-ਰਾਜਨਦੀਪ ਕੌਰ ਮਾਨ
ਪਿੰਡਾਂ ਵਿਚ ਸੌੜੀ ਰਾਜਨੀਤੀ ਦਾ ਪਸਾਰਾ ਤੇਜ਼ੀ ਨਾਲ ਹੋ ਰਿਹਾ ਹੈ। ਜਦ ਇਹ ਪਿੰਡਾਂ ਤਕ ਨਹੀਂ ਪਹੁੰਚੀ ਸੀ, ਉਦੋਂ ਲੋਕ ਬੜੇ ਪਿਆਰ, ਇਤਫ਼ਾਕ ਤੇ ਭਾਈਚਾਰੇ ਦੀ ਭਾਵਨਾ ਨਾਲ ਰਹਿੰਦੇ ਸਨ। ਪਿੰਡ ਦੀ ਨੂੰਹ-ਧੀ ਸਾਰੇ ਪਿੰਡ ਦੀ ਸਾਂਝੀ ਹੁੰਦੀ ਸੀ। ਭਰਾ, ਭਰਾ ਦੀਆਂ ਬਾਹਾਂ ਹੁੰਦੇ ਸਨ। ਪਿੰਡਾਂ ਵਿਚ ਬਹੁਤ ਅਪਣੱਤ ਵਾਲਾ ਮਾਹੌਲ ਹੁੰਦਾ ਸੀ।
ਕਿਸੇ ਇਕ ਦੇ ਸਿਰ ਕੋਈ ਮੁਸੀਬਤ ਪੈਂਦੀ ਤਾਂ ਸਾਰਾ ਪਿੰਡ ਆ ਕੇ ਨਾਲ ਖੜ੍ਹਦਾ ਸੀ। ਵਿਆਹ-ਸ਼ਾਦੀਆਂ ਅਤੇ ਮਰਨੇ-ਪਰਨੇ 'ਚ ਪੂਰਾ ਪਿੰਡ ਸ਼ਾਮਲ ਹੁੰਦਾ ਸੀ। ਘਰ ਵਾਲਿਆਂ 'ਤੇ ਜ਼ਿਆਦਾ ਬੋਝ ਵੀ ਨਹੀਂ ਪੈਂਦਾ ਸੀ। ਦੁੱਖ-ਸੁੱਖ ਸਭ ਦੇ ਸਾਂਝੇ ਸਨ। ਉਦੋਂ ਮਾਨਸਿਕ ਰੋਗ ਵੀ ਬਹੁਤ ਘੱਟ ਹੁੰਦੇ ਸਨ। ਕਿਉਂਕਿ ਆਪਸੀ ਸਦਾਚਾਰਕ ਤੇ ਭਾਈਚਾਰਕ ਸਾਂਝ ਕਾਰਨ ਇਕੱਲਤਾ ਤੇ ਉਦਾਸੀ ਲਈ ਕੋਈ ਜਗ੍ਹਾ ਨਹੀਂ ਸੀ। ਬੱਚੇ ਵੀ ਬੇਫ਼ਿਕਰੀ ਨਾਲ ਇਕੱਠੇ ਖੇਡਦੇ ਸਨ। ਫਿਰ ਹੌਲੀ-ਹੌਲੀ ਪਿੰਡਾਂ ਵਿਚ ਰਾਜਨੀਤੀ ਵਾਲਾ ਡੰਗ ਵੱਜਣ ਲੱਗਾ।
ਸ਼ੁਰੂਆਤ ਵਿਚ ਲੋਕਾਂ ਨੇ ਆਪਸੀ ਰਿਸ਼ਤਿਆਂ 'ਤੇ ਇਸ ਦਾ ਜ਼ਿਆਦਾ ਅਸਰ ਨਹੀਂ ਹੋਣ ਦਿੱਤਾ ਸੀ ਪਰ ਜਿਵੇਂ ਹੀ ਪੀੜ੍ਹੀਆਂ ਬਦਲੀਆਂ, ਉਨ੍ਹਾਂ ਨੇ ਇਸ ਦਾ ਅਸਰ ਕਬੂਲ ਲਿਆ। ਰਿਸ਼ਤੇ ਤਿੜਕਣ ਲੱਗੇ। ਇੱਥੋਂ ਤਕ ਗੱਲ ਪੁੱਜ ਗਈ ਕਿ ਆਪਸੀ ਰਿਸ਼ਤੇ ਕਰਨ ਵੇਲੇ ਵੀ ਕਿਹੜੀ ਪਾਰਟੀ ਦੇ ਹਮਾਇਤੀ ਹੋ, ਇਹ ਸਵਾਲ ਲਾਜ਼ਮੀ ਜਿਹਾ ਹੋ ਗਿਆ। ਭਰਾ, ਭਰਾ ਨਾਲੋਂ ਇਸ ਵਜ੍ਹਾ ਨਾਲ ਗੁੱਸੇ ਹੋ ਕੇ ਬਹਿ ਗਿਆ ਕਿ ਤੂੰ ਮੇਰੇ ਕਹਿਣ 'ਤੇ ਫਲਾਣੀ ਪਾਰਟੀ ਦੀ ਹਮਾਇਤ ਨਹੀਂ ਕੀਤੀ ਜਾਂ ਫਲਾਣੇ ਉਮੀਦਵਾਰ ਨੂੰ ਵੋਟ ਨਹੀਂ ਪਾਈ। ਆਪਸੀ ਸਾਂਝ ਦੀਆਂ ਤੰਦਾਂ ਬੇਹੱਦ ਕਮਜ਼ੋਰ ਹੋ ਗਈਆਂ।
ਅੱਜਕੱਲ੍ਹ ਤਾਂ ਗੱਲ ਇੱਥੋਂ ਤਕ ਪੁੱਜ ਚੁੱਕੀ ਹੈ ਕਿ ਕਿਸੇ ਦੀ ਧੀ-ਭੈਣ ਦਾ ਉਸ ਦੇ ਸਹੁਰੇ ਪਰਿਵਾਰ ਨਾਲ ਮਸਲਾ ਹੋ ਗਿਆ ਹੋਵੇ ਤਾਂ ਸਿਰਫ਼ ਉਸ ਪਰਿਵਾਰ ਦੀ ਹਮਾਇਤ ਵਾਲੀ ਪਾਰਟੀ ਦੇ ਲੋਕ ਹੀ ਨਾਲ ਤੁਰਦੇ ਹਨ। ਦੂਜੀ ਪਾਰਟੀ ਵਿਚ ਭਾਵੇਂ ਸਕੇ ਚਾਚੇ-ਤਾਏ ਹੀ ਹੋਣ, ਨਾਲ ਜਾਣਾ ਆਪਣਾ ਫ਼ਰਜ਼ ਨਹੀਂ ਸਮਝਦੇ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਕੀ ਹੁਣ ਸਾਡੀ ਸੋਚ ਸੁੰਗੜ ਗਈ ਹੈ ਜਾਂ ਬਹੁਤ ਲੰਬੀ ਤੇ ਵਿਸ਼ਾਲ ਸੋਚ ਰੱਖਣ ਵਾਲੇ ਬਜ਼ੁਰਗ ਹੁਣ ਰਹੇ ਨਹੀਂ ਜਾਂ ਨਵੀਂ ਪੀੜ੍ਹੀ ਆਪ-ਮੁਹਾਰੀ ਹੋ ਤੁਰੀ ਹੈ।
ਅਸਲ 'ਚ ਇਹ ਗੱਲ ਕਿਸੇ ਦੇ ਦਿਮਾਗ ਵਿਚ ਹੈ ਹੀ ਨਹੀਂ ਕਿ ਸਾਡੀ ਭਾਈਚਾਰਕ ਸਾਂਝ ਨੂੰ ਬਚਾ ਕੇ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਸਾਡੇ ਵਿਰਸੇ ਨੂੰ ਬਚਾਉਣਾ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਗੱਲ ਸਮਝਾਉਣ ਦੀ ਲੋੜ ਹੈ। ਜੇਕਰ ਪਿੰਡ ਦੇ ਜ਼ਿੰਮੇਵਾਰ ਬਜ਼ੁਰਗ ਚਾਹੁਣ ਤਾਂ ਨਵੀਂ ਪੀੜ੍ਹੀ ਦੇ ਦਿਮਾਗ ਤਕ ਇਹ ਗੱਲ ਪਹੁੰਚਾਉਣਾ ਜ਼ਿਆਦਾ ਔਖਾ ਵੀ ਨਹੀਂ ਹੈ। ਇਕ ਪਿੰਡ ਤੋਂ ਸ਼ੁਰੂ ਹੋਈ ਲਹਿਰ, ਸਾਰੇ ਪਿੰਡਾਂ ਵਿਚ ਜ਼ਰੂਰ ਪਹੁੰਚੇਗੀ।
ਆਓ! ਅਸੀਂ ਸਾਰੇ ਆਪੋ-ਆਪਣੇ ਪਿੰਡਾਂ ਵਿਚ ਲੋਕਾਂ ਨੂੰ ਗੰਦੀ ਸਿਆਸਤ ਤੋਂ ਬਚਣ ਲਈ ਪ੍ਰੇਰ ਕੇ ਉਨ੍ਹਾਂ ਦੀਆਂ ਭਾਈਚਾਰਕ ਸਾਂਝਾਂ ਨੂੰ ਪੀਢਾ ਕਰਨ ਲਈ ਜ਼ੋਰਦਾਰ ਹੰਭਲੇ ਮਾਰੀਏ।
ਸੰਪਰਕ : 62393-26166