ਜਿਉਂ-ਜਿਉਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਨੇਤਾਵਾਂ ’ਚ ‘ਆਇਆ ਰਾਮ ਗਿਆ ਰਾਮ’ ਦਾ ਰੌਲਾ ਜ਼ੋਰ ਫੜਦਾ ਜਾ ਰਿਹਾ ਹੈ। ਪਹਿਲਾਂ ਕੋਈ ਨੇਤਾ ਹਾਰ ਭਾਵੇਂ ਜਾਂਦਾ ਸੀ ਪਰ ਉਹ ਛੇਤੀ ਕਿਤੇ ਪਾਰਟੀ ਨਹੀਂ ਸੀ ਬਦਲਦਾ। ਅੱਜਕੱਲ੍ਹ ਸਾਰੇ ਹੀ ਨੇਤਾ ਇੱਕੋ ਹੀ ਥੈਲੀ ਦੇ ਚੱਟੇ-ਵੱਟੇ ਹਨ ਤੇ ਗਿਰਗਟ ਵਾਂਗੂ ਰੰਗ ਬਦਲ ਰਹੇ ਹਨ। ਹਰ ਨੇਤਾ ਕੁਰਸੀ ਨਾਲ ਇਸ ਤਰ੍ਹਾਂ ਚਿੰਬੜਿਆ ਹੋਇਆ ਹੈ ਕਿ ਕੁਰਸੀ ਤਾਂ ਉਸ ਨੂੰ ਛੱਡ ਰਹੀ ਹੈ ਪਰ ਉਹ ਕੁਰਸੀ ਨੂੰ ਨਹੀਂ ਛੱਡ ਰਿਹਾ। ਪਿਛਲੇ ਸਮਿਆਂ ’ਚ ਨੇਤਾਵਾਂ ਦਾ ਕਿਰਦਾਰ ਐਨਾ ਉੱਚਾ ਤੇ ਸੱਚਾ-ਸੁੱਚਾ ਹੁੰਦਾ ਸੀ ਕਿ ਲੋਕ ਉਨ੍ਹਾਂ ਨੂੰ ਸਿੱਕਿਆਂ ਤੇ ਲੱਡੂਆਂ ਨਾਲ ਤੋਲਦੇ ਸਨ। ਪਹਿਲਾਂ ਜਦ ਕਿਸੇ ਨੇਤਾ ਨੇ ਨੀਂਹ ਪੱਥਰ ਰੱਖਣ ਜਾਂ ਕਿਸੇ ਪ੍ਰਾਜੈਕਟ ਦਾ ਉਦਘਾਟਨ ਕਰਨ ਆਉਣਾ ਹੁੰਦਾ ਸੀ ਤਾਂ ਲੋਕ ਤੇ ਸਕੂਲਾਂ ਦੇ ਬੱਚੇ ਹੱਥ ’ਚ ਝੰਡੇ ਫੜ ਕੇ ਸੜਕ ਦੇ ਦੋਵੇ ਪਾਸੇ ਸਵਾਗਤ ਲਈ ਖੜ੍ਹੇ ਹੁੰਦੇ ਸਨ ਜਦਕਿ ਅੱਜਕੱਲ੍ਹ ਨੇਤਾਵਾਂ ਦਾ ਕਾਲੀਆਂ ਝੰਡੀਆਂ, ਜਲੂਸਾਂ ਤੇ ‘ਗੋ ਬੈਕ’ ਦੇ ਨਾਅਰਿਆਂ ਨਾਲ ਸਵਾਗਤ ਕੀਤਾ ਜਾਂਦਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਨੇਤਾ ਪੂਰੇ ਨਹੀਂ ਉੱਤਰ ਰਹੇ। ਸਾਈਕਲ ਦਾ ਸਟੈਂਡ ਤਾਂ ਹੁੰਦਾ ਹੈ ਪਰ ਨੇਤਾਵਾਂ ਦਾ ਕੋਈ ਸਟੈਂਡ ਨਹੀਂ। ਹੁਣ ਲੋਕਾਂ ਦੇ ਮੁਕਾਬਲੇ ਨੇਤਾ ਮਾੜੇ ਹਨ ਕਿਉਂਕਿ ਉਨ੍ਹਾਂ ਦੀ ਕਹਿਣੀ, ਕਰਨੀ ਤੇ ਨੀਤ ਮਾੜੀ ਹੈ। ਹਰ ਨੇਤਾ ਆਪਣੀ ਪਾਰਟੀ ਦੇ ਸੋਹਲੇ ਗਾ ਰਿਹਾ ਹੈ ਤੇ ਆਪਣੇ ਆਪ ਨੂੰ ਚੰਗਾ ਤੇ ਦੂਜਿਆਂ ਨੂੰ ਮਾੜਾ ਕਹਿਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਨਿੱਜੀ ਸਵਾਰਥਾਂ ਤੇ ਘਪਲਿਆਂ ਦੇ ਦੋਸ਼ਾਂ ਤੋਂ ਬਚਣ ਲਈ ਆਪਣੀ ਮਾਂ ਪਾਰਟੀ ਨੂੰ ਵੀ ਛੱਡਣ ਤੇ ਕੋਸਣ ਲੱਗਿਆਂ ਰਤਾ ਨਹੀਂ ਸੋਚਦੇ। ਨੇਤਾਵਾਂ ਦੀਆਂ ਨੀਤਾਂ ਐਨੀਆਂ ਮਾੜੀਆਂ ਹਨ ਕਿ ਉਹ ਲੋਕਾਂ ਦੇ ਭਲੇ ਦੀ ਬਜਾਏ ਲੋਕਾਂ ਨੂੰ ਲੁੱਟਣ ਤੇ ਕੁੱਟਣ ਲੱਗੇ ਹੋਏ ਹਨ। ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਇਕ ਦੂਜੇ ਨੂੰ ਜੱਫੀ ਪਾਈ ਅਖ਼ਬਾਰਾਂ ਤੇ ਚੈਨਲਾਂ ’ਚ ਵਿਖਾਏ ਗਏ ਹਨ ਜਦਕਿ ਛੇ ਮਹੀਨੇ ਪਹਿਲਾਂ ਇਨ੍ਹਾਂ ਦਾ ਇੱਟ ਕੁੱਤੇ ਵਾਲਾ ਵੈਰ ਸੀ। ਹਰ ਪਾਸੇ ਭ੍ਰਿਸ਼ਟਾਚਾਰ, ਨਸ਼ਿਆਂ ਤੇ ਬੇਰੁਜ਼ਗਾਰੀ ਦਾ ਬੋਲ-ਬਾਲਾ ਹੈ, ਜਿਸ ਲਈ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਾਡੇ ਨੇਤਾ ਹੀ ਜ਼ਿੰਮੇਵਾਰ ਹਨ। ‘ਅੰਨਾ ਵੰਡੇ ਰਿਉੜੀਆਂ ਮੁੜ- ਮੁੜ ਆਪਣਿਆਂ ਨੂੰ’ ਅਖਾਣ ਅਨੁਸਾਰ ਨੌਕਰੀਆਂ ਤੇ ਹੋਰ ਫ਼ਾੲਦੇ ਨੇਤਾਵਾਂ ਵੱਲੋਂ ਆਪਣਿਆਂ ਨੂੰ ਹੀ ਦਿੱਤੇ ਜਾ ਰਹੇ ਹਨ। ਕੋਈ ਵੀ ਮੰਤਰੀ ਜਿੰਨਾ ਮਰਜ਼ੀ ਵੱਡਾ ਘਪਲਾ ਕਰ ਲਵੇ, ਉਸ ਨੂੰ ਝੱਟ ਕਲੀਨ ਚਿੱਟ ਮਿਲ ਜਾਂਦੀ ਹੈ ਤੇ ਹੇਠਲੇ ਪੱਧਰ ਦੇ ਅਧਿਕਾਰੀ ਬਲੀ ਦਾ ਬੱਕਰਾ ਬਣਾਏ ਜਾਂਦੇ ਹਨ। ਆਪਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਨੇਤਾਵਾਂ ਦੀਆਂ ਚਾਪਲੂਸੀਆਂ ਤੇ ਲਾਰਿਆਂ, ਰਿਸ਼ਵਤਾਂ ਤੇ ਨਸ਼ਿਆਂ ਦੇ ਲਾਲਚ ’ਚ ਨਾ ਆਈਏ ਤੇ ਸਾਫ਼-ਸੁਥਰੇ ਕਿਰਦਾਰ ਵਾਲੇ ਇਮਾਨਦਾਰ, ਪੜ੍ਹੇ-ਲਿਖੇ ਤੇ ਨੌਜਵਾਨ ਉਮੀਦਵਾਰ ਚੁਣੀਏ ਤਾਂ ਕਿ ਆਪਾਂ ਨੂੰ ਪਿਛਲੇ ਸਾਲਾਂ ਵਾਂਗ ਮੁੜ ਸੰਤਾਪ ਨਾ ਭੋਗਣਾ ਪਵੇ।
-ਜਤਿੰਦਰ ਸਿੰਘ ਪਮਾਲ
ਮੋਬਾਈਲ : 98156-73477