ਭਾਰਤ ਨੂੰ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ। ਲਾਸਾਨੀ ਕੁਰਬਾਨੀਆਂ ਤੋਂ ਬਾਅਦ 15 ਅਗਸਤ 1947 ਨੂੰ ਆਜ਼ਾਦ ਹੋਇਆ ਭਾਰਤ 26 ਜਨਵਰੀ 1950 ਵਾਲੇ ਦਿਨ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਗਣਤੰਤਰ ਬਣਿਆ ਸੀ। ਲੋਕ ਸਭਾ ਦੀਆਂ ਪਹਿਲੀਆਂ ਚੋਣਾਂ ਭਾਰਤ ਵਿਚ ਸੰਨ 1951-52 ਵਿਚ ਹੋਈਆਂ ਸਨ ਅਤੇ ਉਦੋਂ ਤੋਂ ਲੋਕ ਸਭਾ ਦੀਆਂ ਚੋਣਾਂ, ਵੱਖੋ-ਵੱਖਰੇ ਸੂਬਿਆਂ ਵਿਚ ਵਿਧਾਨ ਸਭਾ ਦੀਆਂ ਚੋਣਾਂ, ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਨਿਯਮਤ ਸਮੇਂ ’ਤੇ ਹੋ ਰਹੀਆਂ ਹਨ ਅਤੇ ਇਹ ਤਿਉਹਾਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ।
ਭਾਰਤੀ ਚੋਣ ਕਮਿਸ਼ਨ 25 ਜਨਵਰੀ 1950 ਨੂੰ ਹੋਂਦ ਵਿਚ ਆਇਆ ਸੀ। ਕਿਸੇ ਵੀ ਮੁਲਕ ਵਿਚ ਜਿੱਥੇ ਲੋਕਤੰਤਰ ਹੋਵੇ ਅਤੇ ਜਿਸ ਦੀ ਆਬਾਦੀ ਲਗਾਤਾਰ ਵਧ ਰਹੀ ਹੋਵੇ, ਉੱਥੇ ਮਿੱਥੇ ਸਮੇਂ ’ਤੇ ਅਤੇ ਮਿੱਥੀ ਪ੍ਰਕਿਰਿਆ ਮੁਤਾਬਕ ਪੰਚਾਇਤਾਂ, ਲੋਕਲ ਬਾਡੀਜ਼ ਅਦਾਰਿਆਂ, ਪੰਚਾਇਤ ਸੰਮਤੀਆਂ, ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਕਰਵਾਉਣਾ ਕੋਈ ਸੌਖਾ ਕੰਮ ਨਹੀਂ ਹੈ। ਚੋਣਾਂ ਨੂੰ ਸਾਰਥਕ ਬਣਾਉਣ ਲਈ ਚੋਣ ਕਮਿਸ਼ਨ ਲਗਾਤਾਰ ਅਤੇ ਯੋਜਨਾਬੱਧ ਯਤਨ ਕਰ ਕੇ ਯੋਗ ਵਿਅਕਤੀਆਂ ਨੂੰ ਪਹਿਲਾਂ ਵੋਟਰ ਬਣਾ ਰਿਹਾ ਹੈ ਅਤੇ ਫਿਰ ਉਨ੍ਹਾਂ ਨੂੰ ਵੱਖੋ-ਵੱਖਰੇ ਤਰੀਕਿਆਂ ਅਤੇ ਸਾਧਨਾਂ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਦਾ ਹੈ।
ਕਮਿਸ਼ਨ ਆਪਣੀਆਂ ਵੱਖੋ-ਵੱਖਰੀਆਂ ਕਾਰਗੁਜ਼ਾਰੀਆਂ ਰਾਹੀਂ ਲੋਕਾਂ ਨੂੰ ਵੋਟ ਦੀ ਤਾਕਤ ਦਾ ਅਹਿਸਾਸ ਵੀ ਲਗਾਤਾਰ ਕਰਵਾਉਂਦਾ ਰਹਿੰਦਾ ਹੈ। ਭਾਰਤ ਦੇ ਸੰਵਿਧਾਨ ਦੀਆਂ ਧਾਰਾਵਾਂ 324, 325 ਅਤੇ 326 ਚੋਣਾਂ ਨਾਲ ਸਬੰਧਤ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਧਾਰਾਵਾਂ ਦਾ ਜੋ ਦਾਇਰਾ ਹੈ, ਉਹ ਵੱਡਾ ਕੀਤਾ ਜਾ ਰਿਹਾ ਹੈ ਤੇ ਸੁਪਰੀਮ ਕੋਰਟ ਨੇ ਵੀ ਚੋਣ ਕਮਿਸ਼ਨ ਨੂੰ ਇਹ ਹਦਾਇਤ ਦਿੱਤੀ ਹੈ ਕਿ ਕੋਈ ਵੀ ਨਾਗਰਿਕ ਜੋ ਮਤਦਾਨ ਕਰਨ ਲਈ ਯੋਗ ਹੋ ਚੁੱਕਿਆ ਹੈ, ਉਸ ਦਾ ਨਾਮ ਮਤਦਾਤਾਵਾਂ ਦੀ ਸੂਚੀ ਵਿਚ ਜ਼ਰੂਰ ਦਰਜ ਹੋਵੇ।
ਜਿਵੇਂ-ਜਿਵੇਂ ਲੋਕਤੰਤਰ ਦਾ ਆਕਾਰ ਅਤੇ ਆਧਾਰ ਵੱਡਾ ਹੁੰਦਾ ਹੈ, ਤਿਵੇਂ-ਤਿਵੇਂ ਇਹ ਮਜ਼ਬੂਤ ਹੁੰਦਾ ਹੈ। ਅੰਕੜਿਆਂ ਮੁਤਾਬਕ ਭਾਰਤ ਵਿਚ ਮਤਦਾਤਾਵਾਂ ਦੀ ਗਿਣਤੀ ਲਗਪਗ 90 ਕਰੋੜ ਤੋਂ 100 ਕਰੋੜ ਵਿਚ ਹੈ ਤੇ ਆਉਣ ਵਾਲੀ ਮਰਦਮਸ਼ੁਮਾਰੀ ਤੋਂ ਬਾਅਦ ਵੋਟਰਾਂ ਦੀ ਗਿਣਤੀ 100 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ। ਇਸ ਨੂੰ ਦੇਖਦੇ ਹੋਏ ਭਾਰਤੀ ਚੋਣ ਕਮਿਸ਼ਨ ਨਵੇਂ-ਨਵੇਂ ਢੰਗ ਤਰੀਕੇ ਲੱਭ ਕੇ ਇਹ ਯਕੀਨੀ ਬਣਾ ਰਿਹਾ ਹੈ ਕਿ ਸਭ ਦੇਸ਼ ਵਾਸੀਆਂ ਦੀ ਵੋਟ ਉਨ੍ਹਾਂ ਦੀ ਵੋਟ ਬਣਾਉਣ ਵਾਲੀ ਉਮਰ ਨੂੰ ਪੂਰੀ ਕਰਨ ’ਤੇ ਬਗੈਰ ਕਿਸੇ ਦੇਰੀ ਤੋਂ ਬਣ ਜਾਵੇ। ਭਾਵੇਂ ਭਾਰਤੀ ਚੋਣ ਕਮਿਸ਼ਨ ਹਰ ਵੇਲੇ ਯੋਗ ਵਿਅਕਤੀਆਂ ਦੀ ਵੋਟ ਬਣਾਉਂਦਾ ਰਹਿੰਦਾ ਹੈ ਪਰ ਸ਼ੁਰੂ ਵਿਚ ਇਹ ਦੇਖਿਆ ਗਿਆ ਕਿ ਜਿਹੜੇ ਲੋਕ ਵੋਟ ਬਣਾਉਣ ਲਈ ਯੋਗ ਹੋ ਜਾਂਦੇ ਸਨ, ਉਨ੍ਹਾਂ ’ਚੋਂ 12 ਕੁ ਫ਼ੀਸਦੀ ਹੀ ਆਪਣੀ ਵੋਟ ਬਣਾਉਂਦੇ ਸਨ ਤੇ ਇਹ ਵਰਤਾਰਾ ਚੋਣ ਕਮਿਸ਼ਨ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ।
ਇਸ ਵਿਸ਼ੇ ਬਾਰੇ ਕੌਮੀ ਪੱਧਰ ’ਤੇ ਲਗਾਤਾਰ ਬੈਠਕਾਂ ਹੋਈਆਂ ਕਿ ਕਿਸ ਢੰਗ-ਤਰੀਕੇ ਨਾਲ ਜ਼ਿਆਦਾ ਤੋਂ ਜ਼ਿਆਦਾ ਯੋਗ ਵਿਅਕਤੀਆਂ ਨੂੰ ਵੋਟਰ ਬਣਾਇਆ ਜਾ ਸਕਦਾ ਹੈ ਤਾਂ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਹਰੇਕ ਤਰ੍ਹਾਂ ਦੀਆਂ ਚੋਣਾਂ ਵਿਚ ਕਰ ਸਕਣ।
ਇਸੇ ਮੰਤਵ ਨਾਲ ਚੋਣ ਕਮਿਸ਼ਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨਾਟਕਾਂ, ਰੈਲੀਆਂ-ਝਾਕੀਆਂ ਅਤੇ ਧਿਆਨ ਖਿੱਚਣ ਵਾਲੀਆਂ ਗਤੀਵਿਧੀਆਂ ਸਹਾਰੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਦਾ ਹੈ ਕਿ ਉਹ ਵੋਟਰ ਦੇ ਤੌਰ ’ਤੇ ਆਪਣਾ ਨਾਂ ਵੋਟਰ ਸੂਚੀ ਵਿਚ ਦਰਜ ਕਰਵਾਏ। ਚੋਣ ਕਮਿਸ਼ਨ ਨੇ ਕੁਝ ਦਹਾਕੇ ਪਹਿਲਾਂ ਇਕ ਕ੍ਰਾਂਤੀਕਾਰੀ ਕਦਮ ਚੁੱਕਦੇ ਹੋਏ ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਸੀ ਅਤੇ ਫਿਰ ਸੰਨ 2011 ਵਿਚ 25 ਜਨਵਰੀ ਨੂੰ ਰਾਸ਼ਟਰੀ ਮਤਦਾਤਾ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਦਿਵਸ ’ਤੇ ਭਾਰਤ ਦੇ ਕੋਨੇ-ਕੋਨੇ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੋਟਾਂ ਬਣਵਾਉਣ ਲਈ ਪ੍ਰੇਰਿਆ ਜਾਂਦਾ ਹੈ। ਚੋਣ ਕਮਿਸ਼ਨ ਦਾ ਮੰਤਵ ਹੈ ਕਿ ਦੇਸ਼ ਵਿਚ ਲੋਕਤੰਤਰ ਮਜ਼ਬੂਤ ਹੋਵੇ ਅਤੇ ਇਸ ਨੂੰ ਮਜ਼ਬੂਤ ਬਣਾਉਣ ਲਈ ਵੋਟਰਾਂ ਦੀ ਭਾਗੀਦਾਰੀ 100 ਫ਼ੀਸਦੀ ਹੋ ਜਾਣੀ ਚਾਹੀਦੀ ਹੈ। ਉਹ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਵੋਟਰ ਬਣਾਉਣ ਲਈ ਹੁਣ ਸਾਲ ਵਿਚ ਉਨ੍ਹਾਂ ਨੂੰ ਆਪਣੀ ਵੋਟ ਬਣਾਉਣ ਲਈ ਚਾਰ ਮੌਕੇ ਦੇਵੇਗਾ। ਪਹਿਲਾਂ ਸਾਲ ਵਿਚ ਇਕ ਵਾਰੀ ਹੀ ਵੋਟਾਂ ਬਣਦੀਆਂ ਸਨ। ਚੋਣ ਕਮਿਸ਼ਨ ਨੇ ਵਿਕਲਾਂਗ ਮਤਦਾਤਾਵਾਂ ਲਈ ਇਕ ਐਪ ਆਰੰਭ ਕੀਤੀ ਹੈ ਜਿਸ ਰਾਹੀਂ ਉਹ ਆਪਣੀ ਵੋਟ ਬਣਵਾ ਸਕਦੇ ਹਨ। ਪੋਲਿੰਗ ਬੂਥ ’ਤੇ ਪਹੁੰਚਣ ਲਈ ਵ੍ਹੀਲ ਚੇਅਰ ਦਾ ਇੰਤਜ਼ਾਮ ਕੀਤਾ ਹੁੰਦਾ ਹੈ।
ਘੱਟ ਦਿ੍ਰਸ਼ਟੀ ਵਾਲੇ ਲੋਕਾਂ ਲਈ ਵੋਟਿੰਗ ਮਸ਼ੀਨ ’ਤੇ ਬਰੇਲ ਭਾਸ਼ਾ ਦਾ ਵੀ ਇੰਤਜ਼ਾਮ ਕੀਤਾ ਹੈ। ਇਹ ਸਾਰੀਆਂ ਸਹੂਲਤਾਂ ਇਸ ਲਈ ਦਿੱਤੀਆਂ ਗਈਆਂ ਹਨ ਤਾਂ ਜੋ ਵਿਕਲਾਂਗ ਵੋਟਰਾਂ ਨੂੰ ਵੋਟ ਪਾਉਣਾ ਸੁਖਾਵਾਂ ਤੇ ਚੰਗਾ ਲੱਗੇ। ਇਸ ਐਪ ਤਹਿਤ ਚੋਣ ਸ਼ਨਾਖ਼ਤੀ ਕਾਰਡ ਵੋਟਰ ਦੇ ਘਰ ਪਹੁੰਚ ਜਾਂਦਾ ਹੈ। ਚੋਣ ਕਮਿਸ਼ਨ ਦਾ ਇਹ ਵੀ ਮੰਤਵ ਹੈ ਕਿ ਵਿਕਲਾਂਗ ਵੋਟਰ ਸਾਧਾਰਨ ਵੋਟਰਾਂ ਵਾਂਗੂ ਹੀ ਆਸਾਨੀ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਅੰਕੜਿਆਂ ਅਨੁਸਾਰ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ 67.11 ਪ੍ਰਤੀਸ਼ਤ ਵੋਟਰਾਂ ਨੇ ਹਿੱਸਾ ਲਿਆ ਸੀ ਜਿਹੜੀ ਕਿ ਆਜ਼ਾਦ ਭਾਰਤ ਦੇ ਚੋਣਾਂ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਪ੍ਰਤੀਸ਼ਤਤਾ ਹੈ।
ਦੇਸ਼ ਦੀ ਤਕਸੀਮ ਤੋਂ ਬਾਅਦ ਇਸਲਾਮ ਦੇ ਨਾਂ ’ਤੇ ਹੋਂਦ ਵਿਚ ਆਏ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਜਮਹੂਰੀਅਤ ਅਜੇ ਤਕ ਪੱਕੇ ਪੈਰੀਂ ਨਹੀਂ ਹੋ ਸਕੀ। ਪਾਕਿਸਤਾਨ ਵਿਚ ਲੰਬਾ ਸਮਾਂ ਮਾਰਸ਼ਲ ਲਾਅ ਰਿਹਾ ਹੈ। ਅਸੀਂ ਖ਼ੁਸ਼ਕਿਸਮਤ ਹਾਂ ਕਿ ਭਾਰਤ ਵਿਚ ਜਮਹੂਰੀਅਤ ਪੱਕੇ ਪੈਰੀਂ ਹੈ ਜਿਸ ਵਿਚ ਵੋਟਰਾਂ ਦਾ ਵੱਡਾ ਯੋਗਦਾਨ ਹੈ। ਜਮਹੂਰੀਅਤ ਦੀ ਬੁਨਿਆਦ ਪੱਕੀ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਨੇ ਸ਼ੁਰੂ ਤੋਂ ਵੱਡੀ ਭੂਮਿਕਾ ਨਿਭਾਈ ਹੈ। ਚੋਣ ਕਮਿਸ਼ਨ ਚੋਣਾਂ ਵਿਚ ਵੋਟਰਾਂ ਦੀ ਇਸ ਭਾਗੀਦਾਰੀ ਨੂੰ ਹੋਰ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ। ਅੰਤ ਵਿਚ ਮੈਂ ਸਾਰੇ ਯੋਗ ਵਿਅਕਤੀਆਂ ਨੂੰ ਇਹ ਪ੍ਰਾਰਥਨਾ ਕਰਦਾ ਹਾਂ ਕਿ ਉਹ ਪਹਿਲਾਂ ਆਪਣੀ ਵੋਟ ਬਣਾਉਣ ਅਤੇ ਫਿਰ ਹਰੇਕ ਚੋਣ ਵਿਚ ਵਧ-ਚੜ੍ਹ ਕੇ ਹਿੱਸਾ ਲੈਣ।
-ਯਸ਼ਵੀਰ ਗੋਇਲ
-(ਕੌਮੀ ਯੂਥ ਪੁਰਸਕਾਰ ਜੇਤੂ ਅਤੇ ਨੈਸ਼ਨਲ ਐਵਾਰਡੀ ਆਈਕਨ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ)।
-ਮੋਬਾਈਲ : 97804-36841