ਭਾਜਪਾ ਨੇ ਜਿਸ ਜ਼ੋਰ-ਸ਼ੋਰ ਨਾਲ ਆਪਣਾ 42ਵਾਂ ਸਥਾਪਨਾ ਦਿਵਸ ਮਨਾਇਆ, ਉਸ ਦਾ ਮਹੱਤਵ ਇਸ ਲਈ ਵਧ ਜਾਂਦਾ ਹੈ ਕਿ ਕਿਉਂਕਿ ਉਹ ਭਾਰਤੀ ਰਾਜਨੀਤੀ ਦਾ ਮਜ਼ਬੂਤ ਕੇਂਦਰ ਬਿੰਦੂ ਬਣ ਗਈ ਹੈ। ਭਾਜਪਾ ਨੇ ਹਾਲ ਹੀ ਵਿਚ ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚੋਂ ਉੱਤਰ ਪ੍ਰਦੇਸ਼ ਸਮੇਤ 4 ਸੂਬਿਆਂ ਵਿਚ ਸ਼ਾਨਦਾਰ ਜਿੱਤ ਹਾਸਲ ਕਰ ਕੇ ਦੇਸ਼ ਨੂੰ ਇਹੀ ਸੰਦੇਸ਼ ਦਿੱਤਾ ਕਿ ਫ਼ਿਲਹਾਲ ਉਸ ਦੇ ਮੁਕਾਬਲੇ ਵਿਚ ਕੋਈ ਨਹੀਂ ਹੈ।
ਅੱਜ ਜੇਕਰ ਭਾਜਪਾ ਅਜੇਤੂ ਦਿਸ ਰਹੀ ਹੈ ਤਾਂ ਇਸ ਦਾ ਵੱਡਾ ਕਾਰਨ ਹੈ, ਉਸ ਦੀ ਰੀਤੀ-ਨੀਤੀ ’ਤੇ ਦੇਸ਼ ਦੀ ਜਨਤਾ ਦਾ ਭਰੋਸਾ। ਇਹ ਇਕ ਤਰ੍ਹਾਂ ਦਾ ਰਾਜਨੀਤਕ ਚਮਤਕਾਰ ਹੀ ਹੈ ਕਿ 1980 ਵਿਚ ਗਠਿਤ ਜਿਸ ਭਾਜਪਾ ਕੋਲ 1984 ਵਿਚ ਮਹਿਜ਼ 2 ਮੈਂਬਰ ਸਨ, ਉਹ ਅੱਜ ਤਿੰਨ ਸੌ ਤੋਂ ਵੱਧ ਲੋਕ ਸਭਾ ਮੈਂਬਰਾਂ ਨਾਲ ਲੈਸ ਹੈ ਅਤੇ ਉਸ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਕੋਲ ਇੰਨੇ ਵੀ ਸੰਸਦ ਮੈਂਬਰ ਨਹੀਂ ਕਿ ਉਹ ਵਿਰੋਧੀ ਧਿਰ ਦੇ ਨੇਤਾ ਦਾ ਦਰਜਾ ਹਾਸਲ ਕਰ ਸਕੇ।
ਭਾਜਪਾ ਹੋਰ ਪਾਰਟੀਆਂ ਨਾਲੋਂ ਇਸ ਲਈ ਅਲੱਗ ਹੈ ਕਿਉਂਕਿ ਉਸ ਨੇ ਸਮੇਂ ਦੇ ਨਾਲ-ਨਾਲ ਆਪਣੇ ਤੌਰ-ਤਰੀਕਿਆਂ ਨੂੰ ਬਦਲਿਆ ਪਰ ਆਪਣੀ ਮੂਲ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ। ਉਸ ਸਮੇਂ ਵੀ ਨਹੀਂ, ਜਦ ਉਹ ਅਟਲ-ਅਡਵਾਨੀ ਦੇ ਸਮੇਂ ਕੇਂਦਰ ਵਿਚ ਸਾਂਝੀ ਸਰਕਾਰ ਚਲਾ ਰਹੀ ਸੀ। ਭਾਜਪਾ ਨੇ ਆਪਣੇ ਵਿਸਥਾਰ ਦੇ ਕ੍ਰਮ ਵਿਚ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਨਾਲ ਲਿਆ ਅਤੇ ਹੋਰ ਪਾਰਟੀਆਂ ਨਾਲ ਗੱਠਜੋੜ ਵੀ ਕੀਤਾ। ਹੋਰ ਪਾਰਟੀਆਂ ਤੋਂ ਭਾਜਪਾ ਵਿਚ ਆਏ ਕੁਝ ਨੇਤਾਵਾਂ ਨੇ ਤਾਂ ਉਸ ਦੀ ਵਿਚਾਰਧਾਰਾ ਨੂੰ ਅਪਣਾ ਲਿਆ ਪਰ ਕਈ ਅਜਿਹੇ ਵੀ ਰਹੇ ਜੋ ਸਿਰਫ਼ ਰਾਜਨੀਤਕ ਸਵਾਰਥ ਲਈ ਉਸ ਨਾਲ ਜੁੜੇ। ਇਨ੍ਹਾਂ ਵਿਚੋਂ ਕੁਝ ਤਾਂ ਆਪਣਾ ਸਵਾਰਥ ਪੂਰਾ ਕਰਨ ਤੋਂ ਬਾਅਦ ਉਸ ਤੋਂ ਅਲੱਗ ਵੀ ਹੋ ਗਏ। ਉੱਤਰ ਪ੍ਰਦੇਸ਼ ਵਿਚ ਹਾਲੀਆ ਚੋਣਾਂ ਤੋਂ ਠੀਕ ਪਹਿਲਾਂ ਕਈ ਅਜਿਹੇ ਨੇਤਾਵਾਂ ਨੇ ਭਾਜਪਾ ਦਾ ਸਾਥ ਛੱਡਿਆ ਜੋ 2016-17 ਵਿਚ ਉਸ ਨਾਲ ਜੁੜੇ ਸਨ।
ਸਾਫ਼ ਹੈ ਕਿ ਅਜਿਹੇ ਨੇਤਾਵਾਂ ਨੇ ਦਿਖਾਵੇ ਲਈ ਭਾਜਪਾ ਦੀ ਵਿਚਾਰਧਾਰਾ ਨੂੰ ਅਪਨਾਇਆ ਸੀ। ਉਨ੍ਹਾਂ ਦਾ ਮਕਸਦ ਸਿਰਫ਼ ਸੱਤਾ ਦੀ ਮਲਾਈ ਖਾਣੀ ਸੀ। ਅਜਿਹੇ ਕੁਝ ਨੇਤਾ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਵਿਚ ਆਏ ਸਨ। ਇਨ੍ਹਾਂ ਵਿਚੋਂ ਕੁਝ ਤਾਂ ਚੋਣ ਖ਼ਤਮ ਹੁੰਦੇ ਹੀ ਵਾਪਸ ਤ੍ਰਿਣਮੂਲ ਕਾਂਗਰਸ ਵਿਚ ਪਰਤ ਗਏ। ਇਸ ਨਾਲ ਭਾਜਪਾ ਦੀ ਕਿਰਕਿਰੀ ਹੀ ਹੋਈ।
ਅਜਿਹੇ ਮੌਕਾਪ੍ਰਸਤ ਨੇਤਾ ਨਾ ਤਾਂ ਭਾਜਪਾ ਦੀ ਵਿਚਾਰਧਾਰਾ ਨੂੰ ਅਪਣਾ ਪਾਉਂਦੇ ਹਨ ਅਤੇ ਨਾ ਹੀ ਪਾਰਟੀ ਦੇ ਕਾਰਕੁਨਾਂ ਅਤੇ ਨੇਤਾਵਾਂ ਨਾਲ ਤਾਲਮੇਲ ਕਾਇਮ ਕਰ ਪਾਉਂਦੇ ਹਨ। ਭਾਜਪਾ ਲਈ ਇਹ ਚੁਣੌਤੀ ਹੈ ਕਿ ਉਹ ਮਹਿਜ਼ ਆਪਣਾ ਸਵਾਰਥ ਸੇਧਣ ਵਾਲੀਆਂ ਪਾਰਟੀਆਂ ਦੇ ਮੌਕਾਪ੍ਰਸਤ ਨੇਤਾਵਾਂ ਤੋਂ ਦੂਰੀ ਕਿਵੇਂ ਬਣਾਵੇ ਕਿਉਂਕਿ ਉਹ ਭਾਜਪਾ ਦੇ ਵਚਨਬੱਧ ਨੇਤਾਵਾਂ ਅਤੇ ਕਾਰਕੁਨਾਂ ਦਾ ਹੱਕ ਖੋਹ ਲੈਂਦੇ ਹਨ।
ਇਹ ਚੰਗਾ ਹੈ ਕਿ ਭਾਜਪਾ ਨੇ ਆਪਣੇ 42ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਹੀ ਪਰਿਵਾਰਵਾਦੀ ਰਾਜਨੀਤੀ ਵਿਰੁੱਧ ਮੁਹਿੰਮ ਛੇੜ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਕੁਝ ਸਮੇਂ ਵਿਚ ਜਿਸ ਤਰ੍ਹਾਂ ਕਈ ਮੌਕਿਆਂ ’ਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਲੋਕਤੰਤਰ ਲਈ ਜ਼ਹਿਰ ਦੱਸਿਆ ਹੈ, ਉਸ ਤੋਂ ਵਿਰੋਧੀ ਧਿਰ ਨੂੰ ਚੌਕਸ ਹੋ ਜਾਣਾ
ਚਾਹੀਦਾ ਸੀ।
ਭਾਜਪਾ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਇਸ ਲਈ ਸਤ੍ਹਾ ’ਤੇ ਲਿਆਉਣ ਵਿਚ ਸਫਲ ਹੋ ਰਹੀ ਹੈ ਕਿਉਂਕਿ ਉਸ ਨੇ ਲੀਡਰਸ਼ਿਪ ਦੇ ਪੱਧਰ ’ਤੇ ਪਰਿਵਾਰਵਾਦ ਨੂੰ ਕਦੇ ਪੋਸ਼ਿਤ ਨਹੀਂ ਕੀਤਾ ਜਦਕਿ ਕਾਂਗਰਸ ਸਮੇਤ ਜ਼ਿਆਦਾਤਰ ਖੇਤਰੀ ਪਾਰਟੀਆਂ ਦੀ ਰਾਜਨੀਤੀ ਪਰਿਵਾਰਵਾਦ ਦਾ ਹੀ ਪ੍ਰਤੀਕ ਬਣ ਗਈ ਹੈ। ਕਈ ਪਾਰਟੀਆਂ ਤਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਪਾਰਟੀ ਦੀ ਲੀਡਰਸ਼ਿਪ ਸਦਾ ਪਰਿਵਾਰ ਵਿਸ਼ੇਸ਼ ਦੇ ਕੋਲ ਹੀ ਰਹਿੰਦੀ ਹੈ। ਇਹ ਲੋਕਤੰਤਰ ਲਈ ਸ਼ੁਭ ਸੰਕੇਤ ਨਹੀਂ ਕਿ ਅਜਿਹੀਆਂ ਪਾਰਟੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਵਿਰੋਧੀ ਧਿਰ ਦੇ ਜੋ ਨੇਤਾ ਭਾਜਪਾ ਨੇਤਾਵਾਂ ਦੇ ਉਨ੍ਹਾਂ ਬੇਟੇ-ਬੇਟੀਆਂ ਦਾ ਜ਼ਿਕਰ ਕਰ ਕੇ ਉਸ ’ਤੇ ਨਿਸ਼ਾਨਾ ਸੇਧਦੇ ਰਹਿੰਦੇ ਹਨ ਜਿਨ੍ਹਾਂ ਦੇ ਮਾਤਾ-ਪਿਤਾ ਵੀ ਪਾਰਟੀ ਵਿਚ ਹਨ, ਉਨ੍ਹਾਂ ਨੂੰ ਇਸ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਕਿ ਜੋ ਵੀ ਨੇਤਾ ਭਾਜਪਾ ਪ੍ਰਧਾਨ ਬਣੇ, ਉਨ੍ਹਾਂ ’ਚੋਂ ਕੋਈ ਕਿਸੇ ਪਾਰਟੀ ਦੇ ਨੇਤਾ ਦੀ ਔਲਾਦ ਨਹੀਂ।
ਇਨ੍ਹਾਂ ’ਚੋਂ ਕਈ ਤਾਂ ਆਪਣੇ ਮੁੱਢਲੇ ਸਿਆਸੀ ਜੀਵਨ ਵਿਚ ਪਾਰਟੀ ਦੇ ਆਮ ਵਰਕਰ ਸਨ। ਆਖ਼ਰ ਭਾਜਪਾ ਅਤੇ ਹਾਸ਼ੀਏ ’ਤੇ ਜਾ ਰਹੀਆਂ ਖੱਬੇ-ਪੱਖੀ ਪਾਰਟੀਆਂ ਨੂੰ ਛੱਡ ਕੇ ਹੋਰ ਪਾਰਟੀਆਂ ਵਿਚ ਅਜਿਹੇ ਕਿੰਨੇ ਨੇਤਾ ਹਨ ਜੋ ਸਿਖ਼ਰ ’ਤੇ ਪੁੱਜ ਸਕੇ ਹਨ। ਉਹ ਤਾਂ ਇਸ ਬਾਰੇ ਸੋਚ ਵੀ ਨਹੀਂ ਸਕਦੇ।
ਚਾਰ ਦਹਾਕਿਆਂ ਦੀ ਭਾਜਪਾ ਦੀ ਵਿਸਥਾਰ ਅਤੇ ਵਿਜੈ ਯਾਤਰਾ ਨੇ ਇਸ ਧਾਰਨਾ ਨੂੰ ਨੇਸਤੋ-ਨਾਬੂਦ ਕਰ ਦਿੱਤਾ ਹੈ ਕਿ ਉਹ ਕੇਵਲ ਵਪਾਰੀਆਂ ਜਾਂ ਸ਼ਹਿਰੀ ਮੱਧ ਵਰਗ ਦੀ ਪਾਰਟੀ ਹੈ। ਸੰਨ 2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਫਲਤਾ ਹਾਸਲ ਕਰਨ ਤੋਂ ਬਾਅਦ ਭਾਜਪਾ ਨੇ ਜਿਸ ਤਰ੍ਹਾਂ ਦੱਖਣ ਦੇ ਕੁਝ ਸੂਬਿਆਂ ਨੂੰ ਛੱਡ ਕੇ ਲਗਪਗ ਪੂਰੇ ਦੇਸ਼ ਵਿਚ ਆਪਣੀ ਹੋਂਦ ਦਰਜ ਕਰਵਾਈ ਅਤੇ ਇਕ ਤੋਂ ਬਾਅਦ ਇਕ ਸੂਬਿਆਂ ਵਿਚ ਸਰਕਾਰ ਬਣਾਈ, ਉਹ ਇਕ ਮਿਸਾਲ ਹੈ। ਭਾਜਪਾ ਦੇ ਵਿਸਥਾਰ ਵਿਚ ਜਿੰਨਾ ਯੋਗਦਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਕਬੂਲੀਅਤ ਦਾ ਹੈ, ਓਨਾ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੁਸ਼ਲ ਰਣਨੀਤੀ ਦਾ ਵੀ।
ਵਿਰੋਧੀ ਪਾਰਟੀਆਂ ਭਾਜਪਾ ’ਤੇ ਫ਼ਿਰਕੂ ਹੋਣ ਦਾ ਦੋਸ਼ ਭਾਵੇਂ ਹੀ ਲਗਾਉਂਦੀਆਂ ਹੋਣ ਪਰ ਪ੍ਰਧਾਨ ਮੰਤਰੀ ਨੇ ਇਹੀ ਸਿੱਧ ਕੀਤਾ ਹੈ ਕਿ ਭਾਜਪਾ ਦੀ ਹਿੰਦੂਤਵ ਦੀ ਰਾਜਨੀਤੀ ਪੂਰੀ ਤਰ੍ਹਾਂ ਸਮਾਵੇਸ਼ੀ ਹੈ ਅਤੇ ਉਹ ਜਾਤੀ-ਮਜ਼ਹਬ ਦੇਖੇ ਬਿਨਾਂ ਸਾਰਿਆਂ ਨੂੰ ਆਪਣੇ ਵਿਚ ਸ਼ਾਮਲ ਕਰਦੀ ਹੈ ਅਤੇ ਸਭ ਦੀ ਤਰੱਕੀ ਲਈ ਵਚਨਬੱਧ ਹੈ।
ਤ੍ਰਾਸਦੀ ਇਹ ਹੈ ਕਿ ਕਿਸੇ ਖ਼ਾਸ ਵਰਗ ਨੂੰ ਆਪਣੇ ਸਵਾਰਥਾਂ ਲਈ ਭਰਮਾਉਣ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਇਹ ਦੇਖਣ ਨੂੰ ਤਿਆਰ ਨਹੀਂ ਕਿ ਮੋਦੀ ਸਰਕਾਰ ਦੀ ਕੋਈ ਨੀਤੀ ਅਜਿਹੀ ਨਹੀਂ ਜਿਸ ਵਿਚ ਕਿਸੇ ਨਾਲ ਪੱਖਪਾਤ ਕੀਤਾ ਗਿਆ ਹੋਵੇ। ਇਸ ਦੇ ਉਲਟ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਗ਼ੈਰ-ਭਾਜਪਾ ਸਰਕਾਰਾਂ ਨੇ ਕਿਸ ਤਰ੍ਹਾਂ ਸਵਾਰਥ ਭਰਪੂਰ ਰਾਜਨੀਤੀ ਤਹਿਤ ਪੱਖਪਾਤ ਵਾਲੀਆਂ ਨੀਤੀਆਂ ਬਣਾਈਆਂ। ਵਿਰੋਧੀ ਪਾਰਟੀਆਂ ਇਹ ਵੀ ਦੇਖਣ ਨੂੰ ਤਿਆਰ ਨਹੀਂ ਕਿ ਭਾਜਪਾ ਦੀ ਰਾਜਨੀਤਕ ਸਫਲਤਾ ਵਿਚ ਉਸ ਦੇ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਦੇ ਨਾਲ ਉਨ੍ਹਾਂ ਜਨ-ਕਲਿਆਣਕਾਰੀ ਅਤੇ ਵਿਕਾਸ ਯੋਜਨਾਵਾਂ ਦਾ ਵੀ ਵੱਡਾ ਹੱਥ ਹੈ ਜਿਨ੍ਹਾਂ ਨੇ ਸਮਾਜ ਦੇ ਅੰਤਿਮ ਵਿਅਕਤੀ ਨੂੰ ਵੀ ਫ਼ਾਇਦਾ ਪਹੁੰਚਾਇਆ ਹੈ। ਭਾਜਪਾ ਦੇ ਵਿਸਥਾਰ ਦਾ ਇਕ ਹੋਰ ਕਾਰਨ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਨਵੀਂ ਪੀੜ੍ਹੀ ਦੇ ਨੇਤਾਵਾਂ ਨੂੰ ਅੱਗੇ ਲਿਆਉਣਾ ਵੀ ਹੈ।
ਇਸੇ ਕਾਰਨ ਭਾਜਪਾ ਦਾ ਜਨ ਆਧਾਰ ਤੇਜ਼ੀ ਨਾਲ ਵਧਿਆ। ਹੁਣ ਤਾਂ ਉਸ ਨੇ ਅਨੁਸੂਚਿਤ ਜਾਤੀ-ਜਨਜਾਤੀ ਸਮਾਜ ਦੇ ਨਾਲ-ਨਾਲ ਹੋਰ ਪੱਛੜਾ ਵਰਗਾਂ ਵਿਚਾਲੇ ਵੀ ਡੂੰਘੀ ਪੈਠ ਬਣਾ ਲਈ ਹੈ। ਇਹ ਪੈਠ ਰਾਹੁਲ ਗਾਂਧੀ ਦੇ ਉਸ ਥੋਥੇ ਦਾਅਵੇ ਦੀ ਪੋਲ ਹੀ ਖੋਲ੍ਹਦੀ ਹੈ ਜਿਸ ਤਹਿਤ ਉਹ ਇਹ ਦੁਹਰਾਉਂਦੇ ਰਹਿੰਦੇ ਹਨ ਕਿ ਭਾਜਪਾ ਚੰਦ ਉੱਦਮੀਆਂ ਲਈ ਕੰਮ ਕਰ ਰਹੀ ਹੈ।
ਭਾਜਪਾ ਦੇ ਅੱਗੇ ਕੁਝ ਚੁਣੌਤੀਆਂ ਵੀ ਹਨ। ਦੱਖਣੀ ਭਾਰਤ ਵਿਚ ਉਸ ਨੇ ਕਰਨਾਟਕ ਵਿਚ ਤਾਂ ਆਪਣੀ ਪੈਠ ਬਣਾਈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿਚ ਵੀ ਸੱਤਾ ਪ੍ਰਾਪਤ ਕਰ ਲਈ, ਪਰ ਹੋਰ ਰਾਜਾਂ ਖ਼ਾਸ ਤੌਰ ’ਤੇ ਕੇਰਲ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ਵਿਚ ਉਸ ਨੂੰ ਹੁਣ ਤਕ ਉਮੀਦ ਮੁਤਾਬਕ ਸਫਲਤਾ ਨਹੀਂ ਮਿਲ ਸਕੀ ਹੈ। ਇਨ੍ਹਾਂ ਵਿਚ ਕਰਨਾਟਕ ਵਰਗੀ ਸ਼ਾਨਦਾਰ ਸਫਲਤਾ ਕਿਉਂ ਨਹੀਂ ਹਾਸਲ ਹੋ ਸਕੀ, ਇਸ ’ਤੇ ਭਾਜਪਾ ਦੀ ਲੀਡਰਸ਼ਿਪ ਨੂੰ ਸੰਜੀਦਗੀ ਨਾਲ ਵਿਚਾਰ-ਵਟਾਂਦਰਾ ਕਰਨਾ ਹੋਵੇਗਾ।
ਅਜਿਹਾ ਕਰਦੇ ਸਮੇਂ ਉਸ ਨੂੰ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਕੀਤੇ ਬਿਨਾਂ ਇਨ੍ਹਾਂ ਸੂਬਿਆਂ ਵਿਚ ਜਨ ਆਧਾਰ ਵਧਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਅਜਿਹਾ ਕਰਦੇ ਸਮੇਂ ਉਸ ਨੂੰ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਕੀਤੇ ਬਿਨਾਂ ਇਨ੍ਹਾਂ ਸੂਬਿਆਂ ਵਿਚ ਜਨ ਆਧਾਰ ਵਧਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ।
ਇਨ੍ਹਾਂ ਸੂਬਿਆਂ ਦੀ ਰਾਜਨੀਤੀ ਨਾ ਸਿਰਫ਼ ਲੋਕਾਂ ਨੂੰ ਭਰਮਾਉਣ ਵਾਲੀ ਹੈ, ਬਲਕਿ ਕੇਰਲ ਨੂੰ ਛੱਡ ਕੇ ਹੋਰ ਜਗ੍ਹਾ ਪਰਿਵਾਰਵਾਦ ਵੀ ਭਾਰੂ ਹੈ। ਇਨ੍ਹਾਂ ਸੂਬਿਆਂ ਵਿਚ ਪਰਿਵਾਰਵਾਦ ਵਿਰੁੱਧ ਲੋਕ ਰਾਇ ਦਾ ਨਿਰਮਾਣ ਕਰ ਕੇ ਭਾਜਪਾ ਸਫਲਤਾ ਹਾਸਲ ਕਰ ਸਕਦੀ ਹੈ।
-ਸੰਜੇ ਗੁਪਤ
-(ਲੇਖਕ ‘ਦੈਨਿਕ ਜਾਗਰਣ’ ਅਖ਼ਬਾਰ ਦੇ ਮੁੱਖ ਸੰਪਾਦਕ ਹਨ)।
-response@jagran.com