ਪੰਜਾਬੀ ਦਾ ਸਿਰਮੌਰ ਮਰਹੂਮ ਇਨਕਲਾਬੀ ਕਵੀ ਪਾਸ਼ ਉਰਫ਼ ਅਵਤਾਰ ਸਿੰਘ ਸੰਧੂ ਕਿਸੇ ਜਾਣ–ਪਛਾਣ ਦਾ ਮੁਥਾਜ ਨਹੀਂ ਹੈ। ਤੇਈ ਮਾਰਚ 1988 ਨੂੰ ਫ਼ਿਰਕੂ ਦਹਿਸ਼ਤਗਰਦ ਤਾਕਤਾਂ ਨੇ ਉਸ ਨੂੰ ਉਸ ਦੇ ਜੱਦੀ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਉਸ ਦੀ ਬੰਬੀ ’ਤੇ ਆਪਣੇ ਸਭ ਤੋਂ ਵੱਧ ਪਿਆਰੇ ਦੋਸਤ ਹੰਸ ਰਾਜ ਨਾਲ ਬੈਠਿਆਂ ਸ਼ਹੀਦ ਕਰ ਦਿੱਤਾ ਸੀ। ਪਾਸ਼ ਜੁਝਾਰੂ-ਵਿਦਰੋਹੀ ਸਾਹਿਤ–ਧਾਰਾ ਦਾ ਇਕ ਨਿਵੇਕਲਾ ਅਤੇ ਸਿਰਕੱਢ ਕਵੀ ਸੀ। ਉਹ, ਦਰਸ਼ਨ ਖਟਕੜ, ਹਰਭਜਨ ਹਲਵਾਰਵੀ, ਲਾਲ ਸਿੰਘ ਦਿਲ, ਅਮਰਜੀਤ ਚੰਦਨ ਅਤੇ ਸੰਤ ਰਾਮ ਉਦਾਸੀ ਇਸ ਜੁਝਾਰੂ ਵਿਦਰੋਹੀ ਕਾਵਿ–ਧਾਰਾ ਦੇ ਮੁੱਢਲੇ ਸਿਰਜਕ ਸਨ। ਪਰ ਆਪਣੀ ਕਵਿਤਾ ਰਾਹੀਂ ਵੱਖਰੇ ਢੰਗ ਨਾਲ ਗੱਲ ਕਰਨ ਵਾਲਾ ਕਵੀ ਪਾਸ਼ ਇਨ੍ਹਾਂ ਸਾਰੇ ਹੀ ਪ੍ਰਤਿਭਾਸ਼ੀਲ ਕਵੀਆਂ ਵਿੱਚੋਂ ਮੋਹਰੀ ਸਥਾਨ ਰੱਖਦਾ ਹੈ। ਪਾਸ਼ ਉਨ੍ਹਾਂ ਕਵੀਆਂ ਵਿੱਚੋਂ ਸੀ ਜਿਹੜੇ ਕੌਮਾਂ ਦੀ ਹੋਣੀ ਨੂੰ ਢਾਲਦੇ ਹਨ, ਜਿਨ੍ਹਾਂ ਦੀ ਕਲਮ ਲੋਕਾਂ ਦੀ ਆਵਾਜ਼ ਬਣਦੀ ਹੈ। ਪਾਸ਼ ਦੀ ਜ਼ਿੰਦਗੀ ਵਿਚ ਜਿਵੇਂ ਅਨੇਕਾਂ ਹੀ ਉਤਰਾਅ-ਚੜ੍ਹਾਅ ਆਏ, ਉਵੇਂ ਹੀ ਉਸ ਦੀ ਸ਼ਾਇਰੀ ਵਿਚ ਵੀ ਇਹ ਗੱਲ ਮੇਲ ਖਾਂਦੀ ਰਹੀ। ਪਰ ਇਕ ਤੰਦ-ਲਗਾਤਾਰ ਜੋ ਹਮੇਸ਼ਾ ਹੀ ਕਾਇਮ ਰਹੀ, ਉਹ ਸੀ ਠੀਕ ਗੱਲ-ਵਰਤਾਰੇ ਨੂੰ ਬੁਲੰਦ ਕਰਨਾ ਅਤੇ ਗ਼ਲਤ ਵਿਰੁੱਧ ਬੇਕਿਰਕ ਸੰਘਰਸ਼ ਕਰਨਾ ਭਾਵੇਂ ਇਹ ‘ਆਪਣਿਆਂ’ ਵਿਰੁੱਧ ਹੀ ਕਿਉਂ ਨਾ ਹੋਵੇ। ਪਾਸ਼ ਦਾ ਨਾਂ ਉਨ੍ਹਾਂ ਪੰਜਾਬੀ ਕਵੀਆਂ ’ਚ ਸਿਰ–ਕੱਢਵਾਂ ਨਾਂ ਹੈ ਜਿਨ੍ਹਾਂ ਦੀ ਕਵਿਤਾ ਨੂੰ ਤੱਤੇ ਲਹੂ ਦੀ ਕਵਿਤਾ ਕਿਹਾ ਗਿਆ ਹੈ ਜਾਂ ਜੁਝਾਰਵਾਦੀ ਕਵਿਤਾ ਦਾ ਨਾਂ ਦਿੱਤਾ ਗਿਆ ਹੈ। ਪਾਸ਼ ਦਾ ਜਨਮ 9 ਸਤੰਬਰ 1950 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵੰਡੀ ਸਲੇਮ ਵਿਖੇ ਸੋਹਣ ਸਿੰਘ ਸੰਧੂ ਦੇ ਘਰ ਹੋਇਆ ਸੀ। ਬਚਪਨ ਵਿਚ ਹੀ ਉਸ ਨੇ ਗ਼ਲਤ ਵਿਰੁੱਧ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਪਾਸ਼ ਨੇ 1978 ਵਿਚ ਜੇਬੀਟੀ ਜੰਡਿਆਲਾ ਤੋਂ ਸ਼ੁਰੂ ਕਰ ਕੇ ਕਪੂਰਥਲਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਉਹ ਆਪਣੀ ਭੈਣ ਕੋਲ ਅਮਰੀਕਾ ਚਲਾ ਗਿਆ। ਅਮਰੀਕਾ ਵਰਗੇ ਠੰਢੇ ਮੁਲਕਾਂ ਵਿਚ ਵੀ ਪਾਸ਼ ਨੇ ਆਪਣੇ ਖ਼ੂਨ ਨੂੰ ਠੰਢਾ ਨਹੀਂ ਹੋਣ ਦਿੱਤਾ। ਪਾਸ਼ ਇਕ ਐਸਾ ਇਨਕਲਾਬੀ ਕਵੀ ਰਿਹਾ ਹੈ ਜਿਸ ਨੇ ਹਰ ਗੱਲ ਬੜੇ ਹੀ ਹੌਸਲੇ ਨਾਲ ਕਹੀ ਹੈ। ਉਸ ਨੇ ਹਰ ਮੁਸੀਬਤ, ਹਰ ਉਸ ਔਖੀ ਘੜੀ ਨੂੰ ਬੜੇ ਹੀ ਬੁਲੰਦ ਇਰਾਦੇ ਨਾਲ ਸਿਰ ’ਤੇ ਝੱਲਿਆ ਸੀ ਪਰ ਇਸ ਦਾ ਸ਼ਿਕਵਾ ਉਹ ਆਪਣੀਆਂ ਕਵਿਤਾਵਾਂ ਵਿਚ ਦਰਸਾਉਂਦਾ ਰਿਹਾ ਹੈ। ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਮਨੁੱਖੀ ਲੁੱਟ-ਖਸੁੱਟ ਖ਼ਿਲਾਫ਼ ਇਕ ਜ਼ੋਰਦਾਰ ਆਵਾਜ਼ ਸੀ। ਉਹ ਜ਼ਿੰਦਾ–ਦਿਲ ਕਵੀ ਸੀ। ਪਾਸ਼ ਜਿੰਦੀ ਸਮੁੱਚਤਾ ਅਤੇ ਭਰਪੂਰਤਾ ਦਾ ਅਡੋਲ ਚਿਤੇਰਾ ਸੀ। ਬੇਸ਼ੱਕ ਉਸ ਨੂੰ ਫਿਰਕੂ ਜਨੂੰਨੀਆਂ ਨੇ ਸ਼ਹੀਦ ਕਰ ਦਿੱਤਾ ਸੀ ਪਰ ਫਿਰ ਵੀ ਉਹ ਪੰਜਾਬੀ ਕਵਿਤਾ ਅਤੇ ਪੰਜਾਬੀ ਦੀ ਜਮਹੂਰੀ ਲਹਿਰ ’ਚ ਪਾਏ ਯੋਗਦਾਨ ਸਦਕਾ ਪਾਠਕਾਂ ਲਈ ਸਦਾ ਅਮਰ ਰਹੇਗਾ।
-ਸਰਨਜੀਤ ਬੈਂਸ।
ਮੋਬਾਈਲ : 63062-63062