ਤਿੰਨ ਸਾਢੇ ਤਿੰਨ ਘੰਟਿਆਂ ਵਿਚ ਅਸੀਂ ਮੋਹਾਲੀ ਤੋਂ ਬਠਿੰਡਾ ਪਹੁੰਚ ਗਏ। ਇਕ ਪੰਜ ਸਤਾਰਾ ਹੋਟਲ ਵਿਚ ਮੇਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ। ਥੋੜ੍ਹੀ ਦੇਰ ਉੱਥੇ ਰੁਕਣ ਤੋਂ ਬਾਅਦ ਕਾਰ ਫਿਰ ਪਹੁੰਚ ਗਈ। ਮੇਰੇ ਨਾਲ ਹੀ ਪ੍ਰਸਿੱਧ ਅਦਾਕਾਰ ਮਹਾਬੀਰ ਭੁੱਲਰ ਜੀ ਵੀ ਚੱਲ ਪਏ। ਉਨ੍ਹਾਂ ਨਾਲ ਫਿਲਮਾਂ, ਸਾਹਿਤ, ਸਮਾਜ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਖ਼ੂਬ ਗੱਲਾਂ-ਬਾਤਾਂ ਹੋਈਆਂ।
ਮੈਂ ਪਹਿਲਾਂ ਵੀ ਇਕ-ਦੋ ਵਾਰ ਭੁੱਲਰ ਹੁਰਾਂ ਨੂੰ ਮਿਲ ਚੁੱਕਾ ਸਾਂ। ਮੈਂ ਉਨ੍ਹਾਂ ਨੂੰ ਆਪਣੇ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਜਾਣ ਦਾ ਡਰ ਦੱਸਿਆ ਤਾਂ ਉਨ੍ਹਾਂ ਖ਼ੂਬ ਹੱਲਾਸ਼ੇਰੀ ਦਿੱਤੀ। ਜਿਵੇਂ-ਜਿਵੇਂ ਮੈਂ ਸੈੱਟ ਦੇ ਨੇੜੇ ਪਹੁੰਚ ਰਿਹਾ ਸਾਂ, ਮੇਰੇ ਸਾਹ ਤੇ ਦਿਲ ਦੀ ਧੜਕਨ, ਦੋਨੋਂ ਤੇਜ਼ ਹੁੰਦੇ ਜਾ ਰਹੇ ਸਨ। ਟਿਕ-ਟਿਕ ਦੀ ਆਵਾਜ਼ ਵੀ ਤੇਜ਼ ਤੇ ਭਾਰੀ ਹੁੰਦੀ ਜਾ ਰਹੀ ਸੀ। ਖ਼ੈਰ, ਮੈਂ ਸੈੱਟ ਉੱਪਰ ਪਹੁੰਚ ਗਿਆ।
ਮੈਨੂੰ ਵੈਨਿਟੀ ਕਾਰ ਵਿਚ ਹੋਰ ਅਹਿਮ ਅਦਾਕਾਰਾਂ ਵਾਂਗ ਵੱਖਰਾ ਕੈਬਿਨ ਦੇ ਦਿੱਤਾ ਗਿਆ। ਜਿਸ ਦਾ ਇਕ ਕਾਰਨ ਸ਼ਾਇਦ ਮੇਰਾ ਅਦਾਕਾਰ ਹੋਣ ਦੇ ਨਾਲ -ਨਾਲ ਵਾਮਿਕਾ ਗੱਬੀ ਦਾ ਪਿਤਾ ਹੋਣਾ ਵੀ ਸ਼ਾਮਲ ਸੀ। ਸ਼ੂਟਿੰਗ ਵਾਸਤੇ ਕੁਝ ਕੱਪੜੇ ਮੈਂ ਉਨ੍ਹਾਂ ਦੇ ਕਹਿਣ ਅਨੁਸਾਰ ਘਰ ਤੋਂ ਹੀ ਲੈ ਗਿਆ ਸੀ। ਕੁਝ ਘੜੀਆਂ ਬਾਅਦ ਹੀ ਮੈਨੂੰ ਇਕ ਪੈਂਟ-ਸ਼ਰਟ ਤੇ ਡਾਕਟਰ ਵਾਲਾ ਕੋਟ ਪਾਉਣ ਵਾਸਤੇ ਕਹਿ ਦਿੱਤਾ ਗਿਆ।
“ਗੱਬੀ ਜੀ, ਅੱਜ ਦਾ ਪਹਿਲਾ ਸ਼ਾਟ ਤੁਹਾਡਾ ਹੀ ਹੈ...ਮੈਂਡੀ ਤੇ ਜੋਬਨਪ੍ਰੀਤ ਨਾਲ...।” ਸਹਾਇਕ ਨਿਰਦੇਸ਼ਕ ਦੇ ਇਹ ਬੋਲ ਸੁਣਦੇ ਸਾਰ ਹੀ ਮੈਂ ਕੁਝ ਬੌਂਦਲਿਆ ਪਰ ਜਲਦੀ ਸੰਭਲ ਗਿਆ। “ਓ ਯਾਰ, ਮੈਂ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨ ਜਾ ਰਿਹਾਂ...ਖ਼ਿਆਲ ਰੱਖਣਾ ਜ਼ਰਾ...।” ਮੈਂ ਆਖਿਆ। ਉਨ੍ਹਾਂ ਕਿਹਾ, “ਕੁਝ ਨਹੀਂ ਹੁੰਦਾ ਅੰਕਲ ਜੀ...ਤੁਸੀਂ ਕਰ ਲਓਗੇ...।”ਇਸ ਦੌਰਾਨ ਮੈਂ ਵਾਮਿਕਾ ਸਮੇਤ ਕਿਸੇ ਨੂੰ ਵੀ ਫੋਨ ਨਹੀਂ ਕੀਤਾ। ਨਿਰਦੇਸ਼ਕ ਕਵੀ ਰਾਜ, ਮੈਂਡੀ, ਜੋਬਨਪ੍ਰੀਤ ਤੇ ਕੈਮਰਾ ਨਿਰਦੇਸ਼ਕ ਨਵਨੀਤ ਮਿਸ਼ਰ ਨੂੰ ਮੈਂ ਪਿਛਲੀ ਵਾਰ ਦੀ ਫੇਰੀ ਵਿਚ ਹੀ ਦੱਸ ਚੁੱਕਾ ਸੀ ਕਿ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨਾ ਹੈ। ਸੈੱਟ ਉੱਪਰ ਬਣੇ ਕਲੀਨਿਕ ਵਿੱਚ ਮੈਨੂੰ ਬੈਠਣ ਵਾਸਤੇ ਕਿਹਾ ਗਿਆ।
ਮੇਰੇ ਸਾਹਮਣੇ ਮੈਂਡੀ ਤੱਖੜ ਤੇ ਜੋਬਨਪ੍ਰੀਤ ਸਿੰਘ ਬੈਠ ਗਏ। ਮੇਰੇ ਸੰਵਾਦ ਬਾਰੇ ਨਿਰਦੇਸ਼ਕ ਤੇ ਹੋਰ ਮੈਂਬਰਾਂ ਨੇ ਮੈਨੂੰ ਸਮਝਾ ਦਿੱਤਾ। ਪਹਿਲਾਂ ਦੋ ਕੁ ਵਾਰ ਅਸਾਂ ਅਭਿਆਸ ਕੀਤਾ। ਉਹ ਮੈਂ ਲਗਪਗ ਸਹੀ ਨਿਭਾ ਗਿਆ। ਅਖ਼ੀਰ ਉਹ ਘੜੀ ਆ ਹੀ ਗਈ। ਜਦੋਂ ਨਿਰਦੇਸ਼ਕ ਦੀ ਆਵਾਜ਼ ਆਈ, “ਲਾਈਟਸ, ਕੈਮਰਾ ਐਂਡ ਐਕਸ਼ਨ...।”