ਹਾਲ ਹੀ ਵਿਚ ਸਤਾਰਵੀਂ ਲੋਕ ਸਭਾ ਦੇ ਗਠਨ ਲਈ ਸੱਤ ਗੇੜਾਂ ਵਿਚ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਐੱਨਡੀਏ ਦੀ ਇਤਿਹਾਸਕ ਜਿੱਤ ਵੱਲ ਤਕਰੀਬਨ ਸਭ ਐਗਜ਼ਿਟ ਪੋਲ ਇਸ਼ਾਰਾ ਕਰ ਰਹੇ ਸਨ ਪਰ 23 ਮਈ ਨੂੰ ਸਾਹਮਣੇ ਆਏ ਨਤੀਜਿਆਂ ਨੇ ਐਗਜ਼ਿਟ ਪੋਲਜ਼ ਨੂੰ ਹਕੀਕਤ ਵਿਚ ਬਦਲ ਦਿੱਤਾ। ਸਾਰੇ ਦੇਸ਼ ਦੇ 90 ਕਰੋੜ ਵੋਟਰਾਂ 'ਚੋਂ 60 ਕਰੋੜ ਤੋਂ ਵੱਧ ਨੇ ਮਤਦਾਨ ਕੀਤਾ ਸੀ।]
ਲੋਕ ਸਭਾ ਦੀਆਂ 542 ਸੀਟਾਂ 'ਤੇ ਹੋਈਆਂ ਚੋਣਾਂ 'ਚੋਂ 300 ਤੋਂ ਵੱਧ ਸੀਟਾਂ 'ਤੇ ਇਕੱਲੀ ਭਾਜਪਾ ਨੇ ਹੀ ਕਬਜ਼ਾ ਕੀਤਾ ਤੇ ਕੇਂਦਰ ਵਿਚ ਫਿਰ ਮੋਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ। ਅੱਜ ਮੋਦੀ ਮੈਜਿਕ ਹਰੇਕ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਮੋਦੀ ਸਰਕਾਰ ਦੀ ਇਹ ਜਿੱਤ ਕਾਫੀ ਇਤਿਹਾਸਕ ਰਹੀ ਹੈ।
ਪੰਡਿਤ ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਪੂਰਨ ਬਹੁਮਤ ਨਾਲ ਕੇਂਦਰ ਵਿਚ ਆਪਣਾ ਝੰਡਾ ਲਹਿਰਾ ਰਹੇ ਹਨ। ਜੇਕਰ ਥੋੜ੍ਹੀ ਜਿਹੀ ਗਹਿਰਾਈ ਨਾਲ ਸੋਚੀਏ ਤੇ ਵਿਚਾਰੀਏ ਤਾਂ ਇਹ ਇਤਿਹਾਸਕ ਜਿੱਤ ਕੋਈ ਇਕ ਦਿਨ ਜਾਂ ਰਾਤ ਦੀ ਮਿਹਨਤ ਦਾ ਨਤੀਜਾ ਨਹੀਂ ਹੈ। ਇਸ ਦੇ ਪੈਰ ਤਾਂ ਉਸ ਦਿਨ ਤੋਂ ਹੀ ਬੱਝਣੇ ਸ਼ੁਰੂ ਹੋ ਗਏ ਸਨ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਆਪਣੀ ਸਰਕਾਰ ਕੇਂਦਰ ਵਿਚ ਬਣਾਈ ਸੀ। ਫਿਰ 'ਮਨ ਕੀ ਬਾਤ' ਸ਼ੁਰੂ ਕਰ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਇਕ ਬੱਚੇ ਨੂੰ ਜੋ ਪੜ੍ਹਾਇਆ, ਸੁਣਾਇਆ ਤੇ ਦਿਖਾਇਆ ਜਾਂਦਾ ਹੈ (ਚਾਹੇ ਉਹ ਝੂਠ ਹੀ ਕਿਉਂ ਨਾ ਹੋਵੇ) ਉਹ ਉਸ 'ਤੇ ਯਕੀਨ ਕਰਨ ਲੱਗ ਪੈਂਦਾ ਹੈ। ਸੰਨ 2014 ਵਿਚ ਜਿਹੜੇ ਬੱਚੇ 14 ਸਾਲ ਦੇ ਸਨ, ਉਹ ਆਪਣੇ 18 ਸਾਲ ਦੇ ਹੁੰਦੇ-ਹੁੰਦੇ 'ਮਨ ਕੀ ਬਾਤ' ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਕਰੀਬਨ 50 ਤੋਂ ਵੱਧ ਵਾਰ ਮਿਲੇ ਹੋਣਗੇ। ਅਰਥਾਤ ਉਨ੍ਹਾਂ ਨੇ ਆਪਣੇ ਬੱਚਿਆਂ ਤੋਂ ਨਾਗਰਿਕ ਬਣਨ ਦੀ ਉਮਰ ਦੌਰਾਨ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਿਆ ਜਿਸ ਸਦਕਾ ਮੋਦੀ ਦਾ ਅਕਸ ਉਨ੍ਹਾਂ ਦੀਆਂ ਨਜ਼ਰਾਂ 'ਚ ਮਜ਼ਬੂਤ ਹੁੰਦਾ ਗਿਆ ਅਤੇ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਕੋਲ ਸ਼ਾਇਦ ਮੋਦੀ ਨੂੰ ਚੁਣਨ ਤੋਂ ਸਿਵਾਏ ਹੋਰ ਕੋਈ ਬਦਲ ਹੀ ਨਾ ਰਿਹਾ।
ਐੱਨਡੀਏ ਦੀ ਇਸ ਸ਼ਾਨਦਾਰ ਜਿੱਤ ਪਿੱਛੇ ਜੇਕਰ ਮਹਿਲਾ ਵੋਟਰਾਂ ਦੀ ਹਿੱਸੇਦਾਰੀ ਵਿਚਾਰੀਏ ਤਾਂ ਉਨ੍ਹਾਂ ਵੀ ਇਸ ਜਿੱਤ 'ਚ ਕਾਫੀ ਅਹਿਮ ਭੂਮਿਕਾ ਅਦਾ ਕੀਤੀ ਹੈ। ਦੇਸ਼ ਦੇ 13 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਨੇ ਜ਼ਿਆਦਾ ਮਤਦਾਨ ਕੀਤਾ ਹੈ ਜਿਨ੍ਹਾਂ ਵਿਚ ਬਿਹਾਰ, ਉੱਤਰਾਖੰਡ, ਮਨੀਪੁਰ, ਮੇਘਾਲਿਆ, ਗੋਆ ਆਦਿ ਸ਼ਾਮਲ ਹਨ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਜਿਵੇਂ ਪੀਐੱਮ ਅਵਾਸ ਯੋਜਨਾ (ਰਹਿਣ ਲਈ ਘਰ), ਇੱਜ਼ਤ ਘਰ (ਘਰ ਵਿਚ ਪਖਾਨਾ), ਉਜਵਲਾ (ਗੈਸ ਸਿਲੰਡਰ), ਪ੍ਰਧਾਨ ਮੰਤਰੀ ਸੌਭਾਗਿਆ ਯੋਜਨਾ ਆਦਿ ਨੇ ਦੇਸ਼ ਦੀਆਂ ਔਰਤਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਚੋਣਾਂ ਵਿਚ ਇਹ ਦੱਸਣ ਕਿ ਉਨ੍ਹਾਂ ਦੀ ਵੋਟ ਦਾ ਅਸਲ ਹੱਕਦਾਰ ਕੌਣ ਹੈ?
ਸੋਸ਼ਲ ਮੀਡੀਆ, ਮੀਡੀਆ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀਆਂ ਰੈਲੀਆਂ ਵੀ ਇਸ ਬੇਮਿਸਾਲ ਜਿੱਤ ਵਿਚ ਅਹਿਮ ਭੂਮਿਕਾ ਨਿਭਾ ਗਈਆਂ ਹਨ। ਪੀਐੱਮ ਵੱਲੋਂ ਸਮੁੱਚੇ ਦੇਸ਼ 'ਚ ਲਗਪਗ 144 ਰੈਲੀਆਂ ਕੀਤੀਆਂ ਗਈਆਂ।ਜਿਨ੍ਹਾਂ ਦੀ ਸ਼ੁਰੂਆਤ 28 ਮਾਰਚ ਨੂੰ ਮੇਰਠ ਤੋਂ ਹੋਈ ਸੀ। ਕੁਝ ਮਹੀਨੇ ਪਹਿਲਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਸਨ ਪਰ ਇਨ੍ਹਾਂ ਸੂਬਿਆਂ ਵਿਚ ਵੀ ਮੋਟੇ ਤੌਰ 'ਤੇ ਮੋਦੀ ਲਹਿਰ ਹੀ ਦਿਖਾਈ ਦਿੱਤੀ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸ ਸੱਤਾ ਵਿਚ ਹੈ ਅਤੇ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਵੀ ਲੋਕਾਂ ਨੇ ਕਾਂਗਰਸ 'ਤੇ ਹੀ ਭਰੋਸਾ ਦਿਖਾਇਆ ਹੈ। ਫਿਰ ਵੀ ਅਕਾਲੀ-ਭਾਜਪਾ ਗੱਠਜੋੜ ਨੇ ਇੱਥੋਂ ਦੀਆਂ 13 ਸੀਟਾਂ 'ਚੋਂ 4 ਸੀਟਾਂ 'ਤੇ ਕਬਜ਼ਾ ਕਰ ਲਿਆ ਹੈ। ਜੇਕਰ ਥੋੜ੍ਹਾ ਹੋਰ ਗਹਿਰਾਈ ਨਾਲ ਵਿਚਾਰੀਏ ਤਾਂ ਪੰਜਾਬ ਦੀਆਂ ਕਈ ਸੀਟਾਂ 'ਤੇ ਬਸਪਾ (ਪੀਡੀਏ) ਦਾ ਵੋਟ ਬੈਂਕ ਵੀ ਕਾਫੀ ਰਿਹਾ। ਜੇਕਰ ਬਾਜ਼ਾਰ ਵੱਲ ਇਕ ਨਜ਼ਰ ਮਾਰੀਏ ਤਾਂ ਨਤੀਜਿਆਂ ਵਾਲੇ ਦਿਨ ਬੀਐੱਸਈ ਦਾ ਸੈਂਸੈਕਸ 1000 ਅੰਕ ਤੋਂ ਵੱਧ ਉਛਲ ਕੇ 40,000 ਅਤੇ ਐੱਨਐੱਸਈ ਦੇ ਨਿਫਟੀ ਨੇ 12,000 ਦਾ ਅੰਕੜਾ ਪਾਰ ਕੀਤਾ ਸੀ। ਹਾਲਾਂਕਿ ਬਾਅਦ ਵਿਚ ਇਹ ਦੋਵੇਂ ਸੂਚਕ ਅੰਕ ਗਿਰਾਵਟ ਨਾਲ ਬੰਦ ਹੋਏ। ਖ਼ੈਰ, ਹਰ ਸਰਕਾਰ ਦਾ ਅਸਲ ਮੰਤਵ ਦੇਸ਼ ਦੀ ਤਰੱਕੀ ਹੋਣਾ ਚਾਹੀਦਾ ਹੈ। ਅੱਜ ਭਾਜਪਾ ਅੱਗੇ ਸੱਤਾ ਵਿਚ ਆਉਣ ਤੋਂ ਬਾਅਦ ਵੀ ਕਈ ਚੁਣੌਤੀਆਂ ਹਨ। ਕੁਝ ਸੂਬੇ ਜਿਵੇਂ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਆਦਿ ਵਿਚ ਭਾਜਪਾ ਦਾ ਮਜ਼ਬੂਤ ਜਨ ਆਧਾਰ ਨਹੀਂ ਹੈ। ਇਹ ਵੀ ਮੋਦੀ ਸਰਕਾਰ ਅੱਗੇ ਇਕ ਰਾਜਨੀਤਕ ਚੁਣੌਤੀ ਹੈ। ਵਿਕਾਸ ਦਰ ਨੂੰ ਸੁਧਾਰਨਾ ਵੱਡੀ ਚੁਣੌਤੀ ਹੈ ਜੋ ਵਿੱਤੀ ਸਾਲ 2018-19 ਵਿਚ ਘਟ ਕੇ ਲਗਪਗ 7 ਫ਼ੀਸਦੀ 'ਤੇ ਆ ਗਈ ਹੈ। ਇਹ ਮੋਦੀ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਸਭ ਤੋਂ ਘੱਟ ਹੈ। ਭਾਰਤੀ ਅਰਥਚਾਰਾ ਵੀ ਅੱਜ ਡਾਵਾਂਡੋਲ ਹੈ। ਕਾਲਾਧਨ ਅਤੇ ਭ੍ਰਿਸ਼ਟਾਚਾਰ ਤੋਂ ਸਾਰੇ ਜਾਣੂ ਹਨ। ਰੁਜ਼ਗਾਰ ਦੇ ਨਵੇਂ ਮੌਕਿਆਂ ਦੀ ਨੌਜਵਾਨ ਪੀੜ੍ਹੀ ਉਡੀਕ ਕਰ ਰਹੀ ਹੈ। ਮਹਿੰਗਾਈ ਅਮਰਵੇਲ ਵਾਂਗ ਵਧ ਕੇ ਗ਼ਰੀਬਾਂ ਦੀ ਕਮਰ ਤੋੜ ਰਹੀ ਹੈ। ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਕੋਈ ਸੁਣਨ ਲਈ ਤਿਆਰ ਨਹੀਂ। ਕਹਿਣ ਦਾ ਭਾਵ ਇਹ ਕਿ ਸੱਤਾ ਵਿਚ ਆਉਣ ਤੋਂ ਬਾਅਦ ਵੀ ਅਣਗਿਣਤ ਚੁਣੌਤੀਆਂ ਐੱਨਡੀਏ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ। ਭਾਰਤੀ ਜਨਤਾ ਨੇ ਭਾਰਤੀ ਜਨਤਾ ਪਾਰਟੀ 'ਤੇ ਭਰੋਸਾ ਦਿਖਾਇਆ ਹੈ ਅਤੇ ਜਨਤਾ ਨੂੰ ਉਮੀਦ ਹੈ ਕਿ ਮੋਦੀ ਸਰਕਾਰ ਉਨ੍ਹਾਂ ਦੀਆਂ ਉਮੀਦਾਂ 'ਤੇ 100 ਫ਼ੀਸਦੀ ਖਰਾ ਉਤਰੇਗੀ।
-ਇੰਦਰਜੀਤ ਸਿੰਘ ਕਠਾਰ
-ਮੋਬਾਈਲ ਨੰ. : 97793-24972