-ਡਾ. ਧਰਮਪਾਲ ਸਾਹਿਲ
ਸੰਨ 1984 ਵਿਚ ਮੈਂ ਮੁਕੇਰੀਆਂ ਲਾਗੇ ਸਰਕਾਰੀ ਹਾਈ ਸਕੂਲ ਮਨਸੂਰਪੁਰ ਵਿਖੇ ਵਿਗਿਆਨ ਅਧਿਆਪਕ ਵਜੋਂ ਨਿਯੁਕਤ ਸੀ। ਸਾਡੇ ਸਕੂਲ ਦੀ ਮਾਪੇ-ਅਧਿਆਪਕ ਸੰਸਥਾ ਦੇ ਪ੍ਰਧਾਨ ਸਨ ਸ. ਸ਼ਾਮ ਸਿੰਘ। ਸਾਰੇ ਉਨ੍ਹਾਂ ਨੂੰ ਸਤਿਕਾਰ ਵਜੋਂ ਬਾਪੂ ਸ਼ਾਮ ਸਿੰਘ ਜੈ ਹਿੰਦ ਕਰਕੇ ਪੁਕਾਰਦੇ। ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਹੁੰਦਿਆਂ ਉਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੀ ਜੰਗ ਲੜੀ ਸੀ। ਉਨ੍ਹਾਂ ਦਾ ਸਾਰੇ ਇਲਾਕੇ ਵਿਚ ਬਹੁਤ ਮਾਣ-ਤਾਣ ਸੀ। ਉਹ ਸਕੂਲ ਲਈ ਤਨੋਂ-ਮਨੋਂ ਪੂਰੀ ਤਰ੍ਹਾਂ ਸਮਰਪਿਤ ਸਨ।
ਉਹ ਲਗਪਗ ਰੋਜ਼ ਹੀ ਸਕੂਲ ਗੇੜਾ ਮਾਰਦੇ। ਵਿਦਿਆਰਥੀ ਆਪਣੇ ਅਧਿਆਪਕਾਂ ਨਾਲੋਂ ਵੀ ਵੱਧ ਉਨ੍ਹਾਂ ਤੋਂ ਡਰਦੇ। ਮਜ਼ਾਲ ਹੈ ਜੇ ਕਿਸੇ ਵਿਦਿਆਰਥਣ ਜਾਂ ਮੈਡਮ ਦੇ ਸਿਰੋਂ ਦੁਪੱਟਾ ਖਿਸਕ ਜਾਵੇ। ਸਕੂਲ ਮੁਖੀ ਤੋਂ ਲੈ ਕੇ ਸਾਰੇ ਸਟਾਫ ਮੈਂਬਰ ਉਨ੍ਹਾਂ ਦੇ ਚਰਨ ਸਪਰਸ਼ ਕਰ ਕੇ ਅਸ਼ੀਰਵਾਦ ਪ੍ਰਾਪਤ ਕਰਦੇ। ਸਕੂਲ ਮੁਖੀ ਨਾਲੋਂ ਵੱਧ ਰੋਹਬ ਸਕੂਲ ਵਿਚ ਬਾਪੂ ਸ਼ਾਮ ਸਿੰਘ ਜੈ ਹਿੰਦ ਦਾ ਹੁੰਦਾ। ਉਹ ਸਕੂਲ ਮੁਖੀ ਜਾਂ ਸਟਾਫ ਨੂੰ ਉਨ੍ਹਾਂ ਦੀ ਕਿਸੇ ਗ਼ਲਤੀ ਦਾ ਅਹਿਸਾਸ ਕਰਾਉਣ ਦੀ ਹਿੰਮਤ ਰੱਖਦੇ ਸਨ।
ਉਹ ਜਿੰਨੇ ਅਨੁਸ਼ਾਸਨ ਪਸੰਦ ਸਨ , ਓਨੇ ਹੀ ਹੱਸਮੁੱਖ ਵੀ ਸਨ। ਉਨ੍ਹਾਂ ਨੂੰ ਗੱਲ ਬਹੁਤ ਫੁਰਦੀ ਸੀ ਅਤੇ ਬਹੁਤ ਹਾਜ਼ਰ ਜਵਾਬ ਵੀ ਸਨ। ਉਹ ਹਰ ਗੱਲ ਨੂੰ ਆਜ਼ਾਦ ਹਿੰਦ ਫ਼ੌਜ ਨਾਲ ਜੋੜ ਕੇ ਕੋਈ ਨਾ ਕੋਈ ਦਿਲਚਸਪ ਕਿੱਸਾ ਸੁਣਾਉਣਾ ਨਾ ਭੁੱਲਦੇ। ਢਲਦੀ ਉਮਰੇ ਪਤਨੀ ਦੇ ਵਿਛੋੜੇ ਉਪਰੰਤ ਉਨ੍ਹਾਂ ਨੇ ਆਪਣੇ-ਆਪ ਨੂੰ ਸਮਾਜ ਸੇਵਾ ਨਾਲ ਜੋੜ ਲਿਆ ਸੀ। ਉਨ੍ਹਾਂ ਦੇ ਬੱਚੇ ਵਿਦੇਸ਼ ਵਿਚ ਸਨ। ਉਹ ਕਿਸੇ ਨਾ ਕਿਸੇ ਗ਼ਰੀਬ ਘਰ ਦੀ ਬੱਚੀ ਨੂੰ ਆਪਣੇ ਬੇਟੀ ਵਜੋਂ ਗੋਦ ਲੈ ਲੈਂਦੇ।
ਉਸ ਨੂੰ ਪੜ੍ਹਾਉਦੇ-ਲਿਖਾਉਂਦੇ। ਫਿਰ ਸਮਾਂ ਆਉਣ ’ਤੇ ਆਪਣੀ ਧੀ ਵਾਂਗ ਆਪਣੇ ਹੱਥੀਂ ਉਸ ਦੀ ਡੋਲੀ ਤੋਰ ਦਿੰਦੇ। ਮਗਰੋਂ ਵੀ ਇਹ ਸਿਲਸਿਲਾ ਜਾਰੀ ਰਹਿੰਦਾ। ਸਕੂਲ ਵਿਚ ਕੋਈ ਨਾ ਕੋਈ ਉਸਾਰੀ ਦਾ ਕੰਮ ਚੱਲਿਆ ਰਹਿੰਦਾ। ਉਹ ਆਪ ਹੀ ਸਕੂਲ ਅਤੇ ਸਕੂਲ ਸਮੇਂ ਮਗਰੋਂ ਉਸਾਰੀ ਦੇ ਕੰਮ ਲਈ ਆਪਣਾ ਸਮਾਂ, ਊਰਜਾ ਅਤੇ ਪੈਸਾ ਖ਼ਰਚ ਕਰਦੇ। ਉਹ ਝਟਪਟ ਆਪਣੇ ਖੇਤ ਗਹਿਣੇ ਰੱਖ ਕੇ ਪੈਸੇ ਉਧਾਰ ਲੈ ਲੈਂਦੇ ਅਤੇ ਸਕੂਲ ਦੀ ਲੋੜ ਨੂੰ ਪ੍ਰਮੁੱਖ ਰੱਖਦਿਆਂ ਉਸਾਰੀ ਸ਼ੂਰੂ ਕਰਾ ਦਿੰਦੇ।
ਬਾਅਦ ਵਿਚ ਪੀਟੀਏ ਫੰਡ ਜਾਂ ਲੋਕਾਂ ਤੋਂ ਉਗਰਾਹੀ ਕਰ ਕੇ ਆਪਣੀ ਗਹਿਣੇ ਪਈ ਜ਼ਮੀਨ ਛੁਡਵਾ ਲੈਂਦੇ। ਸਕੂਲ ਮੁਖੀ ਜਾਂ ਸਟਾਫ ਮੂੰਹੋਂ ਸਕੂਲ ਦੀ ਕਿਸੇ ਲੋੜ ਦਾ ਪਤਾ ਲੱਗਦਿਆਂ ਹੀ ਉਹ ਪੱਬਾਂ ਭਾਰ ਹੋ ਜਾਂਦੇ। ਸਾਡੇ ਸਕੂਲ ਲਈ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸਨ। ਖਾਕਸਾਰ ਸਕੂਲ ਵਿਚ ਉਮਰ ਅਤੇ ਤਜਰਬੇ ਪੱਖੋਂ ਸਭ ਤੋਂ ਛੋਟਾ ਮੈਂਬਰ ਸੀ। ਉਹ ਮੇਰੇ ਨਾਲ ਬਹੁਤ ਸਨੇਹ ਕਰਦੇ ਸਨ ਅਤੇ ਪੀਟੀਏ ਦੀ ਕਾਰਵਾਈ ਲਈ ਮੈਨੂੰ ਵੀ ਨਾਲ ਜੋੜਿਆ ਹੋਇਆ ਸੀ। ਇਲਾਕੇ ਦੇ ਵਿਧਾਇਕ ਜਾਂ ਮੰਤਰੀ ਉਨ੍ਹਾਂ ਦੀ ਗੱਲ ਨਾ ਮੋੜਦੇ। ਇਲਾਕੇ ਦੀਆਂ ਕਈ ਪੰਚਾਇਤਾਂ ਅਤੇ ਸਕੂਲਾਂ ਵਾਲੇ ਇਸ ਗੱਲ ਦਾ ਹਿਰਖ ਕਰਦੇ ਕਿ ਕਾਸ਼ ਬਾਪੂ ਸ਼ਾਮ ਸਿੰਘ ਵਰਗਾ ਕੋਈ ਸਮਰਪਿਤ ਸਮਾਜ ਸੇਵੀ ਵਿਅਕਤੀ ਉਨ੍ਹਾਂ ਦੇ ਪਿੰਡ ਵਿਚ ਵੀ ਹੁੰਦਾ।
ਸੰਨ 1986 ਵਿਚ ਪੰਜਾਬ ਦੇ ਸਕੂਲਾਂ ਵਿਚ 10+2 ਸਿੱਖਿਆ ਪ੍ਰਣਾਲੀ ਸ਼ੁਰੂ ਹੋਈ ਤਾਂ ਬਾਪੂ ਸ਼ਾਮ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਸਾਡਾ ਹਾਈ ਸਕੂਲ ਵੀ 10+2 ਹੋ ਗਿਆ ਸੀ। ਉਸ ਸਕੂਲ ਤੋਂ ਦੂਰ-ਦੂਰ ਤਕ ਕੋਈ ਅਜਿਹਾ ਸਕੂਲ ਜਾਂ ਕਾਲਜ ਨਹੀਂ ਸੀ ਜਿੱਥੇ 10+2 ਵਿਚ ਸਾਇੰਸ ਗਰੱਪ ਚੱਲਦਾ ਹੋਵੇ। ਬਾਪੂ ਜੀ ਚਾਹੁੰਦੇ ਸਨ ਕਿ ਸਮੇਂ ਦੀ ਲੋੜ ਮੁਤਾਬਕ ਉਸ ਇਲਾਕੇ ਦੇ ਵਿਦਿਆਰਥੀ ਵੀ +1 ਅਤੇ +2 ਵਿਚ ਸਾਇੰਸ ਵਿਸ਼ੇ ਦੀ ਪੜ੍ਹਾਈ ਕਰਨ। ਇਸ ਲਈ ਉਹ ਸਕੂਲ ਵਿਚ ਸਾਇੰਸ ਗਰੁੱਪ ਲਿਆਉਣਾ ਚਾਹੁੰਦੇ ਸਨ।
ਉਨ੍ਹਾਂ ਨੇ ਇਲਾਕੇ ਦੀ ਸਿਰਕੱਢ ਸਿਆਸੀ ਹਸਤੀ ਅਤੇ ਮੌਕੇ ਦੇ ਵਿੱਤ ਮੰਤਰੀ ਡਾ. ਕੇਵਲ ਕਿ੍ਰਸ਼ਨ ਨੂੰ ਇਸ ਸਬੰਧ ਵਿਚ ਗੁਜ਼ਾਰਿਸ਼ ਕੀਤੀ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਸਕੂਲ ਵਿਚ 10+2 ਵਿਸ਼ੇ ਦੀਆਂ ਲੈਬੋਰਟਰੀਜ਼ ਤਿਆਰ ਕਰਾ ਲਈਆਂ ਜਾਣ। ਜਿੰਨੀ ਜਲਦੀ ਇਹ ਤਿਆਰ ਹੋ ਜਾਣਗੀਆਂ ਓਨੀ ਛੇਤੀ ਇਸ ਸਕੂਲ ਨੂੰ 10+2 ਸਾਇੰਸ ਗਰੁੱਪ ਵੀ ਮਿਲ ਜਾਵੇਗਾ। ਬਸ ਫਿਰ ਕੀ ਸੀ। ਬਾਪੂ ਜੀ ਨੇ ਝਟਪਟ ਪੀਟੀਏ ਦੀ ਹੰਗਾਮੀ ਮੀਟਿੰਗ ਸੱਦ ਲਈ।
ਲੈਬੋਰਟਰੀਜ਼ ਦੀ ਉਸਾਰੀ ਸਬੰਧੀ ਮਤਾ ਪਾਸ ਕੀਤਾ ਗਿਆ। ਡੀਏਵੀ ਸਕੂਲ ਦਸੂਹਾ ਦੀਆਂ ਲੈਬਜ਼ ਦਾ ਨਕਸ਼ਾ ਲਿਆਉਣ ਦੀ ਡਿਊਟੀ ਖਾਕਸਾਰ ਦੀ ਲਾਈ ਗਈ। ਐਸਟੀਮੇਟ ਲੁਆਇਆ ਗਿਆ। ਥਾਂ ਦੀ ਚੋਣ ਕੀਤੀ ਗਈ। ਫਿਰ ਇਕ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ। ਛੁੱਟੀਆਂ ਖ਼ਤਮ ਹੋਣ ’ਤੇ ਜਦੋਂ ਸਕੂਲ ਖੁੱਲੇ੍ਹ ਤਾਂ ਅਸੀਂ ਸਕੂਲੇ ਆ ਕੇ ਵੇਖਿਆ ਕਿ ਬਾਪੂ ਜੀ ਨੇ ਸਕੂਲ ਵਿਚ ਤਿੰਨ ਲੈਬੋਰਟਰੀਜ਼ ਦੀ ਉਸਾਰੀ ਮੁਕੰਮਲ ਕਰਾ ਲਈ ਸੀ। ਸਾਰੇ ਹੈਰਾਨ ਸਾਂ ਕਿ ਜਦੋਂ ਅਸੀਂ ਪਿੰਡਾ ਲੂਹ ਦੇਣ ਵਾਲੀ ਗਰਮੀ ਵਿਚ ਆਪਣੇ ਘਰਾਂ ਅੰਦਰ ਪੱਖਿਆਂ ਤੇ ਕੂਲਰਾਂ ਦੀ ਠੰਢੀ ਹਵਾ ਮਾਣ ਰਹੇ ਸੀ ਉਦੋਂ ਬਾਪੂ ਸ਼ਾਮ ਸਿੰਘ ਨੇ ਬੇਦਰਦ ਮੌਸਮ ਤੇ ਆਪਣੀ ਸਿਹਤ ਦੀ ਪਰਵਾਹ ਕੀਤੇ ਬਗ਼ੈਰ ਆਪਣੀ ਜਨੂੰਨੀ ਸੋਚ ਤਹਿਤ ਇਕੱਲਿਆਂ ਹੀ ਇਹ ਕੰਮ ਨੇਪਰੇ ਚੜ੍ਹਾ ਦਿੱਤਾ ਸੀ।
ਸਕੂਲ ਦੇ ਕਿਸੇ ਵੀ ਸਟਾਫ ਮੈਂਬਰ ਨੂੰ ਇਸ ਕੰਮ ਲਈ ਇਕ ਦਿਨ ਵੀ ਸਕੂਲੇ ਆਉਣ ਦਾ ਕਸ਼ਟ ਨਹੀਂ ਸੀ ਦਿੱਤਾ। ਨੀਹਾਂ ਤੋਂ ਲੈ ਕੇ ਲੈਂਟਰ ਅਤੇ ਤਿਆਰੀ ਦਾ ਸਾਰਾ ਕੰਮ ਉਨ੍ਹਾਂ ਨੇ ਇਕੱਲਿਆਂ ਹੀ ਸਾਂਭ ਲਿਆ ਸੀ। ਸਿਰਫ਼ ਲੈਬੋਰਟਰੀਜ਼ ਦੇ ਸਾਜ਼ੋ-ਸਾਮਾਨ ਦੀ ਲੋੜ ਰਹਿ ਗਈ ਸੀ। ਕਿੱਥੋਂ ਉਸਾਰੀ ਲਈ ਪੈਸੇ ਦਾ ਇੰਤਜ਼ਾਮ ਕੀਤਾ ਗਿਆ, ਕਿਵੇਂ ਇਮਾਰਤਸਾਜ਼ੀ ਦਾ ਸਾਮਾਨ ਮੰਗਵਾਇਆ ਗਿਆ ਤੇ ਕਿਵੇਂ ਮਿਸਤਰੀਆਂ-ਮਜ਼ਦੂਰਾਂ ਦਾ ਪ੍ਰਬੰਧ ਕੀਤਾ ਗਿਆ, ਸਾਨੂੰ ਕੁਝ ਨਹੀਂ ਸੀ ਪਤਾ।
ਉਹ ਹਰ ਸਮੇਂ ਉਨ੍ਹਾਂ ਦੇ ਸਿਰ ’ਤੇ ਖੜੇ੍ਹ ਹੋ ਕੇ ਕੰਮ ਦੀ ਦੇਖ-ਰੇਖ ਕਰਦੇ ਰਹਿੰਦੇ। ਉਨ੍ਹਾਂ ਨੇ ਉਸੇ ਸੈਸ਼ਨ ਵਿਚ ਸਕੂਲ ਵਿਚ ਸਾਇੰਸ ਗਰੁੱਪ ਸ਼ੁਰੂ ਕਰਨ ਦਾ ਤਹੱਈਆ ਕੀਤਾ ਹੋਇਆ ਸੀ। ਮਹੀਨੇ ਦੇ ਵਕਫੇ ਮਗਰੋਂ ਹੀ ਬਾਪੂ ਜੀ ਨਵੀਆਂ ਤਿਆਰ ਕੀਤੀਆਂ ਲੈਬੋਰਟਰੀਜ਼ ਦੀਆਂ ਫੋਟੋਆਂ ਲੈ ਕੇ ਮੁੜ ਵਿੱਤ ਮੰਤਰੀ ਕੋਲ ਪੁੱਜ ਗਏ ਸਨ ਤੇ ਵੇਖਦਿਆਂ ਹੀ ਵੇਖਦਿਆਂ ਸਾਡੇ ਸਕੂਲ ਨੂੰ 10+2 ਜਮਾਤਾਂ ਲਈ ਸਾਇੰਸ ਗਰੁੱਪ ਅਲਾਟ ਕਰਾ ਲਿਆ ਸੀ। ਅਸੀਂ ਉਸੇ ਸੈਸ਼ਨ ਤੋਂ ਸਾਇੰਸ ਗਰੁੱਪ ਵਿਚ ਦਾਖ਼ਲਾ ਕਰ ਕੇ 10+1 ਜਮਾਤ ਦੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਸੀ।
ਹਾਲਾਂਕਿ ਅਜੇ ਸਾਇੰਸ ਵਿਸ਼ੇ ਦੇ ਲੈਕਚਰਾਰ ਨਿਯੁਕਤ ਨਹੀਂ ਸਨ ਹੋਏ ਪਰ ਐੱਮਐੱਸਸੀ ਕੈਮਿਸਟਰੀ ਅਤੇ ਮੈਡੀਕਲ ਬੀਐੱਸਸੀ ਹੋਣ ਕਰ ਕੇ ਖਾਕਸਾਰ ਨੇ ਕੈਮਿਸਟਰੀ ਤੇ ਬਾਇਓ ਵਿਸ਼ੇ ਅਤੇ ਹੋਰ ਅਧਿਆਪਕਾਂ ਨੇ ਦੂਸਰੇ ਵਿਸ਼ੇ ਸਾਂਭ ਲਏ ਸਨ। ਹਾਲਾਂਕਿ ਇੰਜ ਸਾਡਾ ਵਰਕ ਲੋਡ ਕਾਫ਼ੀ ਵਧ ਗਿਆ ਸੀ ਪਰ ਬਾਪੂ ਸ਼ਾਮ ਸਿੰਘ ਜੀ ਦੇ ਸਕੂਲ ਲਈ ਸਿਰੜ, ਸਿਦਕ ਅਤੇ ਸਮਰਪਣ ਦੀ ਭਾਵਨਾ ਤੋਂ ਅਸੀਂ ਵੀ ਪ੍ਰੇਰਿਤ ਸੀ ਅਤੇ ਉਨ੍ਹਾਂ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਤਿਆਰ ਹੋ ਗਏ ਸੀ। ਬਾਅਦ ਵਿਚ ਪਿ੍ਰੰਸੀਪਲ ਵਜੋਂ ਪਦਉੱਨਤ ਹੋਣ ’ਤੇ ਬਾਪੂ ਜੀ ਹਮੇਸ਼ਾ ਮੇਰੇ ਪ੍ਰੇਰਣਾ ਸਰੋਤ ਬਣੇ ਰਹੇ। ਅੱਜ ਬੇਸ਼ੱਕ ਬਾਪੂ ਸਾਮ ਸਿੰਘ ਇਸ ਦੁਨੀਆ ਵਿਚ ਨਹੀਂ ਹਨ ਪਰ ਉਨ੍ਹਾਂ ਵੱਲੋਂ ਸਕੂਲ ਵਿਚ ਉਸਾਰਿਆ ‘‘ ਜੈ ਹਿੰਦ ਹਾਲ’’ ਵੇਖ ਕੇ ਅਜਿਹੇ ਕਰਮਯੋਗੀ ਇਨਸਾਨ ਲਈ ਸਿਰ ਸ਼ਰਧਾ ਨਾਲ ਨਤਮਸਤਕ ਹੋ ਜਾਂਦਾ ਹੈ।
-ਮੋਬਾਈਲ : 98761-56964
-response0jagran.com