਪੈਠ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਹੁਣ ਇਹ ਖ਼ਤਰਾ ਉੱਭਰ ਆਇਆ ਹੈ ਕਿ ਪਾਕਿਸਤਾਨੀ ਫ਼ੌਜ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰ ਸਕਦੀ ਹੈ। ਇਸ ਲਈ ਕਿਤੇ ਜ਼ਿਆਦਾ ਚੌਕਸੀ ਵਰਤਣ ਦੀ ਜ਼ਰੂਰਤ ਹੈ।
ਇਸੇ ਦੇ ਨਾਲ ਇਸ ’ਤੇ ਵੀ ਧਿਆਨ ਦੇਣਾ ਹੋਵੇਗਾ ਕਿ ਉਹ ਤਾਕਤਾਂ ਨਵੇਂ ਸਿਰੇ ਤੋਂ ਸਿਰ ਨਾ ਚੁੱਕ ਸਕਣ ਜੋ ਕਸ਼ਮੀਰ ਵਿਚ ਮਾਹੌਲ ਖ਼ਰਾਬ ਕਰਨ ਵਿਚ ਰੁੱਝੀਆਂ ਹੋਈਆਂ ਹਨ। ਇਨ੍ਹਾਂ ਤਾਕਤਾਂ ਦੇ ਨਾਲ-ਨਾਲ ਉਨ੍ਹਾਂ ਨੇਤਾਵਾਂ ’ਤੇ ਵੀ ਨਜ਼ਰ ਰੱਖਣੀ ਹੋਵੇਗੀ ਜੋ ਰਹਿ-ਰਹਿ ਕੇ ਪਾਕਿਸਤਾਨ ਦੀ ਜ਼ੁਬਾਨ ਬੋਲਣ ਲੱਗਦੇ ਹਨ। ਬੇਸ਼ੱਕ ਅਜਿਹੇ ਅਨਸਰਾਂ ਦੀ ਹਿਮਾਕਤ ਦਾ ਦਮਨ ਹੋਇਆ ਹੈ ਪਰ ਇਹ ਧਿਆਨ ਰਹੇ ਕਿ ਉਹ ਮੁਕੰਮਲ ਤੌਰ ’ਤੇ ਨਕਾਰਾ ਨਹੀਂ ਹੋਏ ਹਨ।