ਜਿਹੋ ਜਿਹੇ ਮਾਹੌਲ ਵਿਚ ਕਵਾਡ ਸਿਖ਼ਰ ਸੰਮੇਲਨ ਆਯੋਜਿਤ ਹੋਇਆ, ਉਸ ਨੂੰ ਦੇਖਦੇ ਹੋਏ ਇਸ ਮੰਚ ਵੱਲੋਂ ਕੋਈ ਅਸਰਦਾਰ ਪੈਗ਼ਾਮ ਦਿੱਤਾ ਜਾਣਾ ਜ਼ਰੂਰੀ ਹੀ ਸੀ। ਇਹ ਰਾਹਤ ਵਾਲੀ ਗੱਲ ਹੈ ਕਿ ਕਵਾਡ ਨੇ ਇਕ ਵੱਡੀ ਹੱਦ ਤਕ ਇਹ ਕੰਮ ਕੀਤਾ। ਭਾਰਤ ਦੇ ਨਾਲ-ਨਾਲ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੀ ਮੈਂਬਰੀ ਵਾਲੇ ਇਸ ਸੰਗਠਨ ਨੇ ਜਿਸ ਤਰ੍ਹਾਂ ਚੀਨ ਨੂੰ ਇਕ ਤਰ੍ਹਾਂ ਨਾਲ ਸਖ਼ਤ ਚੇਤਾਵਨੀ ਦਿੱਤੀ, ਉਹ ਸਮੇਂ ਦੀ ਮੰਗ ਸੀ। ਟੋਕੀਓ ਵਿਚ ਜੁਟੇ ਕਵਾਡ ਦੇਸ਼ਾਂ ਦੇ ਮੁਖੀਆਂ ਦਾ ਇਸ ਨਤੀਜੇ ’ਤੇ ਪੁੱਜਣਾ ਜ਼ਰੂਰੀ ਹੋ ਗਿਆ ਸੀ ਕਿ ਕੌਮਾਂਤਰੀ ਨਿਯਮ-ਕਾਨੂੰਨਾਂ ਨੂੰ ਛਿੱਕੇ ਟੰਗਣ, ਪਾਕਿਸਤਾਨ ਤੇ ਉੱਤਰੀ ਕੋਰੀਆ ਵਰਗੇ ਗ਼ੈਰ-ਜ਼ਿੰਮੇਵਾਰ ਮੁਲਕਾਂ ਦੀ ਢਾਲ ਬਣਨ ਅਤੇ ਆਪਣੇ ਗੁਆਂਢੀ ਮੁਲਕਾਂ ਨੂੰ ਤੰਗ ਕਰਨ ਵਾਲਾ ਚੀਨ ਨਿੰਦਾ-ਆਲੋਚਨਾ ਨਾਲ ਹੀ ਸਹੀ ਰਸਤੇ ’ਤੇ ਆਉਣ ਵਾਲਾ ਨਹੀਂ। ਕਵਾਡ ਨੇ ਜਿਸ ਤਰ੍ਹਾਂ ਯੂਰਪੀ ਦੇਸ਼ਾਂ ਨਾਲ ਸਹਿਯੋਗ ਵਧਾਉਣ ਅਤੇ ਸਮੁੰਦਰੀ ਸਰਹੱਦ ਨਾਲ ਜੁੜੇ ਸੰਯੁਕਤ ਰਾਸ਼ਟਰ ਦੇ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਵਚਨਬੱਧਤਾ ਜ਼ਾਹਰ ਕੀਤੀ, ਉਸ ਨਾਲ ਚੀਨ ਨੂੰ ਇਹ ਸਮਝਣ ਵਿਚ ਆਸਾਨੀ ਹੋਵੇਗੀ ਕਿ ਹੁਣ ਉਸ ਦੀ ਦਾਦਾਗਿਰੀ ਸਹਿਣ ਨਹੀਂ ਕੀਤੀ ਜਾਵੇਗੀ। ਹਿੰਦ-ਪ੍ਰਸ਼ਾਂਤ ਖੇਤਰ ’ਚ ਦੂਜੇ ਦੇਸ਼ਾਂ ਦੀਆਂ ਸਮੁੰਦਰੀ ਸਰਹੱਦਾਂ ਵਿਚ ਮੱਛੀਆਂ ਮਾਰਨ ਦੀਆਂ ਸਰਗਰਮੀਆਂ ’ਤੇ ਰੋਕ ਲਗਾਉਣ ਲਈ ਇਕ ਖ਼ਾਸ ਪ੍ਰੋਗਰਾਮ ਚਲਾਉਣ ਦਾ ਐਲਾਨ ਇਹੀ ਦੱਸਦਾ ਹੈ ਕਿ ਚੀਨ ਨੂੰ ਉਸ ਦੀ ਹੱਦ ਵਿਚ ਰੱਖਣ ਲਈ ਕਮਰ ਕੱਸੀ ਜਾ ਰਹੀ ਹੈ। ਇਸ ਪ੍ਰੋਗਰਾਮ ਨੂੰ ਜਿੰਨੀ ਜਲਦੀ ਸੰਭਵ ਹੋਵੇ, ਕਾਰਗਰ ਤਰੀਕੇ ਨਾਲ ਅੱਗੇ ਵਧਾਇਆ ਜਾਵੇ। ਇਸ ਨਾਲ ਹੀ ਚੀਨ ਨੂੰ ਇਹ ਸਮਝ ਆਵੇਗੀ ਕਿ ਉਸ ਨੂੰ ਸਮੁੰਦਰੀ ਖੇਤਰ ’ਚ ਆਪਣੀ ਤਾਕਤ ਦੀ ਮਨਮਰਜ਼ੀ ਨਾਲ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ। ਇਹ ਯਕੀਨੀ ਬਣਾ ਕੇ ਹੀ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ’ਚ ਮਦਦ ਮਿਲੇਗੀ। ਕਵਾਡ ਨੇ ਦੂਜੇ ਦੇਸ਼ਾਂ ਨੂੰ ਕਰਜ਼ੇ ਦੇ ਜਾਲ ਵਿਚ ਫਸਾਉਣ ਦੇ ਚੀਨ ਦੇ ਨਾਪਾਕ ਇਰਾਦਿਆਂ ਨਾਲ ਨਜਿੱਠਣ ਲਈ ਵੀ ਕਦਮ ਵਧਾਉਣ ਦੇ ਨਾਲ-ਨਾਲ ਇਹ ਤੈਅ ਕੀਤਾ ਕਿ ਇਸ ਖੇਤਰ ਵਿਚ ਕੁਨੈਕਟੀਵਿਟੀ ਵਧਾਉਣ ਵਾਲੇ ਪ੍ਰਾਜੈਕਟਾਂ ਨੂੰ ਗਤੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਦੁਨੀਆ ਨੂੰ ਇਹ ਸੰਦੇਸ਼ ਜਾਵੇਗਾ ਕਿ ਚੀਨ ਦਾ ਬੈਲਟ ਐਂਡ ਰੋਡ ਪ੍ਰਾਜੈਕਟ ਬਸਤੀਵਾਦੀ ਮਾਨਸਿਕਤਾ ਵਾਲਾ ਹੈ। ਇਸ ਪ੍ਰਾਜੈਕਟ ਤੋਂ ਵੱਖ-ਵੱਖ ਦੇਸ਼ਾਂ ਨੂੰ ਸਿਰਫ਼ ਆਗਾਹ ਕਰਨਾ ਹੀ ਕਾਫ਼ੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬਦਲ ਵੀ ਮੁਹੱਈਆ ਕਰਵਾਉਣੇ ਹੋਣਗੇ। ਕਵਾਡ ਸਿਖ਼ਰ ਸੰਮੇਲਨ ਭਾਰਤ ਲਈ ਇਸ ਲਈ ਅਹਿਮ ਰਿਹਾ ਕਿ ਇਸ ਸੰਗਠਨ ਨੇ ਅੱਤਵਾਦ ਵਿਰੁੱਧ ਲੜਾਈ ਨੂੰ ਵੀ ਆਪਣੇ ਏਜੰਡੇ ’ਚ ਸ਼ਾਮਲ ਕੀਤਾ ਤੇ ਮੁੰਬਈ ਤੇ ਪਠਾਨਕੋਟ ’ਚ ਹੋਏ ਅੱਤਵਾਦੀ ਹਮਲਿਆਂ ਦਾ ਜ਼ਿਕਰ ਕੀਤਾ। ਭਾਰਤ ਨੂੰ ਨਾ ਸਿਰਫ਼ ਇਸ ਲਈ ਤਤਪਰ ਰਹਿਣਾ ਹੋਵੇਗਾ ਕਿ ਕਵਾਡ ਆਪਣੇ ਮਕਸਦਾਂ ’ਚ ਸਫਲ ਰਹੇ ਬਲਕਿ ਹੋਰ ਆਲਮੀ ਸੰਗਠਨਾਂ ਨਾਲ ਤਾਲਮੇਲ ਵੀ ਵਧੇ।