ਐਮੇਜ਼ੋਨ, ਗੂਗਲ, ਮਾਈਕ੍ਰੋਸਾਫਟ ਜਿਹੀਆਂ ਬਹੁਤ ਸਾਰੀਆਂ ਕੌਮਾਂਤਰੀ ਕੰਪਨੀਆਂ ਨੇ ਪਿਛਲੇ ਕੁਝ ਸਮੇਂ ਦੌਰਾਨ ਆਪੋ-ਆਪਣੇ ਮੁਲਾਜ਼ਮਾਂ ਦੀਆਂ ਛਾਂਟੀਆਂ ਕੀਤੀਆਂ ਹਨ ਜਿਸ ਕਾਰਨ ਅਮਰੀਕਾ ’ਚ ਆਈਟੀ ਖੇਤਰ ਨਾਲ ਜੁੜੇ ਅਨੇਕ ਪੰਜਾਬੀਆਂ ਸਮੇਤ ਹਜ਼ਾਰਾਂ ਭਾਰਤੀ ਪ੍ਰੋਫੈਸ਼ਨਲ ਕਾਮੇ ਬੇਰੁਜ਼ਗਾਰ ਹੋ ਕੇ ਰਹਿ ਗਏ ਹਨ। ਹੁਣ ਉਨ੍ਹਾਂ ਨੂੰ ਆਪਣੇ ਵਰਕ-ਵੀਜ਼ੇ ਦੀ ਨਿਸ਼ਚਤ ਮਿਆਦ ਦੇ ਅੰਦਰ-ਅੰਦਰ ਨਵੇਂ ਰੁਜ਼ਗਾਰ ਲੱਭਣ ਦੀ ਚਿੰਤਾ ਪਈ ਹੋਈ ਹੈ। ਜੇ ਉਨ੍ਹਾਂ ਨੂੰਕੰਮ ਨਹੀਂ ਮਿਲੇਗਾ ਤਾਂ ਉਨ੍ਹਾਂ ਨੂੰ ਭਾਰਤ ਪਰਤਣਾ ਪਵੇਗਾ ਜੋ ਹਾਲੇ ਕੋਈ ਵੀ ਮੁਲਾਜ਼ਮ ਨਹੀਂ ਚਾਹੁੰਦਾ। ਇਹ ਵੱਡੀ ਫ਼ਿਕਰਮੰਦੀ ਵਾਲਾ ਵਿਸ਼ਾ ਹੈ ਕਿਉਂਕਿ ਵੱਡੀਆਂ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਛਾਂਟੀ ਨੂੰ ਵੇਖ ਕੇ ਅਮਰੀਕਾ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਵੀ ਇਹ ਪ੍ਰਕਿਰਿਆ ਆਰੰਭ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਦਰਅਸਲ, ਨਵੇਂ ਵਰ੍ਹੇ 2023 ਦੇ ਆਰੰਭ ’ਚ ਹੀ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਹੁਣ ਵੱਡੀ ਆਰਥਿਕ ਮੰਦਹਾਲੀ ਸ਼ੁਰੂ ਹੋ ਰਹੀ ਹੈ। ਇਸ ਹਾਲਤ ’ਚ ਕੋਈ ਸਰਕਾਰ ਵੀ ਕੰਪਨੀਆਂ ਨੂੰ ਬੇਰੁਜ਼ਗਾਰ ਹੋਏ ਪੇਸ਼ੇਵਰਾਂ ਨੂੰ ਨੌਕਰੀਆਂ ’ਤੇ ਰੱਖਣ ਲਈ ਨਹੀਂ ਆਖ ਸਕਦੀ। ਇਸ ਕਾਰਨ ਵੀ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ‘ਵਾਸ਼ਿੰਗਟਨ ਪੋਸਟ’ ਦੀ ਇਕ ਰਿਪੋਰਟ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਦੌਰਾਨ ਇਕੱਲੇ ਅਮਰੀਕਾ ’ਚ ਹੀ ਦੋ ਲੱਖ ਆਈਟੀ ਵਰਕਰ ਬੇਰੁਜ਼ਗਾਰ ਹੋ ਕੇ ਰਹਿ ਗਏ ਹਨ ਜਿਨ੍ਹਾਂ ’ਚੋਂ 30 ਤੋਂ 40 ਫ਼ੀਸਦੀ ਭਾਰਤੀ ਹਨ ਜੋ ਐੱਚ-1ਬੀ ਤੇ ਐੱਲ-1 ਵੀਜ਼ਿਆਂ ਦੇ ਆਧਾਰ ’ਤੇ ਆਪਣੇ ‘ਸੁਪਨਿਆਂ ਦੇ ਦੇਸ਼’ ਵਿਚ ਪੁੱਜੇ ਹੋਏ ਹਨ। ਅਮਰੀਕਾ ’ਚ ਜ਼ਿਆਦਾਤਰ ਆਈਟੀ ਕਾਮੇ ਚੀਨ ਤੇ ਭਾਰਤ ਦੇ ਹੀ ਕੰਮ ਕਰ ਰਹੇ ਹਨ। ਅਜਿਹੇ ਵੀ ਕੁਝ ਭਾਰਤੀ ਕਾਮੇ ਹਨ ਜਿਨ੍ਹਾਂ ਨੂੰ ਅਮਰੀਕਾ ’ਚ ਆਇਆਂ ਹਾਲੇ ਸਿਰਫ਼ ਦੋ-ਤਿੰਨ ਮਹੀਨੇ ਹੀ ਬੀਤੇ ਸਨ ਕਿ ਅਚਾਨਕ ਇਕ ਦਿਨ ਉਨ੍ਹਾਂ ਨੂੰ ਤਾਨਾਸ਼ਾਹੀ ਹੁਕਮ ਸੁਣਾ ਦਿੱਤਾ ਗਿਆ ਕਿ ‘ਉਨ੍ਹਾਂ ਦਾ ਅੱਜ ਆਖ਼ਰੀ ਦਿਨ ਹੈ’। ਕਈ ਗ਼ਰੀਬ ਪਰਿਵਾਰਾਂ ਦੇ ਵਿਅਕਤੀ ਮੋਟੇ ਕਰਜ਼ੇ ਲੈ ਕੇ ਪੁੱਜੇ ਹੁੰਦੇ ਹਨ, ਉਨ੍ਹਾਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਅਜਿਹੇ ਹਾਲਾਤ ’ਚ ਅਜਿਹੀਆਂ ਵੀ ਕੁਝ ਸੰਸਥਾਵਾਂ ਹਨ ਜੋ ਅਜਿਹੇ ਆਈਟੀ ਪ੍ਰੋਫੈਸ਼ਨਲਜ਼ ਦੀ ਮਦਦ ਕਰਨ ਲਈ ਬਹੁੜੀਆਂ ਹਨ। ਜਨਵਰੀ 2023 ਨੂੰ ਬੇਹੱਦ ‘ਜ਼ਾਲਮ ਮਹੀਨਾ’ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਮਹੀਨੇ ਬਹੁਤ ਸਾਰੇ ਭਾਰਤੀ ਨੌਜਵਾਨਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ ਹਨ। ਐੱਚ-1ਬੀ ਵੀਜ਼ਾ ਦੀ ਇਹ ਸ਼ਰਤ ਹੁੰਦੀ ਹੈ ਕਿ ਜੇ ਅਮਰੀਕਾ ’ਚ ਨੌਕਰੀ ਚਲੀ ਗਈ ਹੈ ਤਾਂ ਅਗਲੇ 60 ਦਿਨਾਂ ਅੰਦਰ ਨਵੀਂ ਨੌਕਰੀ ਲੱਭਣੀ ਪਵੇਗੀ ਤੇ ਜੇ ਕਾਮਯਾਬੀ ਨਾ ਮਿਲੀ ਤਾਂ ਇਹ ਮਿਆਦ ਖ਼ਤਮ ਹੋਣ ਦੇ 10 ਦਿਨਾਂ ਦੇ ਅੰਦਰ ਆਪਣੇ ਮੂਲ ਦੇਸ਼ ਪਰਤ ਜਾਣਾ ਹੋਵੇਗਾ। ਅਮਰੀਕੀ ਸਿਸਟਮ ਅਨੁਸਾਰ ਹਰੇਕ ਵਿਦੇਸ਼ੀ ਨੂੰ ਰਹਿਣ ਲਈ ਆਪਣੇ ਬੀਮੇ ਦੇ ਪ੍ਰੀਮੀਅਮ ਪਹਿਲਾਂ ਭਰਨੇ ਪੈਂਦੇ ਹਨ ਅਤੇ ਹੋਰ ਵੀ ਬਹੁਤ ਸਾਰੇ ਟੈਕਸਾਂ ਦੀ ਅਦਾਇਗੀ ਕਰਨੀ ਹੁੰਦੀ ਹੈ। ਜੇ ਵੀਜ਼ਾ ਮਿਆਦ ਪੁੱਗ ਚੁੱਕੀ ਹੈ ਤਾਂ ਫਿਰ ਕੋਈ ਭਾਵੇਂ ਕਿੰਨਾ ਵੀ ਵਧੇਰੇ ਹੁਨਰਮੰਦ ਕਿਉਂ ਨਾ ਹੋਵੇ; ਉਸ ਨੂੰ ਦੇਸ਼ ’ਚੋਂ ਵਾਪਸ ਜਾਣਾ ਹੀ ਹੋਵੇਗਾ। ਇਹ ਵੀ ਪਤਾ ਲੱਗਾ ਹੈ ਕਿ ਬੇਰੁਜ਼ਗਾਰ ਹੋਏ ਭਾਰਤੀ ਨੌਜਵਾਨਾਂ ਨੇ ਵੱਖੋ-ਵੱਖਰੇ ਵ੍ਹਟਸਐਪ ਗਰੁੱਪ ਬਣਾ ਕੇ ਇਕ-ਦੂਜੇ ਦੀ ਮਦਦ ਕਰਨ ਦਾ ਸੰਕਲਪ ਲਿਆ ਹੈ। ਜਿੱਥੇ ਕਿਤੇ ਵੀ ਖ਼ਾਲੀ ਅਸਾਮੀਆਂ ਹਨ, ਉਨ੍ਹਾਂ ਬਾਰੇ ਜਾਣਕਾਰੀ ਤੁਰੰਤ ਉਨ੍ਹਾਂ ਗਰੁੱਪਾਂ ’ਚ ਆ ਜਾਂਦੀ ਹੈ ਤੇ ਬਹੁਤਿਆਂ ਨੂੰ ਸੌਖ ਹੋ ਜਾਂਦੀ ਹੈ। ਇੰਜ ਮਿਲ ਕੇ ਸਮੱਸਿਆਵਾਂ ਦਾ ਥੋੜ੍ਹਾ-ਬਹੁਤ ਹੱਲ ਮਿਲ ਰਿਹਾ ਹੈ।