ਕੁਦਰਤ ਦੀ ਅਨਮੋਲ ਦਾਤ ਪਾਣੀ ਦੀ ਮਨੁੱਖ ਦੇ ਅਖੌਤੀ ਵਿਕਾਸ ਨੇ ਅੰਨ੍ਹੀ ਲੁੱਟ ਕੀਤੀ ਹੈ ਜੋ ਅੱਜ ਵੀ ਜਾਰੀ ਹੈ। ਕੋਈ ਸਮਾਂ ਸੀ ਜਦੋਂ ਜ਼ਮੀਨ ’ਤੇ ਇਕ ਟੱਕ ਲਾਇਆਂ ਹੀ ਪਾਣੀ ਸਿਮ ਆਉਂਦਾ ਸੀ। ਉਸ ਸਮੇਂ ਲੋਕ ਖੂਹਾਂ ਤੋਂ ਪਾਣੀ ਵਰਤਦੇ ਸਨ। ਫਿਰ ਜਦੋਂ ਨਲਕੇ ਲੱਗੇ ਤਾਂ ਖੂਹਾਂ ਦਾ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਸੀ। ਫਿਰ ਸਬਮਰਸੀਬਲ ਮੋਟਰਾਂ ਦੇ ਲੱਗਣ ਨਾਲ ਨਲਕੇ ਬੰਦ ਹੋ ਗਏ। ਅੱਜ ਹਾਲਾਤ ਇਹ ਹਨ ਕਿ 250 ਜਾਂ 300 ਫੁੱਟ ਤਕ ਬੋਰ ਕੀਤਿਆਂ ਪਾਣੀ ਨਿਕਲਦਾ ਹੈ ਤੇ ਉਹ ਵੀ ਪੀਣਯੋਗ ਨਹੀਂ ਰਿਹਾ। ਹੁਣ ਲਗਪਗ 500 ਫੁੱਟ ’ਤੇ ਪਾਣੀ ਸਾਫ਼ ਮਿਲਦਾ ਹੈ। ਪਹਾੜਾਂ ਤੋਂ ਨਦੀਆਂ, ਨਹਿਰਾਂ ਅਤੇ ਦਰਿਆਵਾਂ ਰਾਹੀਂ ਆਉਂਦਾ ਪਾਣੀ ਪੀਣ ਅਤੇ ਫ਼ਸਲਾਂ ਲਈ ਵਰਤਿਆ ਜਾਂਦਾ ਹੈ। ਰੇਗਿਸਤਾਨ ਦੇ ਇਲਾਕਿਆਂ ਲਈ ਵਹਿੰਦਾ ਇਹ ਪਾਣੀ ਵਰਦਾਨ ਹੈ। ਸਤਲੁਜ ਦੇ ਰਸਤੇ ਵਿਚ ਪੈਂਦੇ ਸ਼ਹਿਰਾਂ ਦੇ ਨਾਲਿਆਂ ਅਤੇ ਫੈਕਟਰੀਆਂ ਦੇ ਗੰਦੇ ਪਾਣੀ ਨੇ ਉਸ ਦਾ ਪਾਣੀ ਪਲੀਤ ਕਰ ਦਿੱਤਾ ਹੈ ਜੋ ਨਾ ਪੀਣ ਦੇ ਕਾਬਲ ਰਿਹਾ ਅਤੇ ਨਾ ਹੀ ਫ਼ਸਲਾਂ ਲਈ ਸਿੰਚਾਈ-ਯੋਗ ਰਿਹਾ। ਦੂਜਾ, ਪੰਜਾਬ ਦੇ 138 ’ਚੋਂ 109 ਬਲਾਕਾਂ ਦਾ ਧਰਤੀ ਹੇਠਲਾ ਪਾਣੀ ਖ਼ਤਰਨਾਕ ਢੰਗ ਨਾਲ ਨੀਵਾਂ ਜਾ ਚੁੱਕਾ ਹੈ। ਇਸ ਮਕਸਦ ਲਈ ਬਣੀ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਕਿਹਾ ਹੈ ਕਿ ਆਉਣ ਵਾਲੇ 25 ਸਾਲਾਂ ਵਿਚ ਪੰਜਾਬ ਬੰਜਰ ਬਣ ਜਾਵੇਗਾ। ਸਾਡਾ ਜੀਵਨ ਪਾਣੀ ਤੋਂ ਬਿਨਾਂ ਅਸੰਭਵ ਹੈ। ਇਸ ਲਈ ਇਸ ਦੀ ਰਾਖੀ ਕਰਨਾ ਸਾਡਾ ਸਭ ਦਾ ਫ਼ਰਜ਼ ਹੈ। ਪਾਣੀ ਬਚਾਉਣ ਲਈ ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਕੁਝ ਉਪਾਅ ਕੀਤੇ ਜਾ ਸਕਦੇ ਹਨ। ਜਿਵੇਂ ਮੀਂਹ ਦੇ ਪਾਣੀ ਨੂੰ ਜ਼ਮੀਨ ਵਿਚ ਰੀਚਾਰਜ ਕਰਨ ਲਈ ਤਕਨੀਕ ਅਪਨਾਉਣਾ, ਤਲਾਬ ਬਣਾ ਕੇ ਬਾਰਿਸ਼ ਦਾ ਪਾਣੀ ਜਮ੍ਹਾ ਕਰਨਾ ਜੋ ਪਸ਼ੂਆਂ ਨੂੰ ਪਿਲਾਉਣ ਅਤੇ ਖੇਤੀ ਲਈ ਵਰਤਿਆ ਜਾ ਸਕਦਾ ਹੈ। ਦੂਜਾ, ਅਸੀਂ ਘਰ ਦੇ ਬਾਹਰ ਖ਼ਾਲੀ ਜਗ੍ਹਾ ’ਤੇ ਸਬਜ਼ੀਆਂ ਜਾਂ ਫੁੱਲਵਾੜੀ ਆਦਿ ਲਗਾਉਂਦੇ ਹਾਂ। ਘਰਾਂ ਵਿਚ ਪਸ਼ੂਆਂ ਨੂੰ ਨਹਾਉਣ ਵਾਲਾ ਸਥਾਨ ਇਸ ਢੰਗ ਨਾਲ ਬਣਿਆ ਹੋਣਾ ਚਾਹੀਦਾ ਹੈ ਜਿਸ ਦਾ ਪਾਣੀ ਘਰਾਂ ਵਿਚ ਲੱਗੀਆਂ ਸਬਜ਼ੀਆਂ ਦੀਆਂ ਖਾਲਾਂ, ਫੁੱਲਵਾੜੀ ਜਾਂ ਰੁੱਖਾਂ ਨੂੰ ਪਹੁੰਚ ਸਕੇ। ਪਸ਼ੂਆਂ ਨੂੰ ਮੋਟਰ ਨਾਲ ਲੱਗੀ ਸਿੱਧੀ ਪਾਈਪ ਨਾਲ ਨਹਾਉਣ ਦੀ ਥਾਂ ਚੁਬੱਚੇ ਵਿਚ ਪਾਣੀ ਭਰ ਕੇ ਕਿਸੇ ਕੱਪ ਜਾਂ ਕੈਨੀ ਨਾਲ ਨਹਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੋਟਰ ਗੱਡੀਆਂ ਜਾਂ ਫਰਸ਼ ਧੋਣ ਲਈ ਮੋਟਰ ’ਚੋਂ ਸਿੱਧੀ ਪਾਈਪ ਦੀ ਬਜਾਏ ਚੁਬੱਚੇ ਭਰ ਕੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਤੀਜਾ ਅਤੇ ਮੁੱਖ ਕੰਮ ਸਰਕਾਰ ਨੂੰ ਝੋਨੇ ਦਾ ਬਦਲ ਲੱਭ ਕੇ ਪਾਣੀ ਦੀ ਘੱਟ ਖਪਤ ਵਾਲੀਆਂ ਫ਼ਸਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਚੌਥਾ, ਨਹਿਰੀ ਪਾਣੀ ਨੂੰ ਸਾਫ਼-ਸੁਥਰੇ ਢੰਗ ਨਾਲ ਫ਼ਸਲਾਂ ਤੇ ਲੋਕਾਂ ਤਕ ਪੁੱਜਦਾ ਕਰਨ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਜਲ ਤੋਂ ਬਿਨਾਂ ਧਰਤੀ ਹਰਿਆਲੀ ਅਤੇ ਜੀਵ-ਜੰਤੂ ਰਹਿਤ ਹੋ ਜਾਵੇਗੀ। ਸੋ, ਪਾਣੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰਨ ਦੀ ਲੋੜ ਹੈ। -ਹਰਨੰਦ ਸਿੰਘ ਬੱਲਿਆਂਵਾਲਾ।