ਇਹ ਕੰਧ ’ਤੇ ਲਿਖਿਆ ਕੌੜਾ ਸੱਚ ਹੈ ਕਿ ਬਦਇੰਤਜ਼ਾਮੀ, ਬੇਈਮਾਨੀ, ਭ੍ਰਿਸ਼ਟਾਚਾਰ, ਬਦਇਖ਼ਲਾਕੀ ਤੇ ਬੇਇਤਫ਼ਾਕੀ ਜਿੱਥੇ ਵੀ ਹੋਣਗੇ, ਉਸ ਘਰ, ਪਿੰਡ, ਨਗਰ, ਸ਼ਹਿਰ, ਰਾਜ ਜਾਂ ਮੁਲਕ ਦਾ ਕਿਸੇ ਨਾ ਕਿਸੇ ਦਿਨ ਬੇੜਾ ਗਰਕ ਹੋ ਕੇ ਹੀ ਰਹੇਗਾ। ਜੇਕਰ ਉਕਤ ਅਲਾਮਤਾਂ ਸਾਰੀਆਂ ਹੀ ਇਕ ਜਗ੍ਹਾ ’ਤੇ ਮੌਜੂਦ ਹਨ ਤਾਂ ਫਿਰ ਉਸ ਦੀ ਬਰਬਾਦੀ ਨੂੰ ਰੱਬ ਵੀ ਨਹੀਂ ਬਚਾਅ ਸਕੇਗਾ।
227 ਮਿਲੀਅਨ ਦੀ ਜਨਸੰਖਿਆ ਵਾਲਾ ਦੁਨੀਆ ਦਾ ਇਕ ਛੋਟਾ ਜਿਹਾ ਮੁਲਕ ਪਾਕਿਸਤਾਨ ਅੱਜ-ਕੱਲ੍ਹ ਉਕਤ ਅਲਾਮਤਾਂ ਦਾ ਸ਼ਿਕਾਰ ਹੋ ਕੇ ਬਾਰੂਦ ਦੇ ਕੰਢੇ ’ਤੇ ਖੜ੍ਹਾ ਹੈ।
ਅਪ੍ਰੈਲ ਤਕ ਪਾਕਿਸਤਾਨ ਦੇ ਕਈ ਰਾਜਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ ਜਿਨ੍ਹਾਂ ਵਾਸਤੇ 78 ਅਰਬ ਰੁਪਏ ਚਾਹੀਦੇ ਹਨ ਪਰ ਚੋਣ ਕਮਿਸ਼ਨ ਕੋਲ ਸਿਰਫ਼ 18 ਅਰਬ ਰੁਪਏ ਹਨ, ਬਾਕੀ 60 ਅਰਬ ਰੁਪਏ ਅਗਾਮੀ ਦੋ ਕੁ ਮਹੀਨਿਆਂ ਦੌਰਾਨ ਕਿੱਥੋਂ ਪੂਰੇ ਕੀਤੇ ਜਾਣਗੇ, ਇਸ ਬਾਰੇ ਮੁਲਕ ਦੀ ਸਰਕਾਰ ਨੂੰ ਵੀ ਕੋਈ ਅਤਾ-ਪਤਾ ਨਹੀਂ ਹੈ। ਪਾਕਿਸਤਾਨ ਵਿਚ ਮਹਿੰਗਾਈ ਬੇਲਗਾਮ ਹੋ ਚੁੱਕੀ ਹੈ। ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਆਮ ਨਾਲੋਂ ਕਈ ਗੁਣਾ ਵਧ ਗਏ ਹਨ। ਡੇਢ ਸੌ ਰੁਪਏ ਕਿੱਲੋ ਵਿਕਣ ਵਾਲਾ ਦੇਸੀ ਘਿਓ ਸਾਢੇ ਪੰਜ ਸੌ ਰੁਪਏ ਕਿੱਲੋ ਵਿਕ ਰਿਹਾ ਹੈ ਜਦਕਿ 50 ਰੁਪਏ ਕਿੱਲੋ ਵਿਕਣ ਵਾਲਾ ਪਿਆਜ਼ ਢਾਈ ਤੋਂ ਤਿੰਨ ਸੌ ਰੁਪਏ ਕਿੱਲੋ ਵਿਕ ਰਿਹਾ ਹੈ।
ਸਬਜ਼ੀਆਂ ਤੇ ਫ਼ਲਾਂ ਦਾ ਕੋਈ ਭਾਅ ਹੀ ਨਹੀਂ ਰਹਿ ਗਿਆ, ਬਸ ਮੂੰਹ ਬੋਲੀ ਕੀਮਤ ਚੱਲ ਰਹੀ ਹੈ ਤੇ ਸੁੱਕੀਆਂ ਦਾਲਾਂ ਤਾਂ ਸੋਨੇ ਦੇ ਭਾਅ ਵਿਕ ਰਹੀਆ ਹਨ। ਪਾਕਿ ’ਚ ਹਰ ਪਾਸੇ ਮਹਿੰਗਾਈ ਕਾਰਨ ਹਾਹਾਕਾਰ ਮਚੀ ਹੋਈ ਹੈ। ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ 70 ਫ਼ੀਸਦੀ ਪਾਕਿਸਤਾਨ ’ਚ ਬਿਜਲੀ ਲਗਾਤਾਰ ਗੁੱਲ ਰਹਿੰਦੀ ਹੈ। ਸਰਕਾਰੀ ਮੁਲਾਜ਼ਮ ਕਈ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਕੰਮ ਕਰ ਰਹੇ ਹਨ। ਬੇਰੁਜ਼ਗਾਰਾਂ ਦੀ ਕਤਾਰ ਲਗਾਤਾਰ ਲੰਬੀ ਹੋ ਰਹੀ ਹੈ।
ਮੁਲਕ ਅਰਬਾਂ-ਖਰਬਾਂ ਦਾ ਕਰਜ਼ਾਈ ਹੋ ਚੁੱਕਾ ਹੈ। ਸਿਆਸੀ ਅਧੋਗਤੀ ਤੇ ਸਰਕਾਰੀ ਬਦਇੰਤਜ਼ਾਮੀ ਦੇ ਸਿੱਟੇ ਵਜੋਂ ਹਾਲਾਤ ਦਿਨੋ-ਦਿਨ ਹੋਰ ਵਿਗੜਦੇ ਜਾ ਰਹੇ ਹਨ। ਅਫ਼ਗਾਨਿਸਤਾਨ ’ਚੋਂ ਤਾਲਿਬਾਨੀਆਂ ਨੂੰ ਖਦੇੜਨ ਵਾਸਤੇ ਅਮਰੀਕਾ ਤੋਂ ਹਰ ਸਾਲ 34 ਮਿਲੀਅਨ ਅਮਰੀਕੀ ਡਾਲਰ ਦਾ ਮੁਆਵਜ਼ਾ ਲੈਣ ਵਾਲਾ ਪਾਕਿਸਤਾਨ ਇਸ ਵੇਲੇ ਦੀਵਾਲੀਏਪਣ ਦੀ ਕਗਾਰ ’ਤੇ ਖੜ੍ਹਾ ਹੈ ਪਰ ਦੁਨੀਆ ਦਾ ਕੋਈ ਵੀ ਮੁਲਕ ਇਸ ਮੁਸ਼ਕਲ ਹਾਲਾਤ ’ਚ ਉਸ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਦਾ ਘਾਟਾ ਸਾਲ 2022 ਦੇ ਅੰਤ ਤਕ 6.7 ਬਿਲੀਅਨ ਅਮਰੀਕੀ ਡਾਲਰ ਤਕ ਜਾ ਪੁੱਜਾ ਹੈ ਜਿਸ ਦਾ ਸਿੱਧਾ ਅਰਥ ਇਹ ਹੈ ਕਿ ਉਸ ਕੋਲ ਇਸ ਵਕਤ ਵਿਦੇਸ਼ੀ ਸਾਮਾਨ ਦੀ ਦਰਾਮਦ ਵਾਸਤੇ ਖਿੱਚ-ਧੂਅ ਕੇ ਸਿਰਫ਼ ਇਕ ਮਹੀਨੇ ਦਾ ਖ਼ਰਚਾ ਕਰਨ ਦੀ ਸਮਰੱਥਾ ਹੀ ਬਾਕੀ ਬਚੀ ਹੈ। ਪਾਕਿਸਤਾਨੀ ਕਰੰਸੀ ਦੀ ਹਾਲਤ ਕਦੇ ਵੀ ਏਨੀ ਮਾੜੀ ਨਹੀਂ ਸੀ ਜਿੰਨੀ ਇਸ ਵੇਲੇ ਹੈ। ਉੱਥੋਂ ਦਾ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਇਕ ਦਮ ਹੇਠਾਂ ਜਾ ਡਿੱਗਿਆ ਹੈ।
ਕੁਝ ਕੁ ਦਿਨ ਪਹਿਲਾਂ ਇਕ ਡਾਲਰ ਦੇ ਬਦਲੇ ਜਿਸ ਰੁਪਏ ਦੀ ਕੀਮਤ 176 ਰੁਪਏ ਸੀ, ਪਿਛਲੇ ਹਫ਼ਤੇ ਇਕ ਦਿਨ ਵਿਚ ਹੀ 28 ਫ਼ੀਸਦੀ ਹੋਰ ਗਿਰਾਵਟ ਆਈ ਹੈ ਜਿਸ ਕਾਰਨ ਹੁਣ ਇਕ ਡਾਲਰ ਦੇ ਬਦਲੇ ਪਾਕਿਸਤਾਨੀ ਕਰੰਸੀ ਦੀ ਕੀਮਤ 226 ਰੁਪਏ ਹੋ ਗਈ ਹੈ। ਰੁਪਏ ਦੀ ਕੀਮਤ ਵਿਚ ਗਿਰਾਵਟ ਲਗਾਤਾਰ ਜਾਰੀ ਹੈ। ਇਹ ਕਿੱਥੇ ਕੁ ਜਾ ਕੇ ਰੁਕੇਗੀ, ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ, ਭਾਵ ਅਨਿਸ਼ਚਿਤਤਾ ਬਰਕਰਾਰ ਹੈ। ਰਹੀ ਗੱਲ ਮੁਲਕ ਵਿਚ ਜਨਤਕ ਦੇਣਦਾਰੀ ਸਰਮਾਏ ਦੀ ਤਾਂ ਹਾਲਤ ਇੱਥੇ ਵੀ ਬਹੁਤ ਮਾੜੀ ਤੇ ਖਸਤਾ ਹੈ।
ਨਵੇਂ ਸਾਲ 2023 ਦੇ ਪਹਿਲੇ ਮਹੀਨੇ ਦੇ ਅੰਤ ਤਕ ਪਹੁੰਚਦਿਆਂ ਮੁਲਕ ਦੀ ਜਨਤਕ ਦੇਣਦਾਰੀ ਦਾ ਘਾਟਾ 274 ਬਿਲੀਅਨ ਅਮਰੀਕੀ ਡਾਲਰ ਨੂੰ ਪਹੁੰਚ ਚੁੱਕਾ ਹੈ ਜੋ ਕਿ ਜੀਡੀਪੀ ਦਾ 97 ਫ਼ੀਸਦੀ ਬਣਦਾ ਹੈ ਜਿਸ ਦਾ ਭਾਵ ਇਹ ਹੈ ਕਿ ਪਾਕਿਸਤਾਨ ਕੋਲ ਆਪਣਾ ਸਿਰਫ਼ ਤਿੰਨ ਫ਼ੀਸਦੀ ਹੀ ਬਾਕੀ ਹੈ ਤੇ ਬਾਕੀ ਸਭ ਘਾਟਾ ਹੀ ਘਾਟਾ ਹੈ। ਨਵੰਬਰ 2022 ਤਕ ਉਸ ਸਿਰ ਕਰਜ਼ਾ ਵਧ ਕੇ 48,139 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ ਤੇ ਜੁਲਾਈ 2022-ਜੂਨ 2023 ਦੇ ਦਰਮਿਆਨ ਮੁਲਕ ਨੂੰ ਇਸ ਕਰਜ਼ੇ ਦੀ 2.3 ਬਿਲੀਅਨ ਅਮਰੀਕੀ ਡਾਲਰ ਦੀ ਕਿਸ਼ਤ ਅਦਾ ਕਰਨੀ ਪੈਣੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਕਰਜ਼ੇ ਦੀ ਉਕਤ ਕਿਸ਼ਤ ਵਿੱਚੋਂ 18.7 ਬਿਲੀਅਨ ਡਾਲਰ ਸਿਰਫ਼ ਕਰਜ਼ੇ ਦੇ ਵਿਆਜ ਦੀ ਹੀ ਅਦਾਇਗੀ ਹੈ। ਆਈਐੱਮਐੱਫ ਦੀ ਤਾਜ਼ਾ ਰਿਪੋਰਟ ਮੁਤਾਬਕ ਉਕਤ ਕਰਜ਼ੇ ਦੀ ਦੇਣਦਾਰੀ ਰਾਸ਼ੀ ਵਿੱਚੋਂ 30 ਫ਼ੀਸਦੀ ਇਕੱਲੇ ਚੀਨ ਦਾ ਹਿੱਸਾ ਬਣਦਾ ਹੈ। ਜਦੋਂ ਤੋਂ ਇਮਰਾਨ ਖ਼ਾਨ ਨੂੰ ਮੁਲਕ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਕਥਿਤ ਧੋਖਾ ਤੇ ਰਿਸ਼ਵਤ ਦੇ-ਲੈ ਕੇ ਉਤਾਰਿਆ ਗਿਆ ਹੈ, ਉਦੋਂ ਤੋਂ ਹੀ ਮੁਲਕਕ ਦੇ ਅੰਦਰੂਨੀ ਸਿਆਸੀ ਹਾਲਾਤ ਖਾਨਾਜੰਗੀ ਵਾਲੇ ਬਣੇ ਹੋਏ ਹਨ। ਹਰ ਪਾਸੇ ਧਰਨੇ-ਮੁਜ਼ਾਹਰਿਆਂ ਦਾ ਮਾਹੌਲ ਹੈ। ਸ਼ਾਹਬਾਜ਼ ਸ਼ਰੀਫ ਨੂੰ ਆਪਣੀ ਕੁਰਸੀ ਦੇ ਪਾਵੇ ਪੱਕੇ ਕਰਨ ਦਾ ਫ਼ਿਕਰ ਹੈ ਤੇ ਵਿਰੋਧੀ ਧਿਰ ਹਰ ਰੋਜ਼ ਜਲਸੇ-ਜਲੂਸ ਕੱਢਣ ’ਚ ਰੁੱਝੀ ਹੋਈ ਹੈ ਜਦਕਿ ਅਵਾਮ ਮਹਿੰਗਾਈ ਦੀ ਚੱਕੀ ’ਚ ਪਿਸ ਰਿਹਾ ਹੈ, ਪਰ ਹਾਕਮਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।
ਪਾਕਿਸਤਾਨ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਉਹ ਕਦੇ ਵੀ ਡਿਫਾਲਟਰ ਤੇ ਦੀਵਾਲੀਆ ਹੋ ਸਕਦਾ ਹੈ। ਮੁਲਕ ਦੇ ਹਾਲਾਤ ਨਾਸਾਜ਼ ਹੋਣ ਦੇ ਬਾਵਜੂਦ ਹਾਕਮਾਂ ਦਾ ਧਿਆਨ ਜੰਗੀ ਸਾਜ਼ੋ-ਸਾਮਾਨ ਦੇ ਅੰਬਾਰ ਇਕੱਠੇ ਕਰਨ ਵੱਲ ਲੱਗਾ ਹੋਇਆ ਹੈ। ਮਾਰੂ ਹਥਿਆਰਾਂ ਦੀ ਖ਼ਰੀਦੋ-ਫਰੋਖ਼ਤ ਉੱਤੇ ਅੰਨ੍ਹਾ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ ਜੋ ਮੁਲਕ ਦੀ ਸਿਆਸੀ ਬਦਇੰਤਜ਼ਾਮੀ ਦੀ ਇਕ ਬੜੀ ਢੁੱਕਵੀਂ ਮਿਸਾਲ ਹੈ। ਮਹਿੰਗਾਈ ਨੂੰ ਕਾਬੂ ਕਰਨ ਦੀ ਬਜਾਏ ਪਾਕਿ ਸਰਕਾਰ ਲੋਕਾਂ ਉੱਤੇ ਟੈਕਸਾਂ ਦਾ ਬੋਝ ਲਗਾਤਾਰ ਵਧਾਈ ਜਾ ਰਹੀ ਹੈ।
ਸਿਆਸੀ ਹਾਲਾਤ ਅਧੋਗਤੀ ਵਾਲੇ ਬਣੇ ਹੋਏ ਹਨ। ਵਰਲਡ ਬੈਂਕ ਤੇ ਇੰਟਰਨੈਸ਼ਨਲ ਮੋਨੀਟਰੀ ਫੰਡ ਵਰਗੀਆਂ ਦੁਨੀਆ ਦੀਆਂ ਵੱਡੀਆਂ ਵਿੱਤੀ ਸੰਸਥਾਵਾਂ ਪਾਕਿ ਨੂੰ ਹੋਰ ਕਰਜ਼ਾ ਦੇਣ ਤੋਂ ਪੂਰੀ ਤਰ੍ਹਾਂ ਨਾਬਰ ਹਨ। ਅਮਰੀਕਾ, ਪਾਕਿਸਤਾਨ ਦੀ ਹਰ ਸਮੇਂ ਵਿੱਤੀ ਸਹਾਇਤਾ ਕਰਦਾ ਰਿਹਾ ਹੈ ਪਰ ਇਸ ਸਮੇਂ ਆਪ ਵਿੱਤੀ ਸੰਕਟ ਦਾ ਸ਼ਿਕਾਰ ਹੋਣ ਕਾਰਨ ਸਹਾਇਤਾ ਕਰਨ ਦੇ ਸਮਰੱਥ ਹੀ ਨਹੀਂ।
ਸਾਊਦੀ ਅਰਬ ਦਾ ਰਾਜਾ, ਇਮਰਾਨ ਖ਼ਾਨ ਦੀ ਸਰਕਾਰ ਵੇਲੇ ਮੁਲਕ ਨੂੰ ਵੱਡੀ ਵਿੱਤੀ ਸਹਾਇਤਾ ਦਿੰਦਾ ਰਿਹਾ ਪਰ ਹੁਣ ਸ਼ਾਹਬਾਜ਼ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਹਾਇਤਾ ਦੇਣ ਤੋਂ ਉਹ ਵੀ ਕੋਰੀ ਨਾਂਹ ਕਰ ਗਿਆ ਹੈ। ਕੁੱਲ ਮਿਲਾ ਕੇ ਇਹ ਸਪਸ਼ਟ ਹੈ ਕਿ ਪਾਕਿਸਤਾਨ ਇਸ ਵੇਲੇ ਬਹੁਤ ਗਹਿਰੇ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ। ਸਿਆਸੀ ਹਾਲਾਤ ਬਹੁਤ ਮਾੜੇ ਹਨ। ਆਪਾ-ਧਾਪੀ ਵਾਲਾ ਮਾਹੌਲ ਹੈ। ਅਜਿਹੇ ਵਿਚ ਜੇਕਰ ਹਾਲਾਤ ਬਦਲਣ ਵਾਸਤੇ ਕੋਈ ਇਮਾਨਦਾਰਾਨਾ ਯਤਨ ਨਾ ਕੀਤੇ ਗਏ ਤਾਂ ਪਾਕਿਸਤਾਨ ਦੇ ਮਾੜੇ ਮਾਲੀ ਹਾਲਾਤ ਉਸ ਦੀ ਬਰਬਾਦੀ ਦਾ ਕਾਰਨ ਬਣ ਕੇ ਸਭ ਕੁਝ ਤਹਿਸ-ਨਹਿਸ ਕਰ ਦੇਣਗੇ। ਸੋ, ਇਸ ਵੇਲੇ ਦੇਸ਼ ਦੇ ਅਹਿਲਕਾਰਾਂ ਨੂੰ ਬਿਨਾਂ ਦੇਰੀ ਸਿਆਸੀ ਗਿਲੇ-ਸ਼ਿਕਵੇ ਭੁਲਾ ਕੇ ਵੇਲਾ ਹੱਥੋਂ ਨਿਕਲ ਜਾਣ ਤੋਂ ਪਹਿਲਾਂ ਇਕਜੁੱਟ ਹੋ ਕੇ ਮੁਲਕ ਵਾਸਤੇ ਕੁਝ ਨਾ ਕੁਝ ਸਾਰਥਕ ਕਰਨ ਦੀ ਬੇਹੱਦ ਜ਼ਰੂਰਤ ਹੈ।
-ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ.)
-ਸੰਪਰਕ : +44 7806 945964